ਸੰਨੀ ਇਨਕਲੇਵ ਦੇ ਵਸਨੀਕਾਂ ਵਲੋਂ ਬਾਜਵਾ ਡਿਵੈਲਪਰ ਦੇ ਦਫਤਰ ਸਾਮ੍ਹਣੇ ਰੋਸ ਮੁਜਾਹਰਾ ਅਤੇ ਨਾਹਰੇਬਾਜੀ

ਖਰੜ, 19 ਸਤੰਬਰ (ਪਵਨ ਰਾਵਤ) ਖਰੜ ਦੇ ਮਸ਼ਹੂਰ ਸੰਨੀ ਇਲਕਲੇਵ ਦੇ ਵਸਨੀਕਾਂ ਨੇ ਪਾਣੀ ਸਪਲਾਈ ਬੰਦ ਹੋਣ ਦੀ ਸ਼ਿਕਾਇਤ ਤੇ ਕਾਲੋਨਾਈਜਰ ਵਲੋਂ ਕੋਈ ਸੁਣਵਾਈ ਨਾ ਕੀਤੇ ਜਾਣ ਤੇ ਰੋਹ ਵਿੱਚ  ਆ ਕੇ ਬਿਜਲੀ ਅਤੇ ਪਾਣੀ ਦੇ ਮਾੜੇ ਪ੍ਰਬੰਧਾਂ ਨੂੰ ਲੈ ਕੇ ਬਾਜਵਾ ਡਿਵੈਲਪਰ ਦੇ ਮੁੱਖ ਦਫਤਰ ਦੇ ਸਾਹਮਣੇ ਸੜਕ ਤੇ ਰੋਸ ਪ੍ਰਦਰਸ਼ਨ ਕੀਤਾ ਅਤੇ ਕਾਲੋਨਾਈਜਰ ਦੇ ਖਿਲਾਫ ਨਾਹਰੇਬਾਜੀ ਕੀਤੀ| 
ਇਸ ਸੰਬੰਧੀ ਦੁਪਹਿਰ 12 ਵਜੇ ਦੇ ਕਰੀਬ ਸੰਨੀ ਇੰਨਕਲੇਵ ਸੈਕਟਰ-124 ਦੀ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਮਲਕੀਤ ਸਿੰਘ ਵਲੋਂ ਆਮ ਆਦਮੀ ਪਾਰਟੀ ਦੇ ਸਟੂਡੇਂਟ ਵਿੰਗ ਪੰਜਾਬ ਦੇ ਸਾਬਕਾ ਪ੍ਰਧਾਨ ਪਰਵਿੰਦਰ ਸਿੰਘ ਦੀ ਅਗਵਾਈ ਹੇਠ ਸਥਾਨਕ ਨਿਵਾਸੀਆਂ ਨਾਲ ਮਿਲਕੇ ਰੋਸ ਪ੍ਰਦਰਸ਼ਨ ਕਰਦਿਆਂ ਕਾਲੋਨਾਈਜਰ ਦੇ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਗਈ| 
ਇਸ ਮੌਕੇ ਪਰਵਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਬਾਜਵਾ ਡਿਵੈਲਪਰ ਵਲੋਂ ਸੰਨੀ ਇੰਨਕਲੇਵ ਦੇ ਨਿਵਾਸੀਆਂ ਨੂੰ ਪਾਣੀ ਅਤੇ ਬਿਜਲੀ ਦੀ ਸੱਮਸਿਆ ਆ ਰਹੀ ਹੈ| ਇਸਦੇ ਨਾਲ ਹੀ ਇੱਥੇ ਦੀਆਂ  ਸੜਕਾਂ ਦਾ ਵੀ ਬੁਰਾ ਹਾਲ ਹੈ| ਉਨ੍ਹਾਂ  ਕਿਹਾ ਕਿ ਬਿਜਲੀ ਬਿੱਲ ਨਾ ਜਮ੍ਹਾ ਕਰਵਾਏ ਜਾਣ ਕਾਰਨ ਬਿਜਲੀ ਵਿਭਾਗ ਵੱਲੋਂ ਕਨੈਕਸ਼ਨ ਕੱਟ ਦਿੱਤੇ ਗਏ ਹਨ ਜਿਸ ਕਾਰਨ ਲੋਕਾਂ ਨੂੰ ਪਾਣੀ ਦੀ ਕਿਲੱਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਉਹਨਾਂ ਕਿਹਾ ਕਿ ਪ੍ਰਸ਼ਾਸਨ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਪ੍ਰਸ਼ਾਸਨ ਚੁਪੀ ਸਾਧੇ ਬੈਠਾ ਹੈ|  
ਇਸ ਮੌਕੇ ਹਾਊਸਿੰਗ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਮਲਕੀਤ ਸਿੰਘ ਨੇ ਕਿਹਾ ਕਿ ਜਦੋਂ ਉਹ ਬਾਜਵਾ ਡਿਵੈਲਪਰ ਦੇ ਐਮ ਡੀ ਜਰਨੈਲ ਸਿੰਘ ਬਾਜਵਾ ਕੋਲ ਸ਼ਿਕਾਇਤ ਕਰਨ ਜਾਂਦੇ ਹਨ ਤਾਂ ਉਹ ਖੁਦ ਨਹੀਂ ਮਿਲਦੇ ਅਤੇ ਉਨ੍ਹਾਂ ਦੇ ਸਟਾਫ ਵਲੋਂ ਲਾਅਰੇ ਲਗਾ ਕੇ ਸ਼ਿਕਾਇਤ ਕਰਨ ਗਏ ਲੋਕਾਂ ਨੂੰ ਭੇਜ ਦਿੱਤਾ ਜਾਂਦਾ ਹੈ ਪਰੰਤੂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ| ਉਨ੍ਹਾਂ ਕਿਹਾ ਕਿ  ਬਾਜਵਾ ਡਿਵੈਲਪਰ ਵੱਲੋਂ ਹਰ ਘਰ ਤੋਂ ਟਿਊਬਵੈਲ ਦੇ ਕੁਨੇਕਸ਼ਨ ਦੇ ਬਿੱਲ ਲਈ300 ਰੁਪਏ ਪ੍ਰਤੀ ਮਹੀਨਾ ਲਏ ਜਾਂਦੇ ਹਨ ਪਰੰਤੂ ਬਿੱਲ ਜਮ੍ਹਾ ਨਾ ਕਰਵਾਏ ਜਾਣ ਕਾਰਨ ਬਿਜਲੀ ਵਿਭਾਗ ਵਲੋਂ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ ਅਤੇ ਪਾਣੀ ਦੀ ਸਪਲਾਈ ਬੰਦ ਹੋਣ ਕਾਰਨ ਵਸਨੀਕਾਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈ ਰਹੀ ਹੈ| ਉਨ੍ਹਾਂ ਮੰਗ ਕੀਤੀ ਕਿ ਇਹ ਬਿਜਲੀ  ਬਿੱਲ ਤੁਰੰਤ ਜਮ੍ਹਾ ਕਰਵਾ ਕੇ ਬਿਜਲੀ ਕੁਨੈਕਸ਼ਨ ਦੁਬਾਰਾ ਲਗਵਾਇਆ ਜਾਵੇ ਅਤੇ ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ ਕਰਦਿਆਂ ਸੜਕ ਜਾਮ ਕਰ ਦਿੱਤੀ ਜਾਵੇਗੀ|
ਇਸ ਮੌਕੇ ਸ੍ਰੀ ਬਾਜਵਾ ਦਫਤਰ ਵਿੱਚ ਹਾਜਿਰ ਨਹੀਂ ਸੀ ਅਤੇ ਇਕੱਤਰ ਹੋਏ ਵਸਨੀਕਾਂ ਵਲੋਂ ਨਾਹਰੇਬਾਜੀ ਦੌਰਾਨ ਬਾਜਵਾ ਡਿਵੈਲਪਰ ਦੇ ਕਰਮਚਾਰੀਆਂ ਵਲੋਂ ਪੁਲੀਸ ਬੁਲਾ ਲਈ ਗਈ| ਮੌਕੇ ਤੇ ਪਹੁੰਚੀ ਪੁਲੀਸ ਟੀਮ ਵਲੋਂ ਪ੍ਰਦਰਸ਼ਨਕਾਰੀਆਂ ਨੂੰ ਕਿਹਾ ਗਿਆ ਕਿ ਕੋਰੋਨਾ ਮਹਾਮਾਰੀ ਨੂੰ ਮੁੱਖ ਰੱਖਦਿਆਂ ਉਹ ਇੱਥੇ ਇਕੱਠ ਨਾ ਕਰਨ ਅਤੇ ਜੇਕਰ ਕਿਸੇ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਥਾਣੇ ਜਾ ਕੇ ਸੰਬੰਧਿਕ ਅਥਾਰਟੀ ਨੂੰ ਸ਼ਿਕਾਇਤ ਦੇ ਸਕਦਾ ਹੈ ਪਰੰਤੂ ਇੱਥੇ ਇਕੱਠ ਨਾ ਕੀਤਾ ਜਾਵੇ ਵਰਨਾ ਪੁਲੀਸ ਵਲੋਂ ਪ੍ਰਦਸ਼ਨਕਾਰੀਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ| ਇਸਤੇ ਪ੍ਰਦਰਸ਼ਨਕਾਰੀ ਰੋਹ ਵਿੱਚ ਆ ਗਏ ਅਤੇ ਪੁਲੀਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਕਾਫੀ           ਦੇਰ ਤੱਕ ਬਹਿਸ ਵੀ ਹੋਈ| ਇਸ ਮੌਕੇ ਆਮ ਆਦਮੀ ਪਾਰਟੀ ਦੇ ਯੂਥ ਆਗੂ ਪ੍ਰਿੰਸ ਧਾਲੀਵਾਲ, ਸੰਨੀ ਬੈਂਸ, ਜੇ.ਪੀ. ਅਰੋੜਾ, ਐਡਵੋਕੇਟ ਰਾਜੇਸ਼ ਵਰਮਾ, ਕੁਲਦੀਪ ਸਿੰਘ, ਅਭਿਨਵ ਠਾਕੁਰ, ਜਗੀਰ ਸਿੰਘ, ਵੀਰਭਾਨ, ਸੂਰਜ ਸਹੋਤਾ ਅਤੇ ਸੰਜੀਵ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਸਨੀਕ ਹਾਜਿਰ ਸਨ| 
ਬਾਅਦ ਵਿੱਚ ਮੌਕੇ ਤੇ ਪ੍ਰਦਰਸ਼ਨ ਕਾਰੀਆਂ ਨਾਲ ਗੱਲ ਕਰਨ ਆਏ ਬਾਜਵਾ ਡਿਵੈਲਪਰ ਦੇ ਕਰਮਚਾਰੀ ਨੇ ਭਰੋਸਾ ਦਿੱਤਾ ਕਿ ਅੱਜ ਸ਼ਾਮ ਤੱਕ ਇਸ ਸਮੱਸਿਆ ਨੂੰ ਹਲ ਕਰ ਦਿੱਤਾ ਜਾਵੇਗਾ ਅਤੇ ਕੰਪਨੀ ਵਲੋਂ ਇਸ ਗੱਲ ਨੂੰ ਯਕੀਨੀ ਕੀਤਾ ਜਾਵੇਗਾ ਕਿ ਭਵਿੱਖ ਵਿੱਚ ਅਜਿਹੀ ਸ਼ਿਕਾਇਤ ਨਾ ਆਏ| ਇਸ ਸੰਬੰਧੀ ਬਾਜਵਾ ਡਿਵੈਲਪਰ ਦੇ ਐਮ ਡੀ ਸ੍ਰੀ ਜਰਨੈਲ ਸਿੰਘ ਬਾਜਵਾ ਨਾਲ ਸੰਪਰਕ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਗਈ ਪਰੰਤੂ ਉਹਨਾਂ ਦੇ ਨਾਲ ਸੰਪਰਕ ਕਾਇਮ ਨਹੀਂ ਹੋ ਪਇਆ| 

Leave a Reply

Your email address will not be published. Required fields are marked *