ਸੰਮਤੀ ਚੋਣਾਂ ਵਿੱਚ ਕਾਂਗਰਸ ਦੀ ਝੰਡੀ, ਪੰਜਾਬ ਦੀਆਂ ਜਿਆਦਾਤਰ ਜਿਲ੍ਹਾ ਪ੍ਰੀਸ਼ਦਾਂ ਤੇ ਬਲਾਕ ਸੰਮਤੀਆਂ ਤੇ ਕਾਂਗਰਸ ਕਾਬਿਜ

ਐਸ ਏ ਐਸ ਨਗਰ, 22 ਸਤੰਬਰ (ਸ.ਬ.) ਪੰਜਾਬ ਵਿਚ ਹੋਈਆਂ 22 ਜ਼ਿਲਾ ਪ੍ਰੀਸ਼ਦ ਅਤੇ 150 ਪੰਚਾਇਤ ਸੰਮਤੀਆਂ ਲਈ ਹੋਈਆਂ ਚੋਣਾਂ ਵਿੱਚ ਪੰਜਾਬ ਦੀ ਸੱਤਾਧਾਰੀ ਕਾਂਗਰਸ ਪਾਰਟੀ ਨੂੰ ਵੱਡੀ ਜਿੱਤ ਹਾਸਿਲ ਹੋਈ ਹੈ ਅਤੇ ਉਸਦਾ ਜਿਆਦਾਤਰ ਬਲਾਕ ਸੰਮਤੀਆਂ ਅਤੇ ਜਿਲ੍ਹਾ ਪ੍ਰੀਸ਼ਦਾਂ ਦਾ ਕਬਜਾ ਹੋਣਾ ਤੈਅ ਹੈ| ਇਸ ਸੰਬੰਧੀ ਜਿੱਥੇ ਸੱਤਾਧਾਰੀ ਆਗੂ ਇਸਨੂੰ ਜਨਤਾ ਵਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵਲੋਂ ਕੀਤੇ ਗਏ ਲੋਕਭਲਾਈ ਦੇ ਕੰਮਾਂ ਦੇ ਹੱਕ ਵਿੱਚ ਕੀਤਾ ਗਿਆ ਸਮਰਥਨ ਦੱਸ ਰਹੇ ਹਨ ਉੱਥੇ ਦੂਜੇ ਪਾਸੇ ਅਕਾਲੀ ਦਲ ਵਲੋਂ ਇਲਜਾਮ ਲਗਾਇਆ ਜਾ ਰਿਹਾ ਹੈ ਕਿ ਸੱਤਾਧਾਰੀ ਆਗੂਆਂ ਵਲੋਂ ਜੋਰ ਜਬਰਦਸਤੀ ਅਤੇ ਗੁੰਡਾਗਰਦੀ ਦਾ ਸਹਾਰਾ ਲੈ ਕੇ ਚੋਣਾ ਵਿੱਚ ਜਿੱਤ ਹਾਸਿਲ ਕੀਤੀ ਗਈ ਹੈ|
ਇਸ ਸੰਬੰਧੀ ਵੋਟਾਂ ਦੀ ਗਿਣਤੀ ਦਾ ਕੰਮ ਚਲ ਰਿਹਾ ਹੈ ਅਤੇ ਅਧਿਕਾਰਤ ਤੌਰ ਤੇ ਪੂਰੇ ਨਤੀਜੇ ਦੇਰ ਰਾਤ ਤਕ ਜਾਰੀ ਹੋਣਗੇ ਪਰੰਤੂ ਵੱਖ ਵੱਖ ਥਾਵਾਂ ਤੋਂ ਮਿਲ ਰਹੇ ਰੁਝਾਨਾਂ ਵਿੱਚ ਕਾਂਗਰਸ ਪਾਰਟੀ ਸਭ ਤੋਂ ਅੱਗੇ ਚੱਲ ਰਹੀ ਹੈ| ਪ੍ਰਾਪਤ ਖਬਰਾਂ ਅਨੁਸਾਰ ਪੰਚਾਇਤ ਸੰਮਤੀ ਚੋਣਾਂ ਵਿਚ ਬਲਾਕ ਸੰਮਤੀਆਂ ਲਈ ਕੁਲ 2972 ਜੋਨਾਂ ਵਿੱਚੋਂ ਕਾਂਗਰਸ ਨੇ 862 ਸੀਟਾਂ ਜਿੱਤ ਚੁੱਕੀ ਹੈ, ਜਦਕਿ ਅਕਾਲੀ ਦਲ ਨੂੰ 108 ਅਤੇ ਆਮ ਆਦਮੀ ਪਾਰਟੀ ਨੂੰ ਸਿਰਫ 7 ਸੀਟਾਂ ਮਿਲੀਆਂ ਹਨ| ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਬਣੀਆਂ ਕੁਲ 354 ਜ਼ੋਨਾਂ ਵਿੱਚੋਂ ਕਾਂਗਰਸ ਹੁਣ ਤੱਕ 85 ਸੀਟਾਂ ਜਿੱਤ ਚੁੱਕੀ ਹੈ ਜਦੋਂਕਿ ਅਕਾਲੀ ਦਲ ਨੂੰ ਸਿਰਫ 8 ਸੀਟਾਂ ਹਾਸਿਲ ਹੋਈਆਂ ਸਨ| ਨਤੀਜਿਆਂ ਦਾ ਰਸਮੀ ਐਲਾਨ ਦੇਰ ਰਾਤ ਤਕ ਹੀ ਸੰਭਵ ਹੋ ਪਾਏਗਾ|
ਮੁਹਾਲੀ ਜਿਲ੍ਹੇ ਵਿੱਚ ਵੋਟਾਂ ਦੀ ਗਿਣਤੀ ਦਾ ਕੰਮ ਜਾਰੀ ਹੈ ਅਤੇ ਇੱਥੇ ਰਾਤ ਤੱਕ ਨਤੀਜੇ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਮ ਚਾਰ ਵਜੇ ਤੱਕ ਖਰੜ ਬਲਾਕ ਦੀਆਂ 23 ਵਿੱਚੋਂ 8 ਸੀਟਾਂ ਦੀ ਗਿਣਤੀ ਮੁਕੰਮਲ ਹੋ ਗਈ ਸੀ ਜਿਹਨਾਂ ਵਿੱਚੋਂ ਕਾਂਗਰਸ ਨੇ 7 ਸੀਟਾਂ ਜਿੱਤੀਆਂ ਸਨ ਜਦੋਂਕਿ 1 ਸੀਟ ਆਜਾਦ ਉਮੀਦਵਾਰ ਦੇ ਖਾਤੇ ਪਈ ਸੀ|
ਇਸ ਦੌਰਾਨ ਖੂਨੀਮਾਜਰਾ ਗਿਣਤੀ ਕੇਂਦਰ ਦੇ ਬਾਹਰ ਅਕਾਲੀ ਵਰਕਰਾਂ ਵਲੋਂ ਕਾਂਗਰਸ ਪਾਰਟੀ ਦੇ ਵਰਕਰਾਂ ਉੱਪਰ ਉਹਨਾਂ ਨਾਲ ਧੱਕੇਸ਼ਾਹੀ ਅਤੇ ਖਿੱਚਧੂਹ ਕਰਨ ਦੇ ਇਲਜਾਮ ਲਗਾਏ ਗਏ ਅਤੇ ਸਰਕਾਰ ਦੇ ਖਿਲਾਫ ਨਾਹਰੇਬਾਜੀ ਕੀਤੀ ਗਈ|

Leave a Reply

Your email address will not be published. Required fields are marked *