ਸੰਨੀ ਇਨਕਲੇਵ ਖਰੜ ਵਿੱਚ ਪੁਲੀਸ ਅਤੇ ਬਦਮਾਸ਼ਾਂ ਵਿੱਚ ਮੁਕਾਬਲਾ, ਗੈਂਗਸਟਰ ਜਾਨ ਬੁੱਟਰ ਅਤੇ ਉਸਦੇ ਚਾਰ ਸਾਥੀ ਕਾਬੂ

ਸੰਨੀ ਇਨਕਲੇਵ ਖਰੜ ਵਿੱਚ ਪੁਲੀਸ ਅਤੇ ਬਦਮਾਸ਼ਾਂ ਵਿੱਚ ਮੁਕਾਬਲਾ, ਗੈਂਗਸਟਰ ਜਾਨ ਬੁੱਟਰ ਅਤੇ ਉਸਦੇ ਚਾਰ ਸਾਥੀ ਕਾਬੂ 

ਜਲਵਾਯੂ ਟਾਵਰ ਦੇ ਪਿੱਛੇ ਅਮਨ ਹੋਮ ਵਿੱਚ ਇੱਕ ਫਲੈਟ ਵਿੱਚ ਰਹਿ ਰਿਹਾ ਸੀ, 
ਬੁੱਟਰ ਦੀ ਲੱਤ ਵਿੱਚ ਗੋਲੀ ਲੱਗਣ ਕਾਰਨ ਜਖਮੀ ਹਾਲਤ ਵਿੱਚ ਹਸਪਤਾਲ ਦਾਖਿਲ ਕਰਵਾਇਆ
ਖਰੜ, 24 ਜੁਲਾਈ (ਸ਼ਮਿੰਦਰ ਸਿੰਘ) ਖਰੜ ਦੇ ਸੰਨੀ ਇਨਕਲੇਵ ਵਿੱਚ ਅੱਜ ਦੁਪਹਿਰ ਵੇਲੇ ਹੋਏ ਮੁਕਾਬਲੇ ਤੋਂ ਬਾਅਦ ਪੁਲੀਸ ਵਲੋਂ ਗੈਂਗਸਟਰ ਜਾਨ ਬੁੱਟਰ ਅਤੇ ਉਸਦੇ ਚਾਰ ਸਾਥੀਆਂ ਨੂੰ ਕਾਬੂ ਕਰ ਲਿਆ ਗਿਆ| ਇਸ ਮੌਕੇ ਪੁਲੀਸ ਅਤੇ ਗੈਂਗਸਟਰਾਂ ਵਿਚਾਲੇ ਹੋਈ ਦੁਵੱਲੀ ਫਾਇਰਿੰਗ ਤੋਂ ਬਾਅਦ ਜਾਨ ਬੁੱਟਰ ਦੀ ਲੱਤ ਵਿੱਚ ਗੋਲੀ ਲੱਗਣ ਉਪਰੰਤ ਉਸਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ| ਮੌਕੇ ਤੇ ਪੁਲੀਸ ਨੇ 6 ਰਿਵਾਲਵਰ ਅਤੇ ਬਦਮਾਸ਼ਾਂ ਵਲੋਂ ਵਰਤੀ ਜਾ ਰਹੀ ਇੱਕ ਓਪਨ ਜੀਪ ਵੀ ਬਰਾਮਦ ਕੀਤੀ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਦੀ ਇਹ ਕਾਰਵਾਈ ਦੁਪਹਿਰ ਤਿੰਨ ਵਜੇ ਦੇ ਕਰੀਬ ਆਰੰਭ ਹੋਈ ਅਤੇ 15-20 ਮਿੰਟਾਂ ਵਿੱਚ ਹੀ ਇਹ ਕਾਰਵਾਈ ਮੁਕੰਮਲ ਕਰ ਲਈ ਗਈ| ਇਸ ਦੌਰਾਨ ਪੁਲੀਸ ਵਲੋਂ ਜਾਨ ਬੁੱਟਰ ਸਮੇਤ ਉਸਦੇ ਸਾਰੇ ਸਾਥੀਆਂ ਨੂੰ ਕਾਬੂ ਕਰ ਲਿਆ ਗਿਆ ਅਤੇ ਜਖਮੀ ਹੋਏ ਜਾਨ ਬੁੱਟਰ ਨੂੰ ਹਸਪਤਾਲ ਭਿਜਵਾ ਦਿੱਤਾ ਗਿਆ ਸੀ| 
ਇਸ ਪੂਰੇ ਆਪਰੇਸ਼ਨ ਦੀ ਕਮਾਨ ਸੰਭਾਲ ਰਹੇ ਪੰਜਾਬ ਪੁਲੀਸ ਦੇ                       ਏ ਆਈ ਜੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਜਾਨ ਬੁੱਟਰ ਅਤੇ ਉਸਦੇ ਸਾਥੀ ਕੁੱਝ ਸਮਾਂ ਪਹਿਲਾਂ ਪਿੰਡ ਬੁੱਟਰ ਵਿੱਚ ਹੋਏ ਇੱਕ ਗੋਲੀਕਾਂਡ ਵਿੱਚ ਲੋੜੀਂਦੇ ਹਨ ਅਤੇ ਪੁਲੀਸ ਵਲੋਂ ਇਹਨਾਂ ਦੀ ਪੈੜ ਨੱਪੀ ਜਾ ਰਹੀ ਸੀ| ਉਹਨਾਂ ਦੱਸਿਆ ਕਿ ਪੁਲੀਸ ਨੂੰ ਇਨਪੁਟ ਮਿਲੀ ਸੀ ਕਿ ਇਹ ਸਾਰੇ ਸੰਨੀ ਇਨਕਲੇਵ ਦੇ ਜਲਵਾਯੂ ਟਾਵਰ ਦੇ ਪਿੱਛੇ ਪੈਂਦੇ ਅਮਨ ਹੋਮ ਦੇ ਇੱਕ ਫਲੈਟ ਵਿੱਚ ਰਹਿ ਰਹੇ ਹਨ ਜਿਸ ਤੋਂ ਬਾਅਦ ਜਗਰਾਓ ਪੁਲੀਸ ਅਤੇ ਮੁਹਾਲੀ ਪੁਲੀਸ ਦੀ ਸਾਂਝੀ ਟੀਮ ਵਲੋਂ ਇਸ ਫਲੈਟ ਤੇ ਛਾਪੇਮਾਰੀ ਕੀਤੀ ਗਈ|
ਉਹਨਾਂ ਦੱਸਿਆ ਕਿ ਜਦੋਂ ਪੁਲੀਸ ਟੀਮ ਫਲੈਟ ਦੇ ਦਰਵਾਜੇ ਤੇ ਪਹੁੰਚੀ ਤਾਂ ਦਰਵਾਜਾ ਅੰਦਰੋ ਲਾਕ ਸੀ ਅਤੇ ਪੁਲੀਸ ਵਲੋਂ ਇਸ ਦਰਵਾਜੇ ਨੂੰ ਖੋਲ੍ਹਣ ਦੀ ਕੋਸ਼ਿਸ਼ ਦੌਰਾਨ ਬਦਮਾਸ਼ਾਂ ਵਲੋਂ ਅੰਦਰੋ ਪੁਲੀਸ ਤੇ ਗੋਲੀ ਚਲਾ ਦਿੱਤਾ ਗਈ| ਉਹਨਾਂ ਦੱਸਿਆ ਕਿ ਇਸ ਦੌਰਾਨ ਪੁਲੀਸ ਵਲੋਂ ਕੀਤੀ ਜਵਾਬੀ ਫਾਇਰਿੰਗ ਵਿੱਚ ਜਾਨ ਬੁੱਟਰ ਦੀ ਲੱਤ ਵਿੱਚ ਗੋਲੀ ਲੱਗੀ ਜਿਸ ਕਾਰਨ ਉਹ ਜਖਮੀ ਹੋ ਗਿਆ ਅਤੇ ਉਸਦੇ ਨਾਲ ਰਹਿ ਰਹੇ ਉਸਦੇ ਚਾਰ ਸਾਥੀਆਂ ਨੂੰ ਪੁਲੀਸ ਨੇ ਕਾਬੂ ਕਰ ਲਿਆ ਹੈ| 
ਇਸ ਦੌਰਾਨ ਪੁਲੀਸ ਵਲੋਂ ਫਲੈਟ ਦੀ ਤਲਾਸ਼ੀ ਲੈਣ ਤੋਂ ਬਾਅਦ ਉੱਥੋਂ 6 ਰਿਵਾਲਵਰ ਵੀ ਬਰਾਮਦ ਕੀਤੇ ਗਏ ਹਨ| ਪੁਲੀਸ ਵਲੋਂ ਮੌਕੇ ਤੇ ਇੱਕ ਖੁੱਲੀ ਜੀਪ ਵੀ ਬਰਾਮਦ ਕੀਤੀ ਗਈ ਹੈ ਜਿਸਤੇ ਬੈਠ ਕੇ ਇਹ ਸਾਰੇ ਗੇੜੀਆਂ ਮਾਰਦੇ ਹੁੰਦੇ ਸੀ| 
ਆਸਪਾਸ ਰਹਿਣ ਵਾਲੇ ਲੋਕਾਂ ਅਨੁਸਾਰ ਇਹ ਲੋਕ ਕੁੱਝ ਸਮਾ ਪਹਿਲਾਂ ਹੀ ਇੱਥੇ ਰਹਿਣ ਆਏ ਸੀ ਅਤੇ ਪਿਛਲੇ ਕੁੱਝ ਦਿਨਾ ਤੋਂ ਇੱਥੇ ਕਾਫੀ ਜਿਆਦਾ ਲੋਕ ਆਉਂਦੇ ਜਾਂਦੇ ਸੀ| ਮੌਕੇ ਤੇ ਖਰੜ ਦੇ ਥਾਣਾ ਸਿਟੀ, ਥਾਣਾ ਸਦਰ, ਸੀ ਆਈ ਏ ਸਟਾਫ ਦੇ ਐਸ ਐਚ ਓ ਸਮੇਤ ਵੱਡੀ ਗਿਣਤੀ ਪੁਲੀਸ ਫੋਰਸ ਪਹੁੰਚੀ ਹੋਈ ਸੀ| ਪੁਲੀਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *