ਸੜਕ ਹਾਦਸੇ ਵਿੱਚ ਪਤੀ, ਪਤਨੀ ਅਤੇ ਬੇਟੀ ਦੀ ਮੌਤ, ਦੋ ਬੇਟੇ ਜ਼ਖਮੀ

ਕੁਹਾੜਾ, 21 ਅਕਤੂਬਰ (ਸ.ਬ.) ਲੁਧਿਆਣਾ- ਚੰਡੀਗੜ੍ਹ ਮੁੱਖ ਮਾਰਗ ਤੇ ਪਿੰਡ ਚੱਕ ਸਰਵਣ ਨਾਥ ਦੇ ਨੇੜੇ ਸਵੇਰੇ 8.30 ਵਜੇ ਦੇ ਕਰੀਬ ਇੱਕ ਭਿਆਨਕ ਸੜਕ ਹਾਦਸੇ ਵਿਚ ਪਤੀ, ਪਤਨੀ ਅਤੇ ਉਨ੍ਹਾਂ ਦੀ ਇੱਕ ਧੀ ਦੀ ਮੌਤ ਹੋ ਗਈ, ਜਦੋਂ ਕਿ ਦੋ ਪੁੱਤਰ ਗੰਭੀਰ ਜ਼ਖਮੀ ਹੋ ਗਏ| ਸੂਚਨਾ ਮਿਲਦੇ ਹੀ ਪੁਲੀਸ ਚੌਕੀ ਕਟਾਣੀ ਕਲਾਂ ਦੇ ਇੰਚਾਰਜ ਪਰਮਜੀਤ ਸਿੰਘ ਆਪਣੇ ਕਰਮਚਾਰੀਆਂ ਜਸਵੀਰ ਸਿੰਘ , ਸੁਖਦੇਵ ਸਿੰਘ ਅਤੇ ਗੁਰਨਾਮ ਸਿੰਘ ਸਮੇਤ ਮੌਕੇ ਤੇ ਪੁੱਜ ਗਏ|
ਉਨ੍ਹਾਂ ਨੇ ਜ਼ਖਮੀਆਂ ਨੂੰ ਕਾਰ ਦੇ ਸ਼ੀਸ਼ੇ ਤੋੜ ਕੇ ਕਾਰ ਵਿਚੋਂ ਕੱਢਿਆ| ਮਿਲੀ ਸੂਚਨਾ ਅਨੁਸਾਰ ਗੁਰਜਿੰਦਰ ਸਿੰਘ (42 ਦੇ ਲਗਭਗ) ਪੁੱਤਰ ਰਾਮ ਸਿੰਘ ਵਾਸੀ ਸੀਲੋਂ ਕਲਾਂ ਜ਼ਿਲ੍ਹਾ ਲੁਧਿਆਣਾ ਆਪਣੀ ਕਾਰ ਵਿਚ ਆਪਣੀ ਪਤਨੀ ਅਨੁਰਾਧਾ (40 ਦੇ ਲਗਭਗ ) ਇੱਕ ਧੀ ਲਵਪ੍ਰੀਤ (16) ਅਤੇ ਦੋ ਪੁੱਤਰਾਂ ਮਨਪ੍ਰੀਤ ਸਿੰਘ(14) ਅਤੇ ਓਂਕਾਰ(7) ਨਾਲ ਸਵਾਰ ਹੋ ਕੇ ਸੀਲੋਂ ਤੋਂ ਬਰਾਸਤਾ ਕੁਹਾੜਾ ਸਮਰਾਲਾ ਨੂੰ ਜਾ ਰਹੇ ਸਨ| ਅਨੁਰਾਧਾ ਨੇ ਸਮਰਾਲਾ ਪੁੱਜ ਕੇ ਆਪਣੇ ਭਰਾ ਨੂੰ ਟਿੱਕਾ ਲਗਾ ਕੇ ਭਾਈ ਦੂਜ ਦਾ ਤਿਉਹਾਰ ਮਨਾਉਣਾ ਸੀ| ਪਰ, ਬੁਰੀ ਕਿਸਮਤ ਨਾਲ ਉਨ੍ਹਾਂ ਦੀ ਕਾਰ ਸਾਹਮਣੇ ਤੋਂ ਆਉਂਦੀ ਤੇਜ਼ ਰਫ਼ਤਾਰ ਪੀ. ਆਰ .ਟੀ .ਸੀ ਫ਼ਰੀਦਕੋਟ ਡੀਪੂ ਦੀ ਬੱਸ ਦੀ ਲਪੇਟ ਵਿਚ ਆ ਗਈ| ਪੁਲੀਸ ਵੱਲੋਂ ਮਿਲੀ ਸੂਚਨਾ ਅਨੁਸਾਰ ਉਨ੍ਹਾਂ ਵੱਲੋਂ ਐਂਬੂਲੈਂਸ ਵਿਚ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਕਿ ਗੁਰਜਿੰਦਰ ਸਿੰਘ ਅਤੇ ਉਸ ਦੀ ਪਤਨੀ ਅਨੁਰਾਧਾ ਰਸਤੇ ਵਿਚ ਹੀ ਦਮ ਤੋੜ ਗਏ| ਉਨ੍ਹਾਂ ਦੀ ਧੀ ਲਵਪ੍ਰੀਤ ਕੁੱਝ ਸਮਾਂ ਹਸਪਤਾਲ ਵਿਚ ਦਾਖਲ ਰਹਿਣ ਉਪਰੰਤ ਜ਼ਖ਼ਮਾਂ ਦੀ ਤਾਬ ਨਾ ਝੱਲਦੀ ਹੋਈ ਦਮ ਤੋੜ ਗਈ| ਬੱਸ ਦਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ | ਹਵਾਲਦਾਰ ਮੁਨਸ਼ੀ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲੀਸ ਫ਼ਰਾਰ ਬੱਸ ਚਾਲਕ ਦੀ ਤਲਾਸ਼ ਕਰ ਰਹੀ ਹੈ| ਪੁਲੀਸ ਨੇ ਮੁਕੱਦਮਾ ਦਰਜ ਕਰਕੇ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ|

Leave a Reply

Your email address will not be published. Required fields are marked *