ਸੰਸਥਾ ਹੈਲਪਿੰਗ ਹੈਪਲੈਸ ਦੇ ਉਦਮ ਸਦਕਾ ਦੋ ਪੰਜਾਬੀ ਨੌਜਵਾਨ 2 ਸਾਲ ਬਾਅਦ ਅਮਾਨ ਤੋਂ ਆਪਣੇ ਘਰ ਪਰਤੇ

ਚੰਡੀਗੜ੍ਹ, 15 ਮਾਰਚ (ਸ.ਬ.) ਸੰਸਥਾ ਹੈਲਪਿੰਗ ਹੈਪਲੈਸ ਦੀ ਸੰਚਾਲਕ ਬੀਬੀ ਅਮਨਜੋਤ ਕੌਰ ਰਾਮੂੰਵਾਲੀਆ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੀ ਸੰਸਥਾ ਦੀ ਮਦਦ ਨਾਲ ਦੋ ਪੰਜਾਬੀ ਨੌਜਵਾਨ 2 ਸਾਲ ਬਾਅਦ ਅਮਾਨ ਤੋਂ ਆਪਣੇ ਘਰ ਪਰਤ ਆਏ ਹਨ| ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਰਾਮੂੰਵਾਲੀਆ ਨੇ ਕਿਹਾ ਕਿ ਦੋ ਨੌਜਵਾਨ ਬ੍ਰਿਕਰਮਜੀਤ ਸਿੰਘ ਤੇ ਅਜੈ ਕੁਮਾਰ 2 ਸਾਲ ਪਹਿਲਾਂ ਜੌਰਡਨ ਦੇ ਅਮਾਨ ਸ਼ਹਿਰ ਵਿੱਚ ਕੰਮ ਕਰਨ ਲਈ ਗਏ ਸਨ| ਉਥੇ ਉਹਨਾਂ ਤੋਂ ਸਖ਼ਤ ਮਿਹਨਤ ਕਰਵਾਈ ਗਈ| ਉਸ ਤੋਂ ਬਾਅਦ ਵੀ ਮਾਲਿਕ ਨੇ ਕੁਝ ਮਹੀਨੇ ਉਪਰੰਤ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ| ਇਹਨਾਂ ਨੂੰ ਤਨਖਾਹ ਵੀ ਨਹੀ ਸੀ ਦਿੱਤੀ ਜਾਂਦੀ ਤੇ ਉਹਨਾਂ ਨੂੰ ਖਾਣ-ਪੀਣ ਤੇ ਰਹਿਣ ਵਿੱਚ ਵੀ ਬਹੁਤ ਮੁਸ਼ਕਿਲ ਆਉਂਦੀ ਸੀ| ਇਹਨਾਂ ਦੇ ਪਾਸਪੋਰਟ ਵੀ ਮਾਲਿਕ ਨੇ ਲੈ ਕੇ ਰੱਖ ਲਏ ਸਨ| ਜਿਸ ਕਰਕੇ ਇਹ ਵਾਪਿਸ ਦੇਸ਼ ਨਹੀਂ ਆ ਸਕਦੇ ਸਨ| ਟਰੈਵਲਏਜੰਟ ਨੇ ਇਨ੍ਹਾਂ ਨੂੰ ਵਿਜ਼ਟਰ ਵੀਜ਼ੇ ਤੇ ਭੇਜਿਆ ਸੀ ਤੇ ਉਥੇ 50 ਹਜ਼ਾਰ ਲੈ ਕੇ ਵਰਕ ਵੀਜ਼ਾ ਲੈ ਕੇ ਦੇਣ ਦੀ ਗੱਲ ਹੋਈ ਸੀ ਪਰ ਜਿਨ੍ਹਾਂ ਉਹ ਖਰਚ ਕਰਕੇ ਗਏ ਤੇ ਉਨਾਂ ਹੀ ਗੁਆ ਕੇ, ਮੁਫਤ ਕੰਮ ਕਰਕੇ ਤੇ ਤਕਲੀਫਾਂ ਝੱਲ ਕੇ ਵਾਪਿਸ ਘਰ ਆਏ ਹਨ|
ਬੀਬੀ ਰਾਮੂੰਵਾਲੀਆ ਨੇ ਦੱਸਿਆ ਕਿ ਇਹਨਾਂ ਦੇ ਮਾਤਾ ਪਿਤਾ ਕੁਝ ਦਿਨ੍ਹਾਂ ਪਹਿਲਾਂ ਉਹਨਾਂ ਕੋਲ ਮੱਦਦ ਲੈਣ ਲਈ ਆਏ ਸਨ| ਜਿਸ ਤੋਂ ਬਾਅਦ ਉਹਨਾਂ ਨੇ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ| ਇਸ ਉਪਰੰਤ ਇਹਨਾਂ ਨੂੰ 20 ਦਿਨਾਂ ਦੇ ਅੰਦਰ ਅੰਦਰ ਪੰਜਾਬ ਵਾਪਿਸ ਲੈ ਕੇ ਆਏ| ਇਹਨਾਂ ਨੌਜਵਾਨਾਂ ਦੀ ਉਮਰ 20 ਸਾਲ ਹੈ| ਬੀਬੀ ਰਾਮੂੰਵਾਲੀਆ ਨੇ ਕਿਹਾ ਕਿ ਪੰਜਾਬੀ ਨੌਜਵਾਨ ਟਰੈਵਲ ਏਜੰਟਾ ਦੇ ਹੱਥ ਚੱੜ ਕੇ ਵਿਦੇਸ਼ ਜਾਣ ਦੇ ਚਾਅ ਵਿੱਚ ਘਰੋਂ ਜਾਂਦੇ ਹਨ ਪਰ ਖੱਜਲ ਖੁਆਰ ਹੋ ਕੇ ਦੇਸ਼ ਪਰਤਦੇ ਹਨ| ਬੀਬੀ ਰਾਮੂੰਵਾਲੀਆ ਨੇ ਪੰਜਾਬੀ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਦੇਸ਼ ਵਿਚ ਰਹਿ ਕੇ ਹੀ ਕੰਮ ਕਰਨ ਤੇ ਜੇਕਰ ਜਾਣਾ ਵੀ ਹੈ ਤਾਂ ਉਹਨਾਂ ਦੀ ਮੋਬਾਈਲ ਐਪ ਹੈਲਪਿੰਗ ਹੈਪਲੈਸ ਡਾਉਨ ਲੋਡ ਕਰਕੇ ਜਾਣ ਤਾਂ ਕਿ ਜੇ ਕੋਈ ਤਕਲੀਫ ਆਵੇ ਤੇ ਤੇਜ਼ੀ ਨਾਲ ਉਹਨਾਂ ਦੀ ਮੱਦਦ ਕੀਤੀ ਜਾ ਸਕੇ| ਇਸ ਮੌਕੇ ਸ਼ਿਵ ਕੁਮਾਰ ਸਲਾਹਕਾਰ, ਅਰਵਿੰਦਰ ਸਿੰਘ ਭੁੱਲਰ ਸਮਾਜ ਸੇਵੀ ਆਦਿ ਹਾਜ਼ਰ ਸਨ|

Leave a Reply

Your email address will not be published. Required fields are marked *