ਸੜਕ ਤੋਂ ਫਿਸਲ ਕੇ ਬੱਸ ਦਰਖਤ ਨਾਲ ਟਕਰਾਈ, 17 ਵਿਅਕਤੀਆਂ ਦੀ ਮੌਤ

ਬੈਂਕਾਕ, 22 ਮਾਰਚ (ਸ.ਬ.) ਪੂਰਬੀ ਉਤਰੀ ਥਾਈਲੈਂਡ ਵਿਚ ਇਕ ਬੱਸ ਸੜਕ ਤੋਂ ਫਿਸਲ ਕੇ ਇਕ ਦਰਖਤ ਨਾਲ ਟਕਰਾ ਗਈ, ਜਿਸ ਵਿਚ ਘੱਟ ਤੋਂ ਘੱਟ 17 ਵਿਅਕਤੀ ਮਾਰੇ ਗਏ ਹਨ| ਜਦੋਂਕਿ ਦਰਜਨਾਂ ਹੋਰ ਜ਼ਖਮੀ ਹੋ ਗਏ ਹਨ| ਅਧਿਕਾਰੀਆਂ ਨੇ ਅੱਜ ਦੱਸਿਆ ਕਿ ਹਾਦਸਾ ਕੱਲ ਸ਼ਾਮ ਨੂੰ ਥਾਈਲੈਂਡ ਦੇ ਨਖੋਨ ਰਤਚਾਸੀਮਾ ਸੂਬੇ ਵਿਚ ਹੋਇਆ| ਇਸ ਡਬਲ ਡੇਕਰ ਬੱਸ ਰਾਹੀਂ ਕਰੀਬ 50 ਯਾਤਰੀ ਛੁੱਟੀਆਂ ਤੋਂ ਬਾਅਦ ਘਰ ਪਰਤ ਰਹੇ ਸਨ| ਸੂਬੇ ਦੀ ਐਮਰਜੈਂਸੀ ਮੈਡੀਕਲ ਸੇਵਾ ਦੇ ਇਕ ਅਧਿਕਾਰੀ ਨੇ ਪਛਾਣ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ, ‘ਫਿਲਹਾਲ 17 ਵਿਅਕਤੀ ਮਾਰੇ ਗਏ ਹਨ, ਜਦੋਂਕਿ 33 ਹੋਰ ਲੋਕ ਜ਼ਖਮੀ ਹਨ|
ਸਥਾਨਕ ਮੀਡੀਆ ਵਿਚ ਆਈਆਂ ਹਾਦਸੇ ਦੀਆਂ ਤਸਵੀਰਾਂ ਵਿਚ ਬੱਸ ਦਾ ਇਕ ਹਿੱਸਾ ਉਥੇ ਹੀ ਪਿਆ ਹੋਇਆ ਦਿਸ ਰਿਹਾ ਹੈ ਅਤੇ ਅਧਿਕਾਰੀ ਉਥੇ ਹੀ ਲਾਸ਼ਾਂ ਕੋਲ ਖੜ੍ਹੇ ਹਨ| ਅਧਿਕਾਰੀ ਨੇ ਦੱਸਿਆ ਕਿ ਜ਼ਖਮੀਆਂ ਵਿਚੋਂ ਕਰੀਬ 10 ਦੀ ਹਾਲਤ ਗੰਭੀਰ ਹੈ| ਉਨ੍ਹਾਂ ਦਾ ਨੇੜੇ ਦੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ| ਸੂਬੇ ਦੇ ਐਮਰਜੈਂਸੀ ਜਾਂਚ ਵਿਭਾਗ ਦੇ ਮੁਖੀ ਨੇ ਦੱਸਿਆ ਕਿ ਹੇਠਾਂ ਵੱਲ ਉਤਰ ਰਹੀ ਬੱਸ ਤੇ ਡਰਾਈਵਰ ਦਾ ਕੰਟਰੋਲ ਨਹੀਂ ਰਿਹਾ| ਇਸ ਨਾਲ ਬੱਸ ਫਿਸਲਦੀ ਹੋਈ ਇਕ ਦਰਖਤ ਨਾਲ ਜਾ ਟਕਰਾਈ| ਉਨ੍ਹਾਂ ਕਿਹਾ ਕਿ ਬੱਸ 2 ਹਿੱਸਿਆਂ ਵਿਚ ਵੰਡੀ ਗਈ ਸੀ| ਇਕ ਹੋਰ ਅਧਿਕਾਰੀ ਦਾ ਕਹਿਣਾ ਹੈ ਕਿ ਅਜਿਹਾ ਲੱਗਦਾ ਹੈ ਕਿ ਬੱਸ ਦੀ ਬਰੇਕ ਫੇਲ ਹੋ ਗਈ ਸੀ|

Leave a Reply

Your email address will not be published. Required fields are marked *