ਸੰਸਦ ਵਿੱਚ ਹੋਈ ਵੋਟਿੰਗ ਨੂੰ ਲੈ ਕੇ ਕਿਸਾਨਾਂ ਨੂੰ ਬੇਵਕੂਫ ਨਾ ਬਣਾਏ ਬਾਦਲ ਦਲ : ਬੱਬੀ ਬਾਦਲ

ਸੰਸਦ ਵਿੱਚ ਹੋਈ ਵੋਟਿੰਗ ਨੂੰ ਲੈ ਕੇ ਕਿਸਾਨਾਂ ਨੂੰ ਬੇਵਕੂਫ ਨਾ ਬਣਾਏ ਬਾਦਲ ਦਲ : ਬੱਬੀ ਬਾਦਲ
ਜ਼ਬਾਨੀ ਪਾਸ ਕੀਤਾ ਗਿਆ ਕਿਸਾਨ ਵਿਰੋਧੀ ਬਿੱਲ
ਐਸ.ਏ.ਐਸ ਨਗਰ,16 ਸਤੰਬਰ (ਸ.ਬ.) ਸ਼੍ਰੋਮਣੀ ਯੂਥ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਕਿਹਾ ਹੈ ਕਿ             ਕੇਂਦਰ ਵੱਲੋਂ ਸੰਸਦ ਵਿੱਚ ਪੇਸ਼ ਕੀਤੇ ਤਿੰਨੇ ਕਿਸਾਨ ਵਿਰੋਧੀ ਆਰਡੀਨੈਂਸਾਂ (ਜਿਨ੍ਹਾਂ ਵਿਚੋਂ ਪਹਿਲਾ ਆਰਡੀਨੈਸ ਬਿੱਲ ਪਾਸ ਕਰ ਦਿੱਤਾ ਗਿਆ ਹੈ) ਬਾਰੇ ਸੁਖਬੀਰ ਸਿੰਘ ਬਾਦਲ ਕਿਸਾਨਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ| ਉਹਨਾਂ ਕਿਹਾ ਕਿ ਸ੍ਰ. ਬਾਦਲ ਦਾ ਕਹਿਣਾ ਕਿ ਉਨ੍ਹਾਂ ਬਿੱਲ ਦੇ ਵਿਰੋਧ ਵਿੱਚ ਵੋਟਿੰਗ ਕੀਤੀ ਹੈ, ਕਿਸਾਨਾਂ ਨੂੰ ਬੇਵਕੂਫ ਬਣਾਉਣ ਵਾਲੀ ਗੱਲ ਹੈ ਜਦੋਂਕਿ ਸੰਸਦ ਵਿੱਚ ਵੋਟਿੰਗ ਹੋਈ ਹੀ ਨਹੀਂ ਅਤੇ ਇਸ ਬਿੱਲ ਨੂੰ ਜ਼ਬਾਨੀ ਪਾਸ ਕੀਤਾ ਗਿਆ ਹੈ| 
ਉਹਨਾਂ ਕਿਹਾ ਕਿ ਬਾਦਲ ਦਲ  ਪਹਿਲੇ ਦਿਨ ਤੋਂ ਹੀ, ਜਦੋ ਮੋਦੀ ਕੈਬਨਿਟ ਵਿੱਚ ਇਸ ਕਿਸਾਨ ਵਿਰੋਧੀ ਬਿੱਲ ਨੂੰ ਪਾਸ ਕੀਤਾ ਗਿਆ ਹੈ ਅਤੇ ਹਰਸਿਮਰਤ ਕੌਰ ਬਾਦਲ ਨੇ ਇਸ ਬਿੱਲ ਉੱਤੇ ਦਸਤਖਤ  ਕੀਤੇ ਹਨ, ਕਿਸਾਨਾਂ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ| ਪਹਿਲਾਂ ਸੁਖਬੀਰ ਬਾਦਲ              ਖੇਤੀਬਾੜੀ ਮੰਤਰੀ ਦੀ ਚਿੱਠੀ ਵਿਖਾ ਕੇ ਇਹਨਾਂ ਤਿੰਨੇ ਆਰਡੀਨੈਂਸਾਂ ਨੂੰ ਕਿਸਾਨ ਪੱਖੀ ਦੱਸਦੇ ਰਹੇ| ਇਸ ਦੌਰਾਨ ਖੁਦ ਨੂੰ ਕਿਸਾਨਾਂ ਦਾ ਮਸੀਹਾ ਅਖਵਾਉਣ ਵਾਲੇ ਅਤੇ ਪੰਜ ਵਾਰੀ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਵੀ ਇਸ ਬਿੱਲ ਨੂੰ ਕਿਸਾਨਾਂ ਦੇ ਹਿੱਤਾਂ ਵਾਲਾ ਦਸ ਕੇ ਸਮਰਥਨ ਕਰ ਦਿੱਤਾ|
ਬੱਬੀ ਬਾਦਲ ਨੇ ਕਿਹਾ ਕਿ ਕਿਸਾਨਾਂ ਦੇ ਗੰਭੀਰ ਮੁੱਦੇ ਉੱਤੇ ਹਰਸਿਮਰਤ ਕੌਰ ਬਾਦਲ ਦਾ ਸੰਸਦ ਵਿੱਚ ਨਾ ਜਾਣਾ ਸਾਬਿਤ ਕਰਦਾ ਹੈ ਕਿ ਉਹ ਸਿਰਫ ਕੁਰਸੀ ਨੂੰ ਬਚਾਉਣ ਦੀ ਲੜਾਈ ਲੜ ਰਹੀ ਹੈ ਨਾ ਕੇ ਕਿਸਾਨਾਂ ਦੀ| ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦਾ ਕਿਸਾਨਾਂ ਦੇ ਹੱਕ ਵਿੱਚ ਖੜਨ ਦਾ ਪੈਮਾਨਾ ਕੇਂਦਰੀ ਵਿਜਾਰਤ ਵਿੱਚੋ ਅਸਤੀਫਾ ਹੈ ਨਾ ਕੇ ਕਿਸਾਨਾਂ ਨਾਲ ਦੋਗਲੀ ਰਾਜਨੀਤੀ ਕਰਨਾ| ਉਨ੍ਹਾਂ ਕਿਹਾ ਕਿ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸ: ਸੁਖਦੇਵ ਸਿੰਘ ਢੀਂਡਸਾ  ਪਹਿਲੇ ਦਿਨ ਤੋਂ ਇਹਨਾਂ ਆਰਡੀਨੈਂਸਾ ਦਾ ਵਿਰੋਧ ਕਰ ਰਹੇ ਹਨ  ਅਤੇ ਕਿਸਾਨਾਂ ਦੇ ਹੱਕ ਵਿੱਚ ਡੱਟ ਕੇ ਖੜੇ ਹਨ ਅਤੇ ਇਹਨਾਂ ਆਗੂਆਂ ਨੇ ਸਪੱਸ਼ਟ ਕੀਤਾ ਹੈ ਕਿ ਕਿਸਾਨ ਮਾਰੂ ਆਰਡੀਨੈਂਸਾ ਨੂੰ ਰੱਦ ਕਰਵਾਉਣ ਲਈ ਹਰ ਇੱਕ ਕੁਰਬਾਨੀ ਲਈ ਤਿਆਰ ਹਨ  ਤਾਂ ਜੋ ਕਿਸਾਨੀ ਨੂੰ ਬਚਾਇਆ ਜਾ ਸਕੇ|

Leave a Reply

Your email address will not be published. Required fields are marked *