ਸੰਸਥਾ ਹੈਲਪਿੰਗ ਹੈਪਲੈਸ ਦੀ ਟੀਮ ਨੇ 16 ਨੌਜਵਾਨਾਂ ਤੋਂ ਠੱਗੇ ਪੈਸੇ ਟ੍ਰੈਵਲ ਏਜੰਟ ਤਂੋ ਕਰਵਾਏ ਵਾਪਿਸ

ਚੰਡੀਗੜ੍ਹ , 5 ਮਾਰਚ (ਸ.ਬ.) ਸੰਸਥਾ ਹੈਲਪਿੰਗ ਹੈਪਲੈਸ ਦੀ ਸੰਚਾਲਕ ਬੀਬੀ ਅਮਨਜੋਤ ਕੌਰ ਰਾਮੂੰਵਾਲੀਆ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੀ ਸੰਸਥਾ ਵਲੋਂ ਇੱਕ ਟ੍ਰੈਵਲ ਏਜੰਟ ਵਲੋਂ 16 ਨੌਜਵਾਨ ਤੋਂ ਠੱਗੇ ਗਏ ਪੈਸੇ ਵਾਪਸ ਕਰਵਾਏ ਗਏ ਹਨ|
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਰਾਮੂੰਵਾਲੀਆ ਨੇ ਕਿਹਾ ਕਿ ਵਿਦੇਸ਼ ਨੂੰ ਜਾਣ ਲਈ ਲੱਗੀ ਹੋੜ ਵਿੱਚ ਪੰਜਾਬੀ ਨੌਜਵਾਨ ਦਿਨ ਪ੍ਰਤੀ ਦਿਨ ਭੱਜੇ ਜਾ ਰਹੇ ਹਨ| ਪੰਜਾਬ ਦੇ ਨੌਜਵਾਨ ਪੰਜਾਬ ਵਿੱਚ ਕੰਮ ਕਰਨ ਦੀ ਥਾਂ ਵਿਦੇਸ਼ਾਂ ਨੂੰ ਜਾਣ ਲਈ ਟ੍ਰੈਵਲ ਏਜੰਟਾਂ ਨੂੰ ਲੱਖਾਂ ਰੁਪਏ ਕਰਜੇ ਤੇ ਚੁੱਕ ਕੇ ਦੇ ਰਹੇ ਹਨ, ਜਿਸ ਨਾਲ ਕਈ ਪਰਿਵਾਰ ਘਰਾਂ ਤੋਂ ਵੀ ਬੇਘਰ ਹੋ ਗਏ ਹਨ| ਇਹ ਏਜੰਟ ਪੰਜਾਬ ਦੇ ਕਿਸਾਨਾਂ ਦੀ ਹਜਾਰਾਂ ਹੀ ਏਕੜ ਜਮੀਨ ਵੇਚ ਕੇ ਖਾ ਚੁੱਕੇ ਹਨ| ਹੁਣ ਏਜੰਟ ਅਰਬ ਦੇਸ਼ਾਂ ਵਿੱਚ ਨੌਜਵਾਨ ਲੜਕੇ ਲੜਕੀਆਂ ਨੂੰ ਵੇਚ ਦਿੰਦੇ ਹਨ ਅਤੇ ਉਹਨਾਂ ਨੂੰ ਉਥੇ ਗੁਲਾਮ ਬਣਾ ਲਿਆ ਜਾਦਾ ਹੈ|
ਉਹਨਾਂ ਕਿਹਾ ਕੁਝ ਦਿਨ ਪਹਿਲਾਂ ਹੀ ਉਹਨਾਂ ਕੋਲ ਇਕ ਏਜੰਟ ਦੇ ਖਿਲਾਫ ਸ਼ਿਕਾਇਤ ਲੈ ਕਿ ਕੁਝ ਨੌਜਵਾਨ ਲੜਕੇ ਤੇ ਲੜਕੀਆਂ ਆਈਆਂ ਸਨ| ਜਿਨ੍ਹਾਂ ਨੇ ਦੱਸਿਆ ਕਿ ਇਕ ਏਜੰਟ ਨੇ ਉਹਨਾਂ ਤੋਂ ਆਸਟ੍ਰੇਲੀਆ ਤੇ ਕੈਨੇਡਾ ਭੇਜਣ ਲਈ ਕਿਸੇ ਤੋਂ 5 ਲੱਖ ਤੇ ਕਿਸੇ ਤੋਂ 7 ਲੱਖ ਰੁਪਏ ਲਏ ਹਨ| ਹੁਣ ਨਾ ਤਾਂ ਉਹਨਾਂ ਨੂੰ ਵਿਦੇਸ਼ ਭੇਜਿਆ ਜਾ ਰਿਹਾ ਹੈ ਅਤੇ ਨਾ ਹੀ ਉਹਨਾਂ ਦੇ ਪੈਸੇ ਵਾਪਿਸ ਕਰ ਰਿਹਾ ਹੈ|
ਉਹਨਾਂ ਕਿਹਾ ਕਿ ਜਦੋਂ ਉਹਨਾਂ ਸੰਸਥਾ ਨੇ ਪੂਰੇ ਕੇਸ ਬਾਰੇ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਇਹ ਤਾਂ ਕਰੋੜਾਂ ਰੁਪਏ ਦੀ ਠੱਗੀ ਹੈ| ਉਨਾਂ ਦੀ ਸੰਸਥਾਂ ਨੇ ਇਹਨਾਂ ਪੰਜਾਬੀ ਨੌਜਵਾਨਾਂ ਦੀ ਮੱਦਦ ਕੀਤੀ ਜਿਸ ਦੇ ਸਦਕਾ ਹੁਣ ਇਹਨਾਂ ਨੌਜਵਾਨਾਂ ਦੇ ਪੈਸੇ ਏਜੰਟ ਤੋਂ ਵਾਪਿਸ ਕਰਵਾਉਣ ਵਿੱਚ ਸਫਲ ਹੋ ਗਏ|
ਇਸ ਮੌਕੇ ਨੌਜਵਾਨ ਜਗਮੋਹਣ ਸਿੰਘ, ਹਰਵਿੰਦਰ ਸਿੰਘ, ਨਵਦੀਪ ਸਰਮਾ ਤੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਏਜੰਟ ਨੇ ਉਹਨਾਂ ਨੂੰ ਵਿਦੇਸ਼ ਭੇਜਣ ਦੇ ਸਬਜਬਾਗ ਦਿਖਾ ਕਿ ਉਹਨਾਂ ਕੋਲੋਂ ਪੈਸੇ ਠੱਗ ਲਏ ਸਨ ਤੇ ਪੈਸੇ ਵਾਪਿਸ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਸੀ ਪਰ ਇਸ ਸੰਸਥਾ ਦੀ ਮਦਦ ਨਾਲ ਏਜੰਟ ਤੋਂ ਪੈਸੇ ਵਾਪਸ ਮਿਲ ਗਏ ਹਨ| ਇਸ ਮੌਕੇ ਸ: ਕੁਲਦੀਪ ਸਿੰਘ ਬੈਰੋਪੁਰ ਸਕੱਤਰ ਹੈਲਪਿੰਗ ਹੈਪਲੈਸ, ਸ਼ਿਵ ਕੁਮਾਰ, ਗੁਰਪਾਲ ਸਿੰਘ ਮਾਨ ਹਾਜਰ ਸਨ|

Leave a Reply

Your email address will not be published. Required fields are marked *