ਸੜਕ ਹਾਦਸੇ ਵਿੱਚ 8 ਵਿਅਕਤੀਆਂ ਦੀ ਮੌਤ, 2 ਜ਼ਖਮੀ

ਓਡੀਸ਼ਾ, 10 ਜੂਨ (ਸ.ਬ.)  ਜਗਤਸਿੰਘਪੁਰ ਵਿੱਚ ਅੱਜ ਇਕ ਟਰੱਕ ਅਤੇ ਆਟੋ ਰਿਕਸ਼ਾ ਦੀ ਟੱਕਰ ਵਿੱਚ 8 ਲੋਕਾਂ ਦੀ ਮੌਤ ਹੋ ਗਈ ਅਤੇ 2 ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ| ਜਗਤਸਿੰਘਪੁਰ ਪੁਲੀਸ ਥਾਣੇ ਦੇ ਇੰਚਾਰਜ ਪੁਲੀਸ ਅਧਿਕਾਰੀ ਰਜਨੀਤਕਾਂਤ ਮਿਸ਼ਰਾ ਨੇ ਦੱਸਿਆ ਕਿ ਇਹ ਹਾਦਸਾ ਚੰਡੋਲ ਵਿੱਚ ਉਸ ਸਮੇਂ ਹੋਇਆ, ਜਦੋਂ ਮਾਛਾਗਾਓਂ ਦੇ ਰਹਿਣ ਵਾਲੇ ਲੋਕ ਨੇਮਾਲਾ ਤੋਂ ‘ਇਸ਼ਨਾਨ ਪੂਰਨਿਮਾ’ ਸਮਾਰੋਹ ਤੋਂ ਵਾਪਸ ਆ ਰਹੇ ਸਨ| ਉਨ੍ਹਾਂ ਦੱਸਿਆ ਕਿ ਇਕ ਕਿਸ਼ੋਰ ਸਮੇਤ 7 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂਕਿ ਇਕ ਹੋਰ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ| ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜ਼ਖਮੀਆਂ ਨੂੰ ਪਹਿਲਾਂ ਜ਼ਿਲਾ ਹੈਡ ਕੁਆਰਟਰ ਹਸਪਤਾਲ ਲਿਜਾਇਆ ਗਿਆ ਪਰ ਬਾਅਦ ਵਿੱਚ ਉਨ੍ਹਾਂ ਦੀ ਗੰਭੀਰ ਸਥਿਤੀ ਨੂੰ ਦੇਖਦਿਆਂ ਉਨ੍ਹਾਂ ਨੂੰ ਕਟਕ ਦੇ ਐਸ.ਸੀ.ਬੀ. ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ|
ਟਰੱਕ ਦਾ ਚਾਲਕ ਮੌਕੇ ਤੇ ਫਰਾਰ ਹੋ ਗਿਆ| ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ| ਨਾਰਾਜ਼ ਲੋਕਾਂ ਨੇ ਹਾਦਸੇ ਵਿੱਚ ਮਾਰੇ ਗਏ ਅਤੇ ਜ਼ਖਮੀਆਂ ਲਈ ਮੁਆਵਜ਼ੇ ਦੀ ਮੰਗ ਤੇ ਚੰਡੋਲ ਦੇ ਕਰੀਬ ਜਗਤਸਿੰਘਪੁਰ-ਮਾਛਾਗਾਓਂ ਸੜਕ ਨੂੰ ਰੋਕ ਦਿੱਤਾ| ਇਸ ਤੋਂ ਇਲਾਵਾ ਇਹ ਲੋਕ ਟਰੱਕ ਚਾਲਕ ਨੂੰ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਵੀ ਕਰ ਰਹੇ ਹਨ| ਕਾਨੂੰਨ ਵਿਵਸਥਾ ਬਰਕਰਾਰ ਰੱਖਣ ਅਤੇ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਪੂਰੇ ਇਲਾਕੇ ਵਿੱਚ ਪੁਲੀਸ ਫੋਰਸ ਤਾਇਨਾਤ ਕਰ ਦਿੱਤੀ ਗਈ ਸੀ|

Leave a Reply

Your email address will not be published. Required fields are marked *