ਸੜਕ ਦੀ ਹਾਲਤ ਖਰਾਬ ਹੋਣ ਕਾਰਨ ਰਾਹਗੀਰ ਪ੍ਰੇਸ਼ਾਨ

ਐਸ ਏ ਐਸ ਨਗਰ, 23 ਜੂਨ (ਸ.ਬ.) ਸਥਾਨਕ ਪੀ ਟੀ ਐਲ ਚੌਂਕ ਤੋਂ ਉਦਯੋਗਿਕ ਖੇਤਰ ਨੂੰ ਜਾਂਦੀ ਸੜਕ ਦਾ ਬਹੁਤ ਬੁਰਾ ਹਾਲ ਹੈ, ਇਸ ਸੜਕ  ਦੀ ਹਾਲਤ ਵੇਖ ਕੇ ਇਸ ਤਰਾਂ ਲੱਗਦਾ ਹੈ ਜਿਵੇਂ ਇਸ ਸੜਕ ਦਾ ਕੋਈ ਵੀ ਵਾਲੀ ਵਾਰਸ ਨਾ ਹੋਵੇ| ਇਸ ਸੜਕ ਉਪਰ ਥਾਂ ਥਾਂ ਟੋਏ ਪਏ ਹੋਏ ਹਨ| ਇਹਨਾਂ ਟੋਇਆਂ ਵਿਚ ਬਰਸਾਤੀ ਪਾਣੀ ਅਜੇ ਤਕ ਖੜਾ ਹੈ|  ਇਹਨਾਂ ਟੋਇਆਂ ਵਿਚ ਡਿਗ ਕੇ ਕਈ ਵਾਹਨ ਚਾਲਕ ਸੱਟਾਂ ਖਾ ਚੁਕੇ ਹਨ| ਬਰਸਾਤਾਂ ਵਿਚ ਤਾਂ ਇਹ ਸੜਕ ਇਕ ਨਦੀ ਦਾ ਰੂਪ ਧਾਰ ਲੈਂਦੀ ਹੈ ਅਤੇ ਇਸ ਕਾਰਨ           ਅਨੇਕਾਂ ਹਾਦਸੇ ਵਾਪਰ ਜਾਂਦੇ ਹਨ|
ਇਸ ਸੜਕ ਉਪਰ ਪਹਿਲਾਂ ਪਾਈਪਾਂ ਪਾਉਣ ਦਾ ਕੰਮ ਚੱਲ ਰਿਹਾ ਸੀ ਜਿਸ ਕਾਰਨ ਕਾਫੀ ਸਮਾਂ ਇਹ ਸੜਕ ਬੰਦ ਰੱਖੀ ਗਈ| ਹੁਣ ਭਾਵੇਂ ਇਹ ਸੜਕ ਆਵਾਜਾਈ ਲਈ ਖੁਲੀ ਹੈ ਪਰ ਇਸ ਸੜਕ ਦੀ ਹਾਲਤ ਬਹੁਤ ਹੀ ਖਸਤਾ ਹੈ| ਇਸ ਤੋਂ ਇਲਾਵਾ ਉਦਯੋਗਿਕ ਖੇਤਰ ਦੀਆਂ ਹੋਰ ਸੜਕਾਂ ਦੀ ਵੀ ਹਾਲਤ ਬਹੁਤ ਖਰਾਬ ਹੈ, ਜਿਸ ਕਾਰਨ ਇਲਾਕਾ ਵਾਸੀਆਂ ਅਤੇ ਆਮ ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ|
ਉਦਯੋਗਿਕ ਖੇਤਰ ਦੀਆਂ ਸੜਕਾਂ ਦੇ ਕਿਨਾਰਿਆਂ ਉਪਰ ਗਾਜਰ ਬੂਟੀ ਬਹੁਤ ਵੱਡੀ ਮਾਤਰਾ ਵਿਚ ਉਗਿਆ ਹੋਇਆ ਹੈ, ਜਿਸ ਕਾਰਨ ਵਾਹਨ ਚਾਲਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ| ਗਾਜਰ ਬੂਟੀ ਅਤੇ ਹੋਰ ਜਹਿਰੀਲੀਆਂ ਝਾੜੀਆਂ ਕਾਰਨ ਦੂਜੇ ਪਾਸੇ ਤੋਂ ਆਂਉਂਦੇ ਵਾਹਨ ਦਿਖਾਈ ਨਹੀਂ ਦਿੰਦੇ ਜਿਸ ਕਰਕੇ ਇਸ ਸੜਕ ਉਪਰ ਹਾਦਸੇ ਵਾਪਰ ਜਾਂਦੇ ਹਨ|
ਮੁਹਾਲੀ ਇੰਡਸਟ੍ਰੀਜ  ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਉਹ ਇਸ ਸੜਕ  ਅਤੇ ਹੋਰ ਸੜਕਾਂ ਦੀ ਹਾਲਤ ਵਿਚ ਸੁਧਾਰ ਲਈ ਕਈ ਵਾਰ ਅਧਿਕਾਰੀਆਂ ਤਕ ਪਹੁੰਚ ਕਰ ਚੁਕੇ ਹਨ ਪਰ ਕਿਸੇ ਵੀ ਅਧਿਕਾਰੀ ਨੇ ਇਹਨਾਂ ਸੜਕਾਂ ਦੀ ਹਾਲਤ ਵਿਚ ਸੁਧਾਰ ਲਈ ਕੋਈ ਯਤਨ ਨਹੀਂ ਕੀਤਾ, ਜਿਸ ਕਾਰਨ ਇਹਨਾਂ ਸੜਕਾਂ ਦੀ ਹਾਲਤ ਦਿਨੋ ਦਿਨ ਹੋਰ ਖਸਤਾ ਹੁੰਦੀ ਜਾ ਰਹੀ ਹੈ ਅਤੇ ਸੜਕ ਦੀ ਹਾਲਤ ਖਰਾਬ ਹੋਣ ਕਰਕੇ ਹਰ ਦਿਨ ਹੀ ਹਾਦਸੇ ਵਾਪਰ ਰਹੇ ਹਨ ਪਰ ਪ੍ਰਸ਼ਾਸਨਿਕ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ ਅਤੇ ਉਹਨਾਂ ਵਲੋਂ ਇਸ ਸੜਕ ਦੀ ਹਾਲਤ ਵਿਚ ਸੁਧਾਰ ਲਈ ਕੋਈ ਕਦਮ ਨਹੀਂ ਚੁਕੇ ਜਾ ਰਹੇ|
ਇਸੇ ਦੌਰਾਨ ਭਾਜਪਾ ਆਗੂ ਅਮਨ  ਮੁੰਡੀ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਦੀ ਹਾਲਤ ਨੂੰ ਤੁਰੰਤ ਸੁਧਾਰਿਆ ਜਾਵੇ ਤਾਂ ਕਿ ਰਾਹਗੀਰਾਂ ਨੂੰ ਰਾਹਤ ਮਿਲ ਸਕੇ|

Leave a Reply

Your email address will not be published. Required fields are marked *