ਸੰਨ ਚੁਰਾਸੀ ਦੇ ਸਿੱਖ ਵਿਰੋਧੀ ਦੰਗਿਆਂ ਦੀ ਲਹੂ ਭਿੱਜੀ ਦਾਸਤਾਨ…… ਜਦੋਂ ਅਸੀਂ ਸਾਰੀ ਰਾਤ ਦੰਗਾਈ ਭੀੜ ਦਾ ਡਟ ਕੇ ਮੁਕਾਬਲਾ ਕਰਦੇ ਰਹੇ


30 ਅਕਤੂਬਰ 1984 ਨੂੰ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਟੀ ਵੀ ਅਤੇ ਰੇਡੀਓ ਉਪਰ ਖੂਨ ਦਾ ਬਦਲਾ ਖੂਨ ਦੇ ਨਾਅਰੇ ਲੱਗ ਰਹੇ ਸਨ ਅਤੇ ਸਿੱਖ ਵਿਰੋਧੀ ਦੰਗੇ ਸ਼ੁਰੂ ਹੋ ਗਏ ਸਨ| ਇਹਨਾਂ ਦੰਗਿਆਂ ਦਾ ਸੇਕ ਦਿੱਲੀ ਤੋਂ ਬਾਹਰ ਹੋਰਨਾਂ ਰਾਜਾਂ ਦੇ ਸਿੱਖਾਂ ਨੂੰ ਵੀ ਲੱਗਣਾ ਸ਼ੁਰੂ ਹੋ ਗਿਆ ਸੀ| ਸਾਡਾ ਪਰਿਵਾਰ ਉਸ ਸਮੇਂ ਯੂ ਪੀ ਦੀ ਰਾਜਧਾਨੀ ਲਖਨਊ ਦੇ ਰੇਲਵੇ ਸਟੇਸ਼ਨ ਤੋਂ 16 ਕਿਲੋਮੀਟਰ ਦੂਰ (ਲਖਨਊ ਸ਼ਹਿਰ ਦੀ ਹੱਦ ਵਿੱਚ) ਆਪਣੇ ਫਾਰਮ ਹਾਊਸ ਵਿਚ ਰਹਿੰਦਾ ਸੀ| ਸਾਡੇ ਫਾਰਮ ਨੇੜੇ ਲਖਨਊ ਉਦਯੋਗਿਕ ਖ ੇਤਰ ਅਤੇ ਵਿਜਯ ਸੁਪਰ ਸਕੂਟਰ ਬਣਾਉਣ ਵਾਲੀ ਫੈਕਟਰੀ ਸਨ|
30 ਅਕਤੂਬਰ 1984 ਦਾ ਦਿਨ ਅਤੇ ਰਾਤ ਆਮ ਵਾਂਗ ਬੀਤ ਗਏ| 31 ਅਕਤੂਬਰ ਦੀ ਸਵੇਰ ਨੂੰ ਆਲੇ ਦੁਆਲੇ ਦੇ ਲੋਕ , ਸਕੂਟਰ ਫੈਕਟਰੀ ਦੇ ਵਰਕਰ, ਉਦਯੋਗਿਕ ਖੇਤਰ ਦੇ ਮਜਦੂਰਾਂ ਨੇ ਇਕੱਠੇ ਹੋ ਕੇ ਸਿੱਖਾਂ ਦੇ ਘਰਾਂ ਅਤੇ ਦੁਕਾਨਾਂ ਦੀ ਲੁੱਟ ਖੋਹ ਕਰਨੀ ਸ਼ੁਰੂ ਕਰ ਦਿਤੀ| ਊਹਨਾਂ ਨੇ ਪਹਿਲਾਂ ਨਾਦਰਗੜ ਇਲਾਕੇ ਵਿੱਚ ਕਪੜੇ ਦੀ ਦੁਕਾਨ ਕਰਦੇ ਇਕ ਸਰਦਾਰ ਜੀ ਦੇ ਘਰ ਉਪਰ ਹਮਲਾ ਕੀਤਾ ਤਾਂ ਸਰਦਾਰੀ ਜੀ ਨੇੜਲੇ ਥਾਣੇ ਪਹੁੰਚ ਗਏ ਅਤੇ ਪੁਲੀਸ ਤੋਂ ਸੁਰਖਿਆ ਮੰਗੀ| ਪੁਲੀਸ ਵਾਲਿਆਂ ਨੇ ਉਹਨਾਂ ਤੋਂ ਪੈਸੇ ਲੈ ਕੇ ਸੁਰਖਿਆ ਦੇਣ ਦਾ ਵਾਅਦਾ ਕੀਤਾ| ਜਦੋਂ ਸਰਦਾਰ ਜੀ ਵਾਪਸ ਘਰ ਪਹੁੰਚੇ ਤਾਂ ਭੜਕੀ ਭੀੜ ਨੇ ਮੁੜ ਉਹਨਾਂ ਦੇ ਘਰ ਤੇ ਹਮਲਾ ਕਰ ਦਿਤਾ| ਸਰਦਾਰ ਜੀ ਦਾ ਘਰ ਦੁਕਾਨ ਦੇ ਪਿਛਲੇ ਪਾਸੇ ਸੀ ਅਤੇ ਉਹ ਆਪਣੇ ਪਰਿਵਾਰ ਸਮੇਤ ਦੁਕਾਨ ਵਿੱਚ ਜਾ ਕੇ ਲੁਕ ਗਏ| ਪਰੰਤੂ ਦੰਗਈਆਂ ਨੇ ਘਰ ਦੀ ਲੁੱਟ ਮਾਰ ਕਰਨ ਤੋਂ ਬਾਅਦ ਘਰ ਵਿਚ ਪਏ ਗੈਸ ਸਿੰਲਡਰ ਚੁੱਕ ਕੇ ਅਤੇ ਸਿੰਲਡਰ ਦੀ ਗੈਸ ਦੁਕਾਨ ਵਿੱਚ ਛੱਡ ਕੇ ਮਕਾਨ ਅਤੇ ਦੁਕਾਨ ਨੂੰ ਅੱਗ ਲਗਾ ਦਿਤੀ, ਜਿਸ ਕਾਰਨ ਸਰਦਾਰ ਜੀ ਅਤੇ ਉਹਨਾਂ ਦਾ ਪਰਿਵਾਰ ਅੱਗ ਵਿੱਚ ਜਿਉਂਦੇ ਸੜ ਗਏ|
ਇਸ ਉਪਰੰਤ ਸਾਡੇ ਫਾਰਮ ਹਾਊਸ ਦੇ ਆਲੇ ਦੁਆਲੇ ਵੀ ਲੁੱਟਮਾਰ ਸ਼ੁਰੂ ਹੋ ਗਈ| ਦੰਗਈਆਂ ਦੀ ਭੀੜ ਵਲੋਂ ਸਿੱਖਾਂ ਦੀਆਂ ਦੁਕਾਨਾਂ ਅਤੇ ਵਾਹਨਾਂ ਦੀ ਲੁੱਟ ਮਾਰ ਜਾਰੀ ਸੀ| ਰੇਲਵੇ ਸਟੇਸ਼ਨ ਉਪਰ ਵੀ ਕੁਝ ਸਰਦਾਰਾਂ ਨੂੰ ਕਤਲ ਕਰ ਦਿਤਾ ਗਿਆ| ਪੁਲੀਸ ਮੌਕੇ ਉਪਰ ਮੌਜੂਦ ਹੋਣ ਬਾਵਜੂਦ ਹਰ ਥਾਂ ਤਮਾਸ਼ਾ ਵੇਖਦੀ ਰਹੀ| ਸਾਡੇ ਫਾਰਮ ਹਾਊਸ ਤੋਂ ਦੋ ਕਿਲੋਮੀਟਰ ਦੂਰ ਸ਼ਿੰਗਾਰਾ ਸਿੰਘ ਦੇ ਫਾਰਮ ਹਾਊਸ ਉਪਰ ਭੀੜ ਨੇ ਹਮਲਾ ਕਰਕੇ ਉਹਨਾਂ ਨੂੰ ਜਖਮੀ ਕਰ ਦਿਤਾ ਅਤੇ ਫਾਰਮ ਹਾਊਸ ਨੂੰ ਲੁੱਟ ਕੇ ਅੱਗ ਲਗਾ ਦਿਤੀ| ਉਹ ਕਿਸੇ ਤਰੀਕੇ ਆਪਣੀ ਜਾਨ ਬਚਾ ਕੇ ਆਰਮੀ ਕਂੈਪ ਪਹੁੰਚ ਗਏ|
ਉਹਨਾਂ ਕੋਲ ਕੰਮ ਕਰਦਾ ਨੌਕਰ ਰੂਪ ਸਿੰਘ, ਜੋ ਕਿ ਸਿਰ ਤੋਂ ਮੋਨਾ ਸੀ ਅਤੇ ਪਹਿਲਾਂ ਸਾਡੇ ਕੋਲ ਕੰਮ ਕਰ ਚੁਕਿਆ ਸੀ, ਬੱਚ ਕੇ ਸਾਡੇ ਕੋਲ ਆ ਗਿਆ ਅਤੇ ਸਾਰੀ ਘਟਨਾ ਦਸੀ| ਉਸਨੇ ਦਸਿਆ ਕਿ ਹੋਰ ਸਰਦਾਰਾਂ ਦੇ ਫਾਰਮ ਹਾਊਸਾਂ ਨੂੰ ਵੀ ਭੀੜ ਨੇ ਲੁੱਟ ਕੇ ਅੱਗਾਂ ਲਾ ਦਿਤੀਆਂ ਹਨ| ਉਸ ਸਮੇਂ ਅਸੀਂ ਆਪਣੇ ਫਾਰਮ ਹਾਊਸ ਵਿਚ ਲੇਬਰ ਨਾਲ ਕੰਮ ਕਰ ਰਹੇ ਸੀ| ਧਾਨ ਦੀ ਕਟਾਈ ਦਾ ਸੀਜਨ ਸੀ| ਅਸੀਂ ਤੁਰੰਤ ਲੇਬਰ ਦੀ ਛੁੱਟੀ ਕਰ ਦਿਤੀ ਅਤੇ ਆਪਸ ਵਿੱਚ ਵਿਚਾਰ ਵਟਾਂਦਰਾ ਕਰਕੇ ਮਹਿਲਾਵਾਂ ਅਤੇ ਬੱਚੇ ਨੇੜੇ ਏਅਰਫੋਰਸ ਛਾਉਣੀ ਛੱਡ ਦਿੱਤੇ|
ਸਾਡੇ ਫਾਰਮ ਹਾਊਸ ਤੇ ਦੁਪਹਿਰ 12 ਵਜੇ ਦੋ ਪੁਲੀਸ ਮੁਲਾਜਮ ਆਏ, ਉਹਨਾਂ ਨੇ ਸਾਡੀ ਸੁਰਖਿਆ ਕਰਨ ਦੀ ਥਾਂ ਸਾਡੇ ਸਾਰੇ ਭੇਤ ਅਤੇ ਸਾਡੇ ਕੋਲ ਮੌਜੂਦ ਅਸਲੇ ਬਾਰੇ ਜਾਣਕਾਰੀ ਹਾਸਿਲ ਕੀਤੀ ਅਤੇ ਭੜਕੀ ਭੀੜ ਨੂੰ ਦਸ ਦਿਤੀ| ਸਾਡੇ ਫਾਰਮ ਹਾਊਸ ਨੇੜਲੇ ਹੋਰਨਾਂ ਫਾਰਮ ਹਾਊਸਾਂ ਦੇ ਲੋਕ ਵੀ ਆਪਣੀ ਜਾਨ ਬਚਾਉਣ ਲਈ ਸਾਡੇ ਫਾਰਮ ਹਾਊਸ ਤੇ ਆ ਗਏ ਸਨ|
ਦੰਗਾਈਆਂ ਦਾ ਹਮਲਾ ਹੋਇਆ ਤਾਂ ਇਕ ਦੋ ਵਾਰ ਭੀੜ ਨੂੰ ਅਸੀਂ ਕਿਰਪਾਨਾਂ ਨਾਲ ਭਜਾਇਆ| ਫਿਰ ਸ਼ਾਮ ਦੇ ਚਾਰ ਵਜੇ ਸਾਡਾ ਫਾਰਮ ਹਾਊਸ ਕਰੀਬ 3000-4000 ਬੰਦਿਆਂ ਨੇ ਚਾਰੇ ਪਾਸੇ ਤੋਂ ਘੇਰ ਲਿਆ| ਇਸੇ ਦੌਰਾਨ ਭੜਕੀ ਭੀੜ ਵਲੋਂ ਹੋਰ ਦੁਕਾਨਾਂ ਅਤੇ ਸਟੋਰ ਲੁੱਟ ਲਏ ਗਏ| ਭੀੜ ਹੁਣ ਸਾਡੇ ਫਾਰਮ ਹਾਊਸ ਦੇ ਬਹੁਤ ਨੇੜੇ ਆ ਚੁਕੀ ਸੀ ਅਤੇ ਦੋਵਾਂ ਪਾਸਿਓਂ ਗੋਲੀ ਬਾਰੀ ਸ਼ੁਰੂ ਹੋ ਗਈ|
ਹੌਲੀ ਹੌਲੀ ਹਨੇਰਾ ਹੋ ਗਿਆ| ਭੀੜ ਫਾਰਮ ਦੇ ਨੇੜੇ ਪਹੁੰਚ ਚੁਕੀ ਸੀ ਪਰ ਹਨੇਰਾ ਹੋਣ ਕਾਰਨ ਕੁਝ ਦਿਖਾਈ ਨਹੀਂ ਸੀ ਦੇ ਰਿਹਾ| ਵਾਹਿਗੁਰੂ ਜੀ ਦੀ ਕਿਰਪਾ ਨਾਲ ਭੀੜ ਵਿੱਚ ਮੌਜੂਦ ਕਿਸੇ ਵਿਅਕਤੀ ਨੇ ਪਰਾਲੀ ਅਤੇ ਨੇੜਲੇ ਢਾਂਚੇ ਦੇ ਬਾਲਣ ਨੂੰ ਅੱਗ ਲਗਾ ਦਿਤੀ| ਅੱਗ ਦੀਆਂ ਲਪਟਾਂ ਨੇ ਸਾਰੇ ਪਾਸੇ ਚਾਨਣ ਕਰ ਦਿਤਾ| ਸਾਡੇ ਕੋਲ ਸਿਰਫ 12 ਬੋਰ ਦੀ ਦੁਨਾਲੀ ਬੰਦੂਕ ਸੀ| ਸਾਡੇ ਪਿਤਾ ਜੀ ਰਿਟਾ. ਸੂਬੇਦਾਰ ਮੇਜਰ ਆਤਮਾ ਸਿੰਘ ਵਧੀਆ ਨਿਸ਼ਾਨਚੀ ਸਨ| ਉਹਨਾ ਨੇ ਸੰਨ 1947,65,71 ਦੀਆਂ ਜੰਗਾਂ ਵਿਚ ਵੀ ਹਿੱਸਾ ਲਿਆ ਸੀ| ਸਾਡੇ ਨਾਲ ਹੀ ਬਾਰਡਰ ਫੋਰਸ ਦਾ ਫਾਇਰਮੈਨ ਬਲਦੇਵ ਸਿੰਘ ਮੌਜੂਦ ਸੀ, ਜੋ ਕਿ ਸਾਡੇ ਪਿਤਾ ਜੀ ਦੀ ਭੀੜ ਉਪਰ ਫਾਇਰ ਕਰਨ ਵਿਚ ਮਦਦ ਕਰ ਰਿਹਾ ਸੀ|
ਦੋਵਾਂ ਧਿਰਾਂ ਵਲੋਂ ਇੱਕ ਦੂਜੇ ਦੇ ਸਿੱਧੀਆਂ ਗੋਲੀਆਂ ਮਾਰੀਆਂ ਜਾਂਦੀਆਂ ਰਹੀਆਂ| ਸਾਡੇ ਤਿੰਨ ਬੰਦਿਆਂ ਦੇ ਛਰੇ ਲਗੇ ਜਦੋਂਕਿ ਭੀੜ ਵਿਚ ਕਾਫੀ ਬੰਦੇ ਜਖਮੀ ਹੋ ਗਏ| ਭੀੜ ਵਿੱਚ ਮਾਰ ਦੀਆ, ਮਾਰ ਦੀਆ ਦਾ ਰੌਲਾ ਪੈ ਗਿਆ ਅਤੇ ਸਾਡੇ ਵਲੋਂ ਚਲਾਈਆਂ ਜਾਂਦੀਆਂ ਗੋਲੀਆਂ ਤੋਂ ਡਰ ਕੇ ਭੀੜ ਵਿੱਚ ਸ਼ਾਮਲ ਬੰਦੇ ਭੱਜ ਗਏ| ਅਸੀਂ ਆਪਣੀਆਂ ਜਾਨਾਂ ਬਚਾਉਣ ਲਈ ਹੋਰਨਾਂ ਫਾਰਮ ਹਾਊਸ ਵਾਲਿਆਂ ਦੀ ਸਲਾਹ ਮੰਨ ਕੇ ਫਾਰਮ ਹਾਊਸ ਦੇ ਪਿਛਲੇ ਪਾਸੇ ਚਲੇ ਗਏ ਤਾਂ ਮੇਰੇ ਪਿਤਾ ਜੀ ਨੇ ਕਿਹਾ ਕਿ ਜੇ ਇਥੋਂ ਆਪਾਂ ਚਲੇ ਵੀ ਗਏ ਤਾਂ ਵੀ ਇਹਨਾਂ ਨੇ ਆਪਾਂ ਨੂੰ ਮਾਰ ਦੇਣਾ ਹੈ| ਇਸ ਲਈ ਇਸਦੇ ਨਾਲੋਂ ਚੰਗਾ ਹੈ ਕਿ ਇਹਨਾਂ ਦਾ ਮੁਕਾਬਲਾ ਕਰਕੇ ਮਰਿਆ ਜਾਵੇ ਅਤੇ ਅਸੀਂ ਸਾਰੇ ਜਣੇ ਫਿਰ ਫਾਰਮ ਹਾਊਸ ਦੀ ਪਹਿਲੀ ਮੰਜਲ ਉਪਰ ਆ ਗਏ| ਭੀੜ ਵਿਚੋਂ ਇਕ ਬੰਦਾ, ਜੋ ਸਾਡਾ ਹਮਦਰਦ ਸੀ, ਸਾਡੇ ਕੋਲ ਆਇਆ ਅਤੇ ਦੱਸਿਆ ਕਿ ਭੀੜ ਵਿਚ ਬਹੁਤ ਲੋਕ ਜਖਮੀ ਹੋ ਗਏ ਸਨ, ਜਿਸ ਕਰਕੇ ਬਾਕੀ ਲੋਕ ਡਰਦੇ ਮਾਰੇ ਭੱਜ ਗਏ ਹਨ| ਇਸ ਤਰਾਂ ਸ਼ਾਮ ਦੇ ਚਾਰ ਵਜੇ ਸ਼ੁਰੂ ਹੋਇਆ ਮੁਕਾਬਲਾ ਰਾਤ ਦੇ ਦਸ ਵਜੇ ਤਕ ਚਲਿਆ|
ਇਹ ਮੁਕਾਬਲਾ ਲਖਨਊ ਇਲਾਕੇ ਦਾ ਸਭ ਤੋਂ ਵੱਡਾ ਮੁਕਾਬਲਾ ਸੀ, ਫਿਰ ਰਾਤ ਨੂੰ ਐਸ ਐਸ ਪੀ, ਐਸ ਪੀ ਅਤੇ ਡੀ ਐਸ ਪੀ ਮੁਕਾਬਲੇ ਵਾਲੀ ਥਾਂ ਦਾ ਨਿਰੀਖਣ ਕਰਨ ਆਏ| ਰਾਤ ਨੂੰ ਤਿੰਨ ਵਾਰ ਪੁਲੀਸ ਵਾਲਿਆਂ ਨੇ ਸਾਡੇ ਘਰ ਦਾ ਕੋਨਾ ਕੋਨਾ ਛਾਣਿਆ ਅਤੇ ਰਾਤ ਦੌਰਾਨ ਤਿੰਨ ਤਿੰਨ ਵਾਰੀ ਸਾਡੇ ਟਰੰਕਾਂ, ਸਾਡੀਆਂ ਪੇਟੀਆਂ ਦੀ ਤਲਾਸ਼ੀ ਲਈ| ਐਸ ਐਸ ਪੀ ਨੇ ਸਾਡੇ ਕੋਲ ਮੌਜੂਦ ਅਸਲਾ ਆਪਣੇ ਕਬਜੇ ਵਿਚ ਲੈ ਲਿਆ ਪਰ ਮੇਰੇ ਪਿਤਾ ਜੀ ਨੇ ਐਸ ਐਸ ਪੀ ਦੇ ਹੱਥਾਂ ਵਿਚੋਂ ਆਪਣੀ ਬੰਦੂਕ ਖੋਹ ਲਈ ਅਤੇ ਕਿਹਾ ਕਿ ਜਾਂ ਤਾਂ ਸਾਨੁੰ ਪੂਰੀ ਸਿਕਿਓਰਟੀ ਦਿਓ ਜਾਂ ਫਿਰ ਸਾਡੇ ਹਥਿਆਰ ਸਾਡੇ ਕੋਲ ਰਹਿਣ ਦਿਓ ਕਿਉਂਕਿ ਸਾਡੇ ਕੋਲ ਇਹਨਾਂ ਹਥਿਆਰਾਂ ਦੇ ਲਾਇਸੈਂਸ ਹਨ| ਫਿਰ ਐਸ ਐਸ ਪੀ ਨੇ ਸਾਡਾ ਅਸਲਾ ਸਾਨੂੰ ਵਾਪਸ ਦੇ ਦਿਤਾ ਅਤੇ ਸਿਕਿਓਰਟੀ ਲਈ ਦੋ ਗੰਨਮੈਨ ਦੇ ਦਿਤੇ|
ਸਾਡੇ ਵਲੋਂ ਦੰਗਈ ਭੀੜ ਦਾ ਮੁਕਾਬਲਾ ਕਰਨ ਕਰਕੇ ਦੰਗਾਕਾਰੀਆਂ ਦੀ ਮੁੜ ਸਾਡੇ ਫਾਰਮ ਹਾਊਸ ਵਲ ਆਉਣ ਦੀ ਹਿੰਮਤ ਨਹੀਂ ਪਈ, ਇਸ ਤਰਾਂ ਸਾਡੇ ਫਾਰਮ ਹਾਊਸ ਸਮੇਤ ਸਾਡੇ ਨੇੜਲੇ ਫਾਰਮ ਹਾਊਸ ਵੀ ਬਚ ਗਏ| ਬਾਅਦ ਵਿੱਚ ਅਸੀਂ ਪੰਜਾਬ ਦੇ ਮੋਰਿੰਡਾ ਇਲਾਕੇ ਵਿੱਚ ਸਿਫਟ ਹੋ ਗਏ ਪਰ ਪੰਜਾਬ ਸਰਕਾਰ ਵਲੋਂ ਸਾਨੂੰ ਕੋਈ ਲਾਲ ਕਾਰਡ ਨਾ ਬਣਾ ਕੇ ਦਿਤਾ ਗਿਆ|
ਜਸਪਾਲ ਸਿੰਘ ਦਿਊਲ
ਫੋਨ 9501000789

Leave a Reply

Your email address will not be published. Required fields are marked *