ਸੱਟਾ ਮਾਫੀਆ ਉਪਰ ਕਾਬੂ ਪਾਵੇ ਪੰਜਾਬ ਸਰਕਾਰ : ਨਿਸ਼ਾਂਤ ਸ਼ਰਮਾ

ਐਸ ਏ ਐਸ ਨਗਰ, 25 ਨਵੰਬਰ (ਸ.ਬ.) ਪੰਜਾਬ ਵਿਚ ਲਾਟਰੀ ਦੀ ਆੜ ਵਿਚ ਸੱਟੇਬਾਜੀ ਦਾ ਧੰਦਾ ਸ਼ਰੇਆਮ ਚਲ ਰਿਹਾ ਹੈ, ਜਿਸ ਨੂੰ ਕਾਬੂ ਕਰਨ ਵਿਚ ਪੰਜਾਬ ਸਰਕਾਰ ਬਿਲਕੁਲ ਅਸਫਲ ਸਾਬਿਤ ਹੋਈ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼ਿਵ ਸੈਨਾ ਹਿੰਦ ਦੇ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ਨੇ ਕੀਤਾ|
ਉਹਨਾਂ ਕਿਹਾ ਕਿ ਪੰਜਾਬ ਵਿੱਚ ਸੱਟੇਬਾਜੀ, ਮੈਚ ਫਿਕਸਿੰਗ, ਲਾਟਰੀ ਸੱਟੇਬਾਜਾਂ ਦਾ ਗੈਰਕਾਨੂੰਨੀ ਵਪਾਰ ਧੜੱਲੇ ਨਾਲ ਚਲ ਰਿਹਾ ਹੈ| ਨਜਾਇਜ ਰੂਪ ਵਿੱਚ ਲਾਟਰੀ ਸਟਾਲਾਂ ਤੇ ਕਾਲਾ ਧੰਦਾ ਵੀ ਚਲ ਰਿਹਾ ਹੈ|
ਉਹਨਾਂ ਕਿਹਾ ਕਿ ਇਸ ਧੰਦੇ ਨੂੰ ਗੈਂਗਸਟਰ ਅਤੇ ਅੱਤਵਾਦੀ ਕੰਟਰੋਲ ਕਰਦੇ ਹਨ ਅਤੇ ਇਸ ਤਰ੍ਹਾਂ ਕਾਲੇ ਧਨ ਨੂੰ ਚਿੱਟਾ ਕੀਤਾ ਜਾ ਰਿਹਾ ਹੈ, ਫਿਰ ਇਸ ਪੈਸੇ ਦੀ ਵਰਤੋਂ ਅੱਤਵਾਦੀ ਗਤੀਵਿਧੀਆਂ ਲਈ ਕੀਤੀ ਜਾਂਦੀ ਹੈ| ਆਨਲਾਈਨ ਲਾਟਰੀ ਦੀ ਆੜ ਵਿਚ ਸੱਟਾ ਮਾਫੀਆ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਨੂੰ ਲੁੱਟ ਰਿਹਾ ਹੈ| ਸੱਟੇਬਾਜਾਂ ਨੇ ਪੁਲੀਸ ਅਤੇ ਰਾਜਨੀਤੀ ਵਿੱਚ ਆਪਣੀ ਪਹੁੰਚ ਬਣਾ ਰੱਖੀ ਹੈ|
ਉਹਨਾਂ ਕਿਹਾ ਕਿ ਸੱਟੇਬਾਜੀ ਵਿੱਚ ਸ਼ਾਮਲ ਲੋਕ ਖਿਡਾਰੀਆਂ ਅਤੇ ਟੀਮਾਂ ਨੂੰ ਖਰੀਦਣ ਦਾ ਯਤਨ ਵੀ ਕਰਦੇ ਹਨ | ਉਹਨਾਂ ਕਿਹਾ ਕਿ ਸ਼ਿਵ ਸੈਨਾ ਹਿੰਦ ਪੰਜਾਬ ਵਿਚ ਸੱਟੇਬਾਜਾਂ ਦੇ ਕਾਲੇ ਧੰਦੇ ਦੇ ਖਿਲਾਫ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ| ਉਹਨਾਂ ਕਿਹਾ ਕਿ ਜਲਦੀ ਹੀ ਲਾਟਰੀ ਦਾ ਗੈਰਕਾਨੂੰਨੀ ਧੰਦਾ ਕਰਨ ਵਾਲਿਆਂ ਨੂੰ ਜੇਲ੍ਹ ਭਿਜਵਾਇਆ ਜਾਵੇਗਾ|
ਉਹਨਾਂ ਕਿਹਾ ਕਿ ਸ਼ਿਵ ਸੈਨਾ ਵਲੋਂ ਭ੍ਰਿਸ਼ਟਾਚਾਰ ਦੇ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਅਪਰੇਸਨ ਗੰਗਾਜਲ ਨੂੰ ਅੱਗੇ ਵਧਾਉਂਦੇ ਹੋਏ ਗਰੀਬਾਂ ਨੂੰ ਲੁੱਟਣ ਦਾ ਕਾਰੋਬਾਰ ਕਰਨ ਵਾਲੇ ਸੱਟਾ ਮਾਫੀਆ ਦੇ ਖਿਲਾਫ ਵੀ ਮੁਹਿੰਮ ਚਲਾਏਗੀ|
ਉਹਨਾਂ ਕਿਹਾ ਕਿ ਉਹ ਜਲਦੀ ਹੀ ਪੰਜਾਬ ਡੀ ਜੀ ਪੀ ਸੁਰੇਸ਼ ਅਰੋੜਾ ਨੂੰ ਮਿਲ ਕੇ ਮੰਗ ਕਰਨਗੇ ਕਿ ਸੱਟਾ ਮਾਫੀਆ ਦੇ ਖਿਲਾਫ ਹਰ ਜਿਲੇ ਵਿਚ ਹੀ ਐਸ ਆਈ ਟੀ ਬਣਾਈ ਜਾਵੇ ਅਤੇ ਹਰ ਜਿਲ੍ਹੇ ਵਿਚ ਹੀ ਇਕ ਨੋਡਲ ਅਫਸਰ ਨਿਯੁਕਤ ਕੀਤਾ ਜਾਵੇ|
ਇਸ ਮੌਕੇ ਕੋਰ ਕਮੇਟੀ ਚੇਅਰਮੈਨ ਅਤੇ ਰਾਸ਼ਟਰੀ ਉਪ ਪ੍ਰਧਾਨ ਵੇਦ ਅਮਰਜੀਤ ਸ਼ਰਮਾ, ਰਾਸ਼ਟਰੀ ਸਕੱਤਰ ਅਸ਼ਵਨੀ ਅਰੋੜਾ, ਉਤਰ ਭਾਰਤ ਚੇਅਰਮੈਨ ਰਜਿੰਦਰ ਧਾਲੀਵਾਲ, ਪੰਜਾਬ ਪ੍ਰਧਾਨ ਸੌਰਭ ਅਰੋੜਾ, ਦਿਹਾਤੀ ਪੰਜਾਬ ਪ੍ਰਧਾਨ ਕਾਲਾ ਭੜੀ, ਪੰਜਾਬ ਬੁਲਾਰਾ ਵਿਕਾਸ ਵਿੱਕੀ ਵੀ ਮੌਜੂਦ ਸਨ|

Leave a Reply

Your email address will not be published. Required fields are marked *