ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ ਤੋਂ ਬਾਹਰ ਹੋਇਆ ਅਮਰੀਕਾ

ਵਾਸ਼ਿੰਗਟਨ, 20 ਜੂਨ (ਸ.ਬ.) ਅਮਰੀਕਾ ਨੇ ਅੱਜ ਖੁਦ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ ਤੋਂ ਵੱਖ ਕਰਦੇ ਹੋਏ ਸੰਗਠਨ ਦੇ ਮੈਂਬਰਾਂ ਦੇ ”ਪਾਖੰਡ” ਲਈ ਉਨ੍ਹਾਂ ਦੀ ਆਲੋਚਨਾ ਕੀਤੀ| ਇਸ ਦੇ ਨਾਲ ਹੀ ਇਜ਼ਰਾਇਲ ਵਿਰੁੱਧ ਬਹੁਤ ਕਠੋਰਤਾ ਨਾਲ ਭੇਦਭਾਵ ਕਰਨ ਦਾ ਇਲਜਾਮ ਲਗਾਇਆ| ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਰਾਜਦੂਤ ਨਿੱਕੀ ਹੈਲੀ ਨੇ ਵਾਸ਼ਿੰਗਟਨ ਵਿਚ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨਾਲ ਮਿਲ ਕੇ ਇਹ ਐਲਾਨ ਕੀਤਾ| ਹਾਲਾਂਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੀਨੀਅਰ ਡਿਪਲੋਮੈਟ ਪੋਂਪਿਓ ਅਤੇ ਹੈਲੀ ਦੋਹਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਅਮਰੀਕਾ ਮਨੁੱਖੀ ਅਧਿਕਾਰਾਂ ਦੀ ਵਕਾਲਤ ਕਰਨ ਵਿਚ ਸਭ ਤੋਂ ਅੱਗੇ ਰਹੇਗਾ ਪਰ ਬਹੁਤ ਸਾਰੇ ਲੋਕਾਂ ਲਈ ਇਹ ਗਲੋਬਲ ਸੰਗਠਨ ਅਤੇ ਬਹੁਪੱਖੀ ਕੂਟਨੀਤੀ ਦੇ ਪ੍ਰਤੀ ਟਰੰਪ ਦੀ ਨਫਰਤ ਦਰਸਾਉਣ ਵਾਲਾ ਫੈਸਲਾ ਹੋਵੇਗਾ| ਗੌਰਤਲਬ ਹੈ ਕਿ ਹੈਲੀ ਵੱਲੋਂ ਇਸ ਐਲਾਨ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ ਦੇ ਇਕ ਸੀਨੀਅਰ ਅਧਿਕਾਰੀ ਨੇ ਅਮਰੀਕਾ-ਮੈਕਸੀਕੋ ਸੀਮਾ ਤੇ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਬੱਚਿਆਂ ਤੋਂ ਵੱਖ ਕਰਨ ਦੀ ਅਮਰੀਕੀ ਨੀਤੀ ਦੀ ਆਲੋਚਨਾ ਕੀਤੀ ਸੀ| ਹਾਲਾਂਕਿ ਹੈਲੀ ਅਤੇ ਪੋਂਪਿਓ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੱਕ ਪਰਿਸ਼ਦ ਵਿਚ ਸੁਧਾਰ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੇ ਰਾਸ਼ਟਰਾਂ ਦੀ ਮੈਂਬਰਸ਼ਿਪ ਖਤਮ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਅਦ ਅਮਰੀਕਾ ਨੇ ਇਹ ਫੈਸਲਾ ਲਿਆ ਹੈ| ਹੈਲੀ ਨੇ ਕਿਹਾ ਕਿ ਪਰਿਸ਼ਦ ਨੂੰ ਮਨੁੱਖੀ ਅਧਿਕਾਰਾਂ ਦੇ ਪ੍ਰਤੀ ਗੰਭੀਰ ਬਨਾਉਣ ਲਈ ਇਹ ਸੁਧਾਰ ਜਰੂਰੀ ਹਨ| ਉਨ੍ਹਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਮਨੁੱਖੀ ਅਧਿਕਾਰ ਪਰਿਸ਼ਦ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲਿਆਂ ਦਾ ਗਾਰਡੀਅਨ ਰਿਹਾ ਹੈ ਅਤੇ ਸਿਆਸੀ ਭੇਦਭਾਵ ਦਾ ਗੜ੍ਹ ਬਣਦਾ ਜਾ ਰਿਹਾ ਹੈ| ਦੁੱਖ ਦੀ ਗੱਲ ਹੈ ਕਿ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਸੁਧਾਰ ਦੀ ਸਾਡੀ ਅਪੀਲ ਨਹੀਂ ਸੁਣੀ ਜਾ ਰਹੀ ਹੈ|

Leave a Reply

Your email address will not be published. Required fields are marked *