ਸੰਜੀਵਨ ਦੇ ਨਵ-ਲਿਖਤ ਨਾਟਕ ‘ਦੇਸੀ’ ਦਾ ਮੰਚਣ

ਐਸ ਏ ਐਸ ਨਗਰ, 22 ਫਰਵਰੀ (ਸ.ਬ.) ਸੰਜੀਵਨ ਸਿੰਘ ਦਾ ਨਵ-ਲਿਖਤ ਪੰਜਾਬੀ ਨਾਟਕ ‘ਦੇਸੀ’ ਦਾ ਮੰਚਣ ਟੈਗੌਰ ਥੀਏਟਰ, ਚੰਡੀਗੜ੍ਹ ਵਿਖੇ ਹੋਇਆ| ਨਾਟਕ ‘ਦੇਸੀ’ ਸੰਸਾਰ ਪ੍ਰਸਿੱਧ ਲੇਖਕ ਨਿਕੋਸ ਕਜ਼ਾਨਜ਼ਾਕਿਸ ਦੇ ਵਿਸ਼ਵੀ ਕਲਾਸਿਕ ਸਾਹਿਤ ਵਿਚ ਸ਼ੁਮਾਰ ਨਾਵਲ ‘ਜ਼ੋਰਬਾ ਦ ਗਰੀਕ’ ਤੋਂ ਪ੍ਰਭਾਵਿਤ ਹੈ| ਜਿਸਦਾ ਮੰਚਣ ਸਰਘੀ ਕਲਾ ਕੇਂਦਰ ਮੁਹਾਲੀ ਵੱਲੋਂ ਸੰਗੀਤ ਨਾਟਕ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ ਕੀਤਾ ਗਿਆ| ਇਹ ਨਾਵਲ ਗਰੀਕ ਦੇ ਸਭਿਆਚਾਰ ਅਤੇ ਪਿੱਠ-ਭੂਮੀ ਮੁਤਾਬਿਕ ਹੈ ਪਰ ਨਾਟਕਕਾਰ ਨੇ ਨਾਟਕ ਨੂੰ ਪੰਜਾਬੀ ਪਿੱਠ-ਭੂਮੀ ਅਤੇ ਸਭਿਆਚਾਰ ਮੁਤਾਬਿਕ ਬਾਖੂਬੀ ਢਾਲਿਆ| ਨਾਟਕ ‘ਦੇਸੀ’ ਇਕ ਅਜਿਹੇ ਹੀ ਇਨਸਾਨ ਦੀ ਗਾਥਾ ਹੈ| ਜੋ ਅਣਪੜ, ਸਿੱਧਾ-ਸਾਦਾ, ਆਰਿਥਕ ਥੁੜਾਂ ਦਾ ਝੰਬਿਆ ਹੋਇਆ ਅਤੇ ਜਿਸਮਾਨੀ ਕਿਰਤੀ ਹੋਣ ਦੇ ਬਾਵਜੂਦ ਜ਼ਿੰਦਗੀ ਦੀਆਂ ਬਾਰੀਕੀਆਂ ਅਤੇ ਸੂਖਮਤਾਵਾਂ ਨੂੰ ਬਾਖੂਬੀ ਸਮਝਦਾ ਹੈ| ਉਹ ਕਲਮਕਾਰ, ਪੜ੍ਹੇ-ਲਿਖੇ, ਸਰਦੇ-ਪੁੱਜਦੇ, ਦਿਮਾਗੀ ਮਿਹਨਤ ਕਰਨ ਵਾਲੇ ਸ਼ਬਦਪ੍ਰੀਤ ਨੂੰ ਜ਼ਿੰਦਗੀ ਦੇ ਅਰਥ ਸਮਝਾਉਂਦਾ ਹੈ|
ਦੇਸੀ ਦੇ ਕਿਰਦਾਰ ਨੂੰ ਮਨੀ ਸੱਭਰਵਾਲ ਅਤੇ ਸ਼ਬਦਪ੍ਰੀਤ ਦੇ ਕਿਰਦਾਰ ਨੂੰ ਗੁਰਫਤਿਹ ਸਿੰਘ ਗੁਰੀ ਨੇ ਬਾਖੂਬੀ ਨਿਭਾਇਆ| ਕੰਮੋ ਦੇ ਰੋਲ ਵਿਚ ਹਰਪ੍ਰੀਤ ਕੌਰ, ਜਸ਼ਨ ਦੇ ਰੋਲ ਵਿਚ ਕਿਰਨਜੀਤ ਕੌਰ, ਘੁੱਦੇ ਦੇ ਰੋਲ ਵਿਚ ਵਿੱਕੀ ਮਾਰਤਿਆ, ਲੰਬੜਦਾਰ ਦੇ ਰੋਲ ਵਿਚ ਚਰਨਜੀਤ ਲੁਬਾਣਾ, ਹਰਮਨ ਦੇ ਰੋਲ ਵਿਚ ਗੁਰਪ੍ਰੀਤ ਧਾਲੀਵਾਲ, ਜੀਤੇ ਦੇ ਰੋਲ ਵਿਚ ਜਸਦੀਪ ਸਿੰਘ ਅਤੇ ਛੁਰਲੀ ਦੇ ਰੋਲ ਵਿਚ ਬਾਲ ਕਲਾਕਾਰ ਅਰਸ਼ਪ੍ਰੀਤ ਨੇ ਵੀ ਆਪੋ ਆਪਣੇ ਕਿਦਰਾਰਾਂ ਨਾਲ ਇਨਸਾਫ ਕੀਤਾ| ਪਿੰਡ ਦੇ ਬੰਦਿਆਂ ਅਤੇ ਔਰਤਾਂ ਦੇ ਕਿਰਦਾਰ ਵਿਚ ਹਰਿੰਦਰ ਹਰ, ਅਮਨਦੀਪ, ਗੁਰਵਿੰਦਰ ਬੈਦਵਾਨ, ਜਗਮੋਹਨ, ਐਮੀ ਹਿਰਦੈ ਅਤੇ ਵੀਰਾਂ ਗਿੱਲ ਨੇ ਨਿਭਾਏ|
ਰੰਜੀਵਨ ਸਿੰਘ ਵੱਲੋਂ ਕੀਤੀ ਕੀਤੀ ਗਈ ਡਿਜ਼ਾਇਨਿੰਗ, ਪਦਮ ਸਿੰਦਰਾ ਦੇ ਸੰਗੀਤ ਤੇ ਗਾਇਕੀ, ਡਾ. ਸਵੈਰਾਜ ਸੰਧੂ ਦੇ ਗੀਤਾਂ, ਈਸ਼ਾ ਸਿੰਘ ਵੱਲੋਂ ਕੀਤੇ ਸੰਗੀਤ ਸੰਚਾਲਣ, ਰਿੱਤੂਰਾਗ ਕੌਰ ਵੱਲੋਂ ਵਿਊਂਤੇ ਰੌਸ਼ਨੀ ਪ੍ਰਭਾਵਾਂ, ਵਿੱਕੀ ਮਾਰਤਿਆ ਵੱਲੋਂ ਕੀਤੀ ਰੂਪ-ਸੱਜਾ ਅਤੇ ਗੁਰਪ੍ਰੀਤ ਧਾਲੀਵਾਲ ਵੱਲੋਂ ਕੀਤੀ ਗਈ ਮੰਚ-ਸੱਜਾ ਨੇ ਨਾਟਕ ਦੇਸੀ ਦੀ ਪੇਸ਼ਕਾਰੀ ਨੂੰ ਬੇਹੱਦ ਪ੍ਰਭਾਵਸ਼ਾਲੀ ਬਣਾਇਆ|ਵਿਸ਼ੇਸ਼ ਮਹਿਮਾਨ ਵੱਜੋਂ ਪ੍ਰਸਿੱਧ ਨਾਟ-ਕਰਮੀ ਸ੍ਰੀ ਪਹਿਲਾਦ ਅਗਰਵਾਲ ਨੇ ਨਾਟਕ ਬਾਰੇ ਪ੍ਰਭਾਵ ਸਾਂਝੇ ਕਰਦੇ ਕਿਹਾ ਕਿ ਨਾਵਲ ਜੋਰਬਾ ਦੇ ਗਰੀਕ ਵਰਗੇ ਸੂਖਮ ਅਤੇ ਕਠਿਨ ਵਿਸ਼ੇ ਨੂੰ ਸੰਜੀਵਨ ਨੇ ਨਾਟਕ ਵਿਚ ਸਫਲਤਾ ਨਾਲ ਪੇਸ਼ ਕੀਤਾ ਹੈ| ਨਾਟਕ ਦਾ ਆਗ਼ਾਜ਼ ਉਘੇ ਸਮਾਜ ਸੇਵੀ ਅਤੇ ਨਗਰ ਨਿਗਮ ਮੁਹਾਲੀ ਦੇ ਕਂੌਸਲਰ ਸ੍ਰੀ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਅਜ ਦੇ ਆਪੋ-ਧਾਪੀ ਦੇ ਮਾਹੌਲ ਵਿਚ ਸਮਾਜ ਨੂੰ ਸੇਧ ਵਾਲੇ ਸਭਿਆਚਾਰਕ ਅਤੇ ਰੰਗਮੰਚ ਦੀਆ ਲਗਾਤਾਰਤਾ ਬਣਾਈ ਰੱਖਣਾਂ ਬਹੁਤ ਹੀ ਮੁਸ਼ਕਿਲ ਹੈ ਪਰ ਸਰਘੀ ਕਲਾ ਕੇਂਦਰ ਪਿਛਲੇ ਪੰਚੀਆਂ ਸਾਲਾਂ ਤੋਂ ਯਤਨਸ਼ੀਲ ਹੈ|

Leave a Reply

Your email address will not be published. Required fields are marked *