ਸੰਤ ਈਸ਼ਰ ਸਿੰਘ ਪਬਲਿਕ ਸਕੂਲ ਵਿੱਚ ਚੋਣਾਂ ਨਾਲ ਸੰਬੰਧਿਤ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ

ਐਸ ਏ ਐਸ ਨਗਰ, 18 ਮਈ (ਸ.ਬ.) ਸੰਤ ਈਸ਼ਰ ਸਿੰਘ ਪਬਲਿਕ ਸਕੂਲ, ਫੇਜ਼- 7, ਮੁਹਾਲੀ ਵਿੱਚ ਵਿਦਿਆਰਥੀਆਂ ਨੂੰ ਲੋਕ ਸਭਾ ਚੋਣਾਂ ਦੀ ਪ੍ਰਕ੍ਰਿਆ ਦੀ ਜਾਣਕਾਰੀ ਦੇਣ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ| ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਚੋਣ ਪ੍ਰਕਿਰਿਆ ਪ੍ਰਤੀ ਜਾਗਰੂਕ ਕਰਨਾ ਸੀ ਤਾਂ ਜੋ ਉਹ ਆਪਣੇ ਪਰਿਵਾਰ ਅਤੇ ਹੋਰ ਸੰਬੰਧੀਆਂ ਨੂੰ ਵੋਟ ਦੇ ਅਧਿਕਾਰ ਦੇ ਸਹੀ ਵਰਤੋਂ ਲਈ ਪ੍ਰੇਰਿਤ ਕਰਨ| ਇਸ ਦੌਰਾਨ ਵਿਦਿਆਰਥੀਆਂ ਨੂੰ ਵਿਵਹਾਰਿਕ ਜੀਵਨ ਵਿਚ ਚੋਣਾਂ ਦੇ ਅਮਲ ਬਾਰੇ ਜਾਣੂ ਕਰਵਾਉਣ ਲਈ ਚੋਣਾਂ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬੱਚਿਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ|
ਸਕੂਲ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੀਆਂ ਰਾਜਨੀਤਿਕ ਪਾਰਟੀਆਂ ‘ਰਿਪਬਲਿਕ ਇੰਡੀਅਨ ਯੂਨੀਅਨ ‘,’ਆਜ਼ਾਦ ਪਾਰਟੀ’ ਅਤੇ ‘ਯੂਨਾਈਟਡ ਪ੍ਰੋਗਰੈਸਿਵ’ ਪਾਰਟੀ ਦਾ ਨਿਰਮਾਣ ਕਰਦੇ ਹੋਏ ਚੋਣ ਚਿੰਨ੍ਹ ਵੀ ਨਿਸ਼ਚਿਤ ਕੀਤੇ| ਸਕੂਲ ਨੂੰ 13 ਚੋਣ ਖੇਤਰਾਂ ਵਿੱਚ ਵੰਡਿਆ ਗਿਆ ਤੇ ਹਰ ਚੋਣ ਖੇਤਰ ਤੋਂ ਹਰ ਪਾਰਟੀ ਨੇ ਆਪਣੇ ਉਮੀਦਵਾਰ ਖੜ੍ਹੇ ਕੀਤੇ| ਬੱਚਿਆਂ ਨੂੰ ਚੋਣ ਕਮਿਸ਼ਨ ਵੱਲੋਂ ਚੋਣ ਆਯੋਜਿਤ ਕਰਵਾਉਣ ਦੀ ਪ੍ਰਕ੍ਰਿਆ ਤੋਂ ਜਾਣੂ ਕਰਵਾਉਣ ਲਈ ਚੋਣ ਕਮਿਸ਼ਨ ਬਣਾਇਆ ਗਿਆ|
ਇਸ ਮੌਕੇ ਦਸਵੀਂ ਜਮਾਤ ਦੀ ਵਿਦਿਆਰਥਣ ਹਿਮਾਸ਼ੀ ਨੂੰ ਮੁੱਖ ਚੋਣ ਕਮਿਸ਼ਨਰ ਅਤੇ ਗਿਆਰ੍ਹਵੀਂ ਆਰਟਸ ਦੀ ਵਿਦਿਆਰਥਣ ਜੀਵਨਜੋਤ ਕੌਰ ਨੂੰ ਚੋਣ ਕਮਿਸ਼ਨਰ, ਗਿਆਰ੍ਹਵੀਂ ਆਰਟਸ ਦੀ ਅਜੰਲੀਨਾ ਤੇ ਜਮਾਤ ਦਸਵੀਂ ਦੀ ਜਸ਼ਨਪ੍ਰੀਤ ਕੌਰ ਨੂੰ ਰਿਟਰਨਿੰਗ ਅਫਸਰ ਤੇ ਗਿਆਰ੍ਹਵੀਂ ਜਮਾਤ ਦੀ ਪ੍ਰਭਜੋਤ ਕੌਰ ਨੂੰ ਪ੍ਰੀਜਾਈਡਿੰਗ ਅਫਸਰ ਨਿਯੁਕਤ ਕੀਤਾ ਗਿਆ, ਜਿਨ੍ਹਾਂ ਦੀ ਨਿਗਰਾਨੀ ਹੇਠ ਹਰ ਪਾਰਟੀ ਦੇ ਉਮੀਦਵਾਰਾਂ ਨੂੰ ਨਾਮਜਦਗੀ ਪੱਤਰ ਦਿੱਤੇ ਗਏ|
ਇਸ ਦੌਰਾਨ ਚੋਣ ਕਮਿਸ਼ਨ ਨੇ ਸਫਲਤਾ ਪੂਰਵਕ ਚੋਣ ਕਰਵਾਈ ਤੇ ਜੇਤੂ ਉਮੀਦਵਾਰਾਂ ਦੇ ਨਾਂ ਘੋਸ਼ਿਤ ਕੀਤੇ| ਬੱਚਿਆਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਸਕੂਲ ਪ੍ਰਿੰਸੀਪਲ ਸ੍ਰੀਮਤੀ ਇੰਦਰਜੀਤ ਕੌਰ ਸੰਧੂ ਨੇ ਕਿਹਾ ਕਿ ਸਕੂਲ ਵਿੱਚ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦਾ ਮੰਤਵ ਵਿਦਿਆਰਥੀਆਂ ਨੂੰ ਖੇਡ ਖੇਡ ਵਿੱਚ ਸਿੱਖਿਅਕ ਅਤੇ ਵਿਵਹਾਰਿਕ ਗਿਆਨ ਦੇਣਾ ਹੈ| ਸਕੂਲ ਡਾਇਰੈਕਟਰ ਸ੍ਰੀਮਤੀ ਪਵਨਦੀਪ ਕੌਰ ਗਿੱਲ ਨੇ ਵੀ ਬੱਚਿਆਂ ਦੇ ਉਤਸ਼ਾਹ ਨੂੰ ਵਧਾਉਂਦੇ ਹੋਏ ਉਨ੍ਹਾਂ ਦੀ ਪ੍ਰਸੰਸਾ ਕੀਤੀ|

Leave a Reply

Your email address will not be published. Required fields are marked *