ਸੜਕ ਕਿਨਾਰੇ ਲੱਗਦੀਆਂ ਰਹੜੀਆਂ ਕਾਰਨ ਲੱਗ ਜਾਂਦਾ ਹੈ ਜਾਮ

ਐਸ.ਏ.ਐਸ ਨਗਰ 22 ਅਗਸਤ (ਆਰ.ਪੀ.ਵਾਲੀਆ) ਪਿੰਡ ਮੁਹਾਲੀ ਅਤੇ ਸਥਾਨਕ ਫੇਜ਼ 1 ਨੂੰ ਵੰਡਦੀ ਸੜਕ (ਖੋਖਾ ਮਾਰਕੀਟ ਦੇ ਸਾਮ੍ਹਣੇ ਵਾਲੀ) ਤੇ ਹਰ ਵੇਲੇ ਰੇਹੜੀਆਂ ਦੀ ਭਰਮਾਰ ਹੋਣ ਕਾਰਨ ਇੱਥੇ ਟ੍ਰੈਫਿਕ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੰਦੀ ਹੈ ਅਤੇ ਅਕਸਰ ਜਾਮ ਲੱਗਣ ਦੀ ਨੌਬਤ ਆ ਜਾਂਦੀ ਹੈ|
ਪਿੰਡ ਮੁਹਾਲੀ ਤੋਂ ਫੇਜ਼ 2 ਵੱਲ ਜਾਂਦੀ ਸੜਕ (ਜਿਸ ਉੱਤੇ ਪੀਰ ਦੀ ਮਜਾਰ ਸਥਿਤ ਹੈ) ਉੱਪਰ ਵੀ ਹਰ ਵੇਲੇ ਅਜਿਹੀਆਂ ਰੇਹੜੀਆਂ ਖੜ੍ਹੀਆਂ ਦਿਖਦੀਆਂ ਹਨ| ਇਹਨਾਂ ਵਿੱਚੋਂ ਜਿਆਦਾਤਰ ਰੇਹੜੀਆਂ ਸਬਜੀ ਅਤੇ ਫਰੂਟ ਆਦਿ ਦੀਆਂ ਹੀ ਹੁੰਦੀਆਂ ਹਨ ਜਿਹੜੀਆਂ ਜਿਆਦਾਤਰ ਸ਼ਾਮ ਵੇਲੇ ਲੱਗਦੀਆਂ ਹਨ ਅਤੇ ਇਹਨਾਂ ਤੋਂ ਖਰੀਦਦਾਰੀ ਕਰਨ ਦੇ ਚਾਹਵਾਨ ਸੜਕ ਤੇ ਹੀ ਆਪਣੀ ਗੱਡੀ ਖੜ੍ਹੀ ਕਰਕੇ ਸਾਮਾਨ ਖਰੀਦਣਾ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਸੜਕ ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ ਅਤੇ ਇੱਥੇ ਜਾਮ ਲਗਣ ਦੀ ਨੌਬਤ ਆ ਜਾਂਦੀ ਹੈ|
ਫੇਜ਼ 1 ਦੀ ਖੋਖਾ ਮਾਰਕੀਟ ਦੇ ਸਾਮ੍ਹਣੇ ਵਾਲੀ ਸੜਕ ਦੇ ਹਾਲਾਤ ਹੋਰ ਵੀ ਬਦਤਰ ਹਨ ਜਿੱਥੇ ਸੜਕ ਦੇ ਦੋਵੇਂ ਪਾਸੇ ਰੇਹੜੀ ਫੜੀ ਵਾਲਿਆਂ ਨੇ ਆਪਣੇ ਅੱਡੇ ਜਮਾਏ ਹੋਏ ਹਨ ਅਤੇ ਇਸ ਕਾਰਨ ਇੱਥੇ ਹਰ ਵੇਲੇ ਟ੍ਰੈਫਿਕ ਜਾਮ ਵਰਗੀ ਹਾਲਤ ਬਣੀ ਰਹਿੰਦੀ ਹੈ| ਇਹਨਾਂ ਰੇਹੜੀ ਫੜੀ ਵਾਲਿਆਂ ਕਾਰਨ ਮਾਹਕੀਟ ਵਿੱਚ ਖਰੀਦਦਾਰੀ ਕਰਨ ਲਈ ਆਉਣ ਵਾਲੇ ਲੋਕਾਂ ਨੂੰ ਆਪਣੇ ਵਾਹਨ ਖੜ੍ਹੇ ਕਰਨ ਦੀ ਥਾਂ ਨਹੀਂ ਮਿਲਦੀ ਜਿਸ ਕਾਰਨ ਜਿਆਦਾਤਰ ਵਿਅਕਤੀ ਸੜਕ ਦੇ ਕਿਨਾਰੇ ਆਪਣਾ ਵਾਹਨ ਖੜ੍ਹਾ ਕਰਕੇ ਅੰਦਰ ਮਾਰਕੀਟ ਵਿਚ ਖਰੀਦਦਾਰੀ ਕਰਨ ਚਲੇ ਜਾਂਦੇ ਹਨ ਅਤੇ ਪਿੱਛੋਂ ਆਵਾਜਾਈ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਰਹਿੰਦੀ ਹੈ|
ਲੋਕਾਂ ਨੇ ਮੰਗ ਕੀਤੀ ਹੈ ਕਿ ਇੱਥੋਂ ਇਹਨਾਂ ਰੇਹੜੀਆਂ ਨੂੰ ਹਟਾਟਿਆ ਜਾਵੇ ਤਾਂ ਕਿ ਆਵਾਜਾਈ ਵਿੱਚ ਮੁਸ਼ਕਿਲ ਨਾ ਆਵੇ|

Leave a Reply

Your email address will not be published. Required fields are marked *