ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੀ ਮੌਤ

ਗਿੱਦੜਬਾਹਾ, 16 ਦਸੰਬਰ (ਸ.ਬ.) ਗਿੱਦੜਬਾਹਾ-ਬਠਿੰਡਾ ਰੋਡ ਤੇ ਸਥਿਤ ਰਾਹਤ ਫਾਊਂਡੇਸ਼ਨ ਦੀ ਹਾਈਟੈਕ ਪੋਸਟ ਨੇੜੇ ਅੱਜ ਸਵੇਰੇ ਵਾਪਰੇ ਸੜਕ ਹਾਦਸੇ ਵਿੱਚ ਮੋਟਰ ਸਾਈਕਲ ਸਵਾਰ ਇਕ ਵਿਅਕਤੀ ਅਤੇ ਉਸਦੀ ਇਕ ਭੇਡ ਦੀ ਮੌਤ ਹੋ ਗਈ ਜਦੋਂਕਿ ਇਕ ਭੇਡ ਅਤੇ 3 ਬੱਕਰੀਆਂ ਨੂੰ ਸੱਟਾਂ ਲੱਗੀਆਂ| ਪ੍ਰਾਪਤ ਜਾਣਕਾਰੀ ਅਨੁਸਾਰ ਓਮ ਪ੍ਰਕਾਸ਼ ਪੁੱਤਰ ਬੱਗਾ ਰਾਮ ਵਾਸੀ ਪਿੰਡ ਕੰਧਵਾਲਾ (ਅਬੋਹਰ) ਆਪਣੇ ਮੋਟਰਸਾਈਕਲ ਤੇ 3 ਬੱਕਰੀਆਂ ਅਤੇ 2 ਭੇਡਾਂ ਲੱਦ ਕੇ ਪਿੰਡ ਕੰਧਵਾਲਾ ਤੋਂ ਬਠਿੰਡਾ ਵੱਲ ਜਾ ਰਿਹਾ ਸੀ ਕਿ ਹਾਈਟੈਕ ਪੋਸਟ ਨੇੜੇ ਇਕ ਅਣਪਛਾਤੇ ਵਾਹਨ ਨੇ ਉਸਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਮੋਟਰਸਾਈਕਲ ਚਾਲਕ ਓਮ ਪ੍ਰਕਾਸ਼ ਅਤੇ ਉਸਦੀ ਇਕ ਭੇਡ ਦੀ ਮੌਕੇ ਤੇ ਹੀ ਮੌਤ ਹੋ ਗਈ|
ਘਟਨਾ ਦੀ ਸੂਚਨਾ ਮਿਲਣ ਤੇ ਰਾਹਤ ਫਾਊਂਡੇਸ਼ਨ ਦੇ ਪ੍ਰਵੀਨ ਬਾਂਸਲ, ਮਨੀਸ਼ ਵਰਮਾ ਅਤੇ ਹਰਦਿਆਲ ਸਿੰਘ ਫੌਜੀ ਸਮੇਤ ਪੀ.ਸੀ.ਆਰ. ਮੌਕੇ ਤੇ ਪੁੱਜੇ ਅਤੇ ਉਨ੍ਹਾਂ ਮ੍ਰਿਤਕ ਓਮ ਪ੍ਰਕਾਸ਼ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਪਹੁੰਚਾਇਆ| ਦੂਜੇ ਪਾਸੇ ਪੀ.ਸੀ.ਆਰ. ਵੱਲੋਂ ਹਾਦਸੇ ਤੋਂ ਕੁਝ ਦੂਰੀ ਤੇ ਖੜ੍ਹੇ ਇਕ ਟਰਾਲਾ ਚਾਲਕ ਨੂੰ ਸ਼ੱਕ ਦੇ ਆਧਾਰ ਤੇ ਥਾਣੇ ਵਿਖੇ ਲਿਆਂਦਾ ਗਿਆ ਜਿਸ ਬਾਰੇ ਮੰਨਿਆ ਜਾ ਰਿਹਾ ਹੈ ਕਿ ਉਕਤ ਹਾਦਸਾ ਇਸ ਟਰਾਲੇ ਕਾਰਨ ਪੇਸ਼ ਆਇਆ ਹੋਵੇ| ਫਿਲਹਾਲ ਇਸ ਸੰਬੰਧੀ ਪੁਲੀਸ ਤਫਤੀਸ਼ ਕਰ ਰਹੀ ਹੈ|

Leave a Reply

Your email address will not be published. Required fields are marked *