ਸੰਨੀ ਇਨਕਲੇਵ ਨੇੜੇ ਗੱਦਿਆਂ ਦੇ ਚਾਰ ਮੰਜਿਲਾ ਸ਼ੋਅਰੂਮ ਨੂੰ ਅੱਗ ਲਗਣ ਕਾਰਨ ਲੱਖਾਂ ਦਾ ਸਾਮਾਨ ਸੜਿਆ

ਸੰਨੀ ਇਨਕਲੇਵ ਨੇੜੇ ਗੱਦਿਆਂ ਦੇ ਚਾਰ ਮੰਜਿਲਾ ਸ਼ੋਅਰੂਮ ਨੂੰ ਅੱਗ ਲਗਣ ਕਾਰਨ ਲੱਖਾਂ ਦਾ ਸਾਮਾਨ ਸੜਿਆ
ਸ਼ਾਰਟ ਸਰਕਟ ਹੋਣ ਕਾਰਨ ਲੱਗੀ ਅੱਗ, ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਨੇ ਪਾਇਆ ਅੱਗ ਤੇ ਕਾਬੂ
ਐਸ.ਏ.ਐਸ ਨਗਰ, 12 ਜੂਨ (ਸ.ਬ.) ਸੰਨੀ ਇਲਕਲੇਵ ਦੇ ਨੇੜੇ ਪਿੰਡ ਦੇਸੂਮਾਜਰਾ ਦੇ ਖੇਤਰ ਵਿੱਚ ਪੈਂਦੇ ਗੱਦਿਆਂ ਦੇ ਇੱਕ ਚਾਰ ਮੰਜਿਲਾ ਸ਼ੋਅਰੂਮ 4 ਸੀਜਨ ਮੈਟਰੈਸੇਸ ਵਿੱਚ ਅੱਜ ਬਾਅਦ ਦੁਪਹਿਰ ਅੱਗ ਲਗਣ ਕਾਰਨ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ| ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਗਿਆ ਹੈ| ਇਸ ਹਾਦਸੇ ਦੌਰਾਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਓ ਹੋ ਗਿਆ ਪਰੰਤੂ ਦੁਕਾਨ ਵਿੱਚ ਪਿਆ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ|
ਪ੍ਰਾਪਤ ਜਾਣਕਾਰੀਅਨੁਸਾਰ ਅੱਗ ਬਾਅਦ ਦੁਪਹਿਰ ਢਾਈ ਵਜੇ ਦੇ ਆਸ ਪਾਸ ਲੱਗੀ ਅਤੇ ਸਭ ਤੋਂ ਪਹਿਲਾਂ ਸ਼ੋਅਰੂਮ ਵਿੱਚ ਲੱਗੇ ਬਿਜਲੀ ਦੇ ਮੀਟਰ ਵਿੱਚ ਅੱਗ ਦੀ ਸ਼ੁਰੂਆਤ ਹੋਈ| ਇਸ ਸ਼ੋਅਰੂਮ ਵਿੱਚ ਫੋਮ ਦੇ ਹਰ ਤਰ੍ਹਾਂ ਦੇ ਗੱਦਿਆਂ ਤੋਂ ਇਲਾਵਾ ਆਮ ਵਰਤੋਂ ਵਿੱਚ ਆਉਣ ਵਾਲਾ ਪਲਾਸਟਿਕ ਦਾ ਫਰਨੀਚਰ ਅਤੇ ਹੋਰ ਘਰੇਲੂ ਸਾਮਾਨ ਵੇਚਿਆ ਜਾਂਦਾ ਹੈ ਅਤੇ ਇਹ ਸਾਰਾ ਸਮਾਨ ਤੇਜੀ ਨਾਲ ਅੱਗ ਫੜਦਾ ਹੈ ਜਿਹੜਾ ਅੱਗ ਦੀ ਚਪੇਟ ਵਿੱਚ ਆਉਣ ਕਾਰਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ|
ਪ੍ਰਾਪਤ ਜਾਣਕਾਰੀ ਅਨੁਸਾਰ ਅੱਗ ਲਗਣ ਦਾ ਪਤਾ ਲਗਣ ਤੇ ਸ਼ੋਅਰੂਮ ਵਿੱਚ ਕੰਮ ਕਰਨ ਵਾਲੀਆਂ ਕੁੜੀਆਂ ਵਲੋਂ ਪਹਿਲਾਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਅੱਗ ਬੜੀ ਤੇਜੀ ਨਾਲ ਫੈਲ ਗਈ ਅਤੇ ਸ਼ੋਅਰੂਮ ਦੇ ਤਮਾਮ ਕਰਮਚਾਰੀ ਆਪਣੀ ਜਾਨ ਬਚਾਉਣ ਲਈ ਸ਼ੋਅਰੂਮ ਤੋਂ ਬਾਹਰ ਨਿਕਲ ਆਏ| ਇਸ ਦੌਰਾਨ ਉਹਨਾਂ ਵਲੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਅਤੇ ਮੁਹਾਲੀ ਤੋਂ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਨੇ ਲਗਭਗ ਇੱਕ ਘੰੰਟੇ ਦੀ ਮਿਹਨਤ ਤੋਂ ਬਾਅਦ ਅੱਗ ਤੇ ਪੂਰੀ ਤਰ੍ਹਾਂ ਕਾਬੂ ਪਾਇਆ| ਇਸ ਦੌਰਾਨ ਸ਼ੋਅਰੂਮ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਅਤੇ ਜਿਹੜਾ ਸਾਮਨ ਬਚਿਆ ਸੀ ਉਹ ਵੀ ਵਰਤੋਂ ਯੋਗ ਨਹੀਂ ਰਿਹਾ ਸੀ|
ਇਹ ਦੁਕਾਨ ਸ੍ਰੀਮਤੀ ਸੁਮਨ ਗ੍ਰੋਵਰ ਨਾਮ ਦੀ ਇੱਕ ਮਹਿਲਾ ਦੀ ਹੈ ਜੋ ਅੱਗ ਲੱਗਣ ਕਾਰਨ ਸਦਮੇ ਦੀ ਹਾਲਤ ਵਿੱਚ ਸੀ| ਫਾਇਰ ਅਫਸਰ ਸ੍ਰੀ ਕਰਮਚੰਦ ਨੇ ਦੱਸਿਆ ਕਿ ਉਹਨਾਂ ਕੋਲ ਦੁਪਹਿਰ 2.38 ਵਜੇ ਅੱਗ ਲੱਗਣ ਦੀ ਕਾਲ ਆਈ ਸੀ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਚਾਰ ਮਿੰਟ ਵਿੱਚ ਮੌਕੇ ਤੇ ਪਹੁੰਚ ਕੇ ਅੱਗ ਬੁਝਾਉਣ ਦਾ ਕੰਮ ਆਰੰਭ ਕਰ ਦਿੱਤਾ ਸੀ| ਉਹਨਾਂ ਦੱਸਿਆ ਕਿ ਫਾਇਰ ਬ੍ਰੇਗਡ ਵਲੋਂ ਅੱਧੇ ਘੰਟੇ ਵਿੱਚ ਅੱਗ ਤੇ ਕਾਬੂ ਪਾ ਲਿਆ ਗਿਆ ਸੀ|

Leave a Reply

Your email address will not be published. Required fields are marked *