ਸੰਤਬਰ ਮਹੀਨੇ ਤਕ ਜਾਰੀ ਰਹਿ ਸਕਦਾ ਹੈ ਕੋਰੋਨਾ ਦੇ ਪਾਜਿਟਿਵ ਕੇਸਾਂ ਵਿੱਚ ਹੁੰਦਾ ਵਾਧਾ : ਬਲਬੀਰ ਸਿੰਘ ਸਿੱਧੂ

ਸੰਤਬਰ ਮਹੀਨੇ ਤਕ ਜਾਰੀ ਰਹਿ ਸਕਦਾ ਹੈ ਕੋਰੋਨਾ ਦੇ ਪਾਜਿਟਿਵ ਕੇਸਾਂ ਵਿੱਚ ਹੁੰਦਾ ਵਾਧਾ : ਬਲਬੀਰ ਸਿੰਘ ਸਿੱਧੂ
ਸਿਹਤ ਮੰਤਰੀ ਵਲੋਂ ਗਿਆਨ ਸਾਗਰ ਹਸਪਤਾਲ ਦੇ ਪ੍ਰਬੰਧਾਂ ਦਾ ਜਾਇਜ਼ਾ
ਐਸ.ਏ.ਐਸ ਨਗਰ, 18 ਅਗਸਤ (ਸ.ਬ.) ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਬਨੂੜ ਵਿਖੇ ਗਿਆਨ ਸਾਗਰ ਹਸਪਤਾਲ ਵਿਚਲੇ ‘ਕੋਵਿਡ ਕੇਅਰ ਸੈਂਟਰ’ ਦਾ ਦੌਰਾ ਕਰਦਿਆਂ ਤਮਾਮ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਹਸਪਤਾਲ ਦੇ ਪ੍ਰਬੰਧਕਾਂ ਨੂੰ ਜ਼ਰੂਰੀ ਹਦਾਇਤਾਂ ਦਿਤੀਆਂ| ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਰਾਜ ਵਿੱਚ ਕੋਰੋਨਾ ਦੇ ਕੇਸਾਂ ਵਿੱਚ ਵਾਧਾ ਸਤੰਬਰ ਤੱਕ ਜਾਰੀ ਰਹਿ ਸਕਦਾ ਹੈ| ਉਹਨਾਂ ਕਿਹਾ ਕਿ ਟੈਸਟ ਵੱਧਣ ਨਾਲ ਕਰੋਨਾ ਪੀੜਤਾਂ ਦੀ ਗਿਣਤੀ ਵੱਧਣੀ ਸੁਭਾਵਿਕ ਹੈ| ਉਨ੍ਹਾਂ ਦਾਅਵਾ ਕੀਤਾ ਕਿ ਸਥਿਤੀ ਕੰਟਰੋਲ ਹੇਠ ਹੈ ਪਰ ਕੋਰੋਨਾ ਨੂੰ ਜੜੋਂ ਖਤਮ ਕਰਨ ਲਈ ਲੋਕਾਂ ਦਾ ਸਹਿਯੋਗ ਬੇਹੱਦ ਜਰੂਰੀ ਹੈ| ਉਹਨਾਂ ਕਿਹਾ ਕਿ ਜਦੋਂ ਤੱਕ ਕੋਰੋਨਾ ਵੀ ਵੈਕਸੀਨ ਨਹੀਂ ਆਉਂਦੀ, ਉਦੋਂ ਤੱਕ ਕੋਰੋਨਾ ਖਤਮ ਨਹੀਂ ਹੋ ਸਕੇਗਾ|
ਇਸ ਦੌਰਾਨ ਉਨ੍ਹਾਂ ਹਸਪਤਾਲ ਦੇ ਵੱਖ-ਵੱਖ ਵਾਰਡਾਂ ਵਿੱਚ ਫੇਰੀ ਪਾਈ ਅਤੇ ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਲਈ ਇਲਾਜ, ਖਾਣ-ਪੀਣ ਅਤੇ ਰਿਹਾਇਸ਼ ਦੀਆਂ ਸਹੂਲਤਾਂ ਬਾਰੇ ਜਾਣਕਾਰੀ ਲਈ| ਸਿਹਤ ਮੰਤਰੀ ਨੇ ਹਸਪਤਾਲ ਦੇ ਪ੍ਰਬੰਧਕਾਂ ਨੂੰ ਵਾਰਡਾਂ ਵਿਚ ਸੀ.ਸੀ.ਟੀ.ਵੀ ਕੈਮਰੇ ਅਤੇ ਐਲ.ਈ.ਡੀ. ਸਕਰੀਨਾਂ ਲਾਉਣ ਲਈ ਆਖਿਆ ਤਾਂ ਕਿ ਮਰੀਜ਼ਾਂ ਦੀ ਸਿਹਤ ਤੇ ਲਗਾਤਾਰ ਅਤੇ ਕਰੀਬੀ ਨਜ਼ਰ ਰੱਖੀ ਜਾ ਸਕੇ| ਉਨ੍ਹਾਂ ਕਿਹਾ ਕਿ ਬੀਮਾਰੀ ਨਾਲ ਲੜਨ ਲਈ ਹਸਪਤਾਲ ਵਿਚ ਦਾਖ਼ਲ ਮਰੀਜ਼ਾਂ ਦਾ ਮਾਨਸਿਕ ਪੱਧਰ ਕਾਫ਼ੀ ਉਚਾ ਹੋਣਾ ਚਾਹੀਦਾ ਹੈ ਜਿਸ ਲਈ ਟੈਲੀਵਿਜ਼ਨ ਜ਼ਰੀਏ ਧਾਰਮਿਕ ਅਤੇ ਮਨੋਰੰਜਕ ਪ੍ਰੋਗਰਾਮ ਉਨ੍ਹਾਂ ਲਈ ਕਾਫੀ ਮਦਦਗਾਰ ਸਾਬਤ ਹੋ ਸਕਦੇ ਹਨ ਅਤੇ ਉਹ ਤਣਾਅ ਤੋਂ ਦੂਰ ਰਹਿ ਸਕਦੇ ਹਨ| ਸ. ਸਿੱਧੂ ਨੇ ਕਿਹਾ ਕਿ ਸਾਰੇ ਵਾਰਡਾਂ ਵਿਚ ਸਾਫ਼-ਸਫ਼ਾਈ ਬਹੁਤ ਜ਼ਰੂਰੀ ਹੈ ਜਿਸ ਵਿਚ ਕਿਸੇ ਵੀ ਤਰ੍ਹਾਂ ਦੀ ਕਮੀ-ਪੇਸ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ|
ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਲਾਹਕਾਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਓ.ਐਸ.ਡੀ. ਡਾ. ਬਲਵਿੰਦਰ ਸਿੰਘ, ਸਿਵਲ ਸਰਜਨ ਡਾ. ਮਨਜੀਤ ਸਿੰਘ, ਹਸਪਤਾਲ ਦੇ ਪ੍ਰਬੰਧਕ ਏ. ਐਸ. ਸੇਖੋਂ, ਪ੍ਰਿੰਸੀਪਲ ਡਾ. ਕਮਲਜੀਤ ਸਿੰਘ, ਮੈਡੀਕਲ ਸੁਪਰਇਨਟੈਂਡੰਟ ਡਾ. ਐਮ. ਐਸ. ਗੁਰਾਇਆ ਅਤੇ ਹੋਰ ਸਿਹਤ ਅਧਿਕਾਰੀ ਮੌਜੂਦ ਸਨ|

Leave a Reply

Your email address will not be published. Required fields are marked *