ਸੜਕ ਹਾਦਸੇ ਵਿੱਚ 2 ਵਿਅਕਤੀ ਗੰਭੀਰ ਜ਼ਖ਼ਮੀ
ਟਾਂਡਾ ਉੜਮੁੜ, 6 ਜਨਵਰੀ (ਸ.ਬ.) ਜਲੰਧਰ- ਪਠਾਨਕੋਟ ਰਾਸ਼ਟਰੀ ਮਾਰਗ ਤੇ ਹਰਸੀ ਪਿੰਡ ਮੋੜ ਨਜ਼ਦੀਕ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਕਾਰ ਅਤੇ ਸਕੂਟੀ ਸਵਾਰ 2 ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਹਾਦਸਾ ਸਵੇਰੇ ਉਸ ਸਮੇਂ ਵਾਪਰਿਆ ਜਦੋਂ ਆਲਟੋ ਕਾਰ ਸਵਾਰ ਕਮਲਜੀਤ ਸਿੰਘ ਵਾਸੀ ਪਿੰਡ ਭਤੀਜਾ (ਜਲੰਧਰ) ਪਠਾਨਕੋਟ ਵੱਲ ਜਾ ਰਿਹਾ ਸੀ ਕਿ ਅਚਾਨਕ ਹੀ ਸਕੂਟੀ ਸਵਾਰ ਪਰਦੀਪ ਸਿੰਘ ਵਾਸੀ ਤਾਜਪੁਰ (ਹਰਿਆਣਾ) ਦੀ ਸਕੂਟਰੀ ਅਤੇ ਕਾਰ ਅੱਗੇ ਗੰਨਿਆਂ ਵਾਲੀ ਟਰੈਕਟਰ-ਟਰਾਲੀ ਮੂਹਰੇ ਆਉਣ ਕਾਰਨ ਬੇਕਾਬੂ ਹੋ ਕੇ ਜਾ ਟਕਰਾਇਆ।
ਇਹ ਹਾਦਸਾ ਇੰਨਾ ਭਿਆਨਕ ਸੀ ਕਿ ਸਕੂਟੀ ਸਵਾਰ ਸੜਕ ਕੰਢੇ ਲੱਗੇ ਦਰੱਖ਼ਤਾਂ ਵਿੱਚ ਟਕਰਾਉਣ ਉਪਰੰਤ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ ਅਤੇ ਖਤਾਨਾਂ ਵਿੱਚ ਜਾ ਡਿੱਗੀ। ਕਾਰ ਵੀ ਬੇਕਾਬੂ ਹੋ ਕੇ ਰਾਸ਼ਟਰੀ ਮਾਰਗ ਨਜ਼ਦੀਕ ਬਣੀ ਪੁਲੀ ਦੀ ਕੰਧ ਨਾਲ ਟਕਰਾਉਣ ਉਪਰੰਤ ਕੰਧ ਨੂੰ ਬੁਰੀ ਤਰ੍ਹਾਂ ਤੋੜ ਕੇ ਖਤਾਨਾਂ ਵਿੱਚ ਜਾ ਡਿੱਗੀ। ਗਨੀਮਤ ਇਹ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਜ਼ਖ਼ਮੀਆਂ ਨੂੰ ਤੁਰੰਤ ਹੀ ਸਰਬੱਤ ਦਾ ਭਲਾ ਸੇਵਾ ਸੋਸਾਇਟੀ ਮੂਨਕ ਕਲਾਂ ਦੇ ਵਾਲੰਟੀਅਰ ਪ੍ਰਦੀਪ ਸਿੰਘ ਨੇ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ। ਟਾਂਡਾ ਪੁਲੀਸ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।