ਸੱਤਾਧਾਰੀਆਂ ਦੀ ਸਰਪ੍ਰਸਤੀ ਹੇਠ ਚਲਦੇ ਰੇਤਾ ਬਜਰੀ ਦੇ ਨਾਜਾਇਜ ਕਾਰੋਬਾਰ ਤੇ ਸਖਤੀ ਨਾਲ ਰੋਕ ਲਗਾਏ ਸਰਕਾਰ

9 ਮਹੀਨੇ ਪਹਿਲਾਂ ਹੋਈਆਂ ਪੰਜਾਬ ਵਿਧਾਨਸਭਾ ਚੋਣਾਂ ਵੇਲੇ  ਰੇਤ ਅਤੇ ਬਜਰੀ ਦੀ ਬੇਤਹਾਸ਼ਾ ਵੱਧ ਚੁੱਕੀ ਕੀਮਤ ਅਤੇ ਸਰਕਾਰੀ ਸਰਪ੍ਰਸਤੀ ਹੇਠ ਚਲਦੇ ਰੇਤਾ ਬਜਰੀ ਦੇ ਨਾਜਾਇਜ ਕਾਰੋਬਾਰ ਦੇ ਮੁੱਦੇ ਤੇ ਪੰਜਾਬ ਦੀ ਜਨਤਾ ਦੀਆਂ ਵੋਟਾਂ ਮੰਗਣ ਵਾਲੇ ਕਾਂਗਰਸ ਪਾਰਟੀ ਦੇ ਪ੍ਰਧਾਨ (ਅਤੇ ਮੌਜੂਦਾ ਮੁੱਖ ਮੰਤਰੀ) ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਇਸ ਮੁੱਦੇ ਤੇ ਜਨਤਾ ਨੂੰ ਕੋਈ ਵੀ ਰਾਹਤ ਦੇਣ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ| ਰੇਤ ਅਤੇ ਬਜਰੀ ਦੀ ਕੀਮਤ ਘੱਟ ਤਾਂ ਕੀ ਹੋਣੀ ਸੀ ਉਲਟਾ ਇਸ ਵਿੱਚ ਹੋਰ ਵੀ ਵਾਧਾ ਹੋ ਗਿਆ ਹੈ ਅਤੇ  ਆਮ ਲੋਕਾਂ ਨੂੰ ਆਪਣੇ ਮਕਾਨਾਂ ਆਦਿ ਦੀ ਉਸਾਰੀ ਲਈ ਮੋਟੀਆਂ ਰਕਮਾਂ ਖਰਚ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ|
ਹਾਲਾਤ ਇਹ ਹਨ ਕਿ ਰੇਤ ਮਾਫੀਆ ਵਲੋਂ (ਪੰਜਾਬ ਦੀ ਸੱਤਾ ਤੇ ਕਾਬਿਜ ਰਾਜਨੀਤਿਕ ਅਗਵਾਈ ਦੀ ਕਥਿਤ ਸਰਪ੍ਰਸਤੀ ਹੇਠ ਚਲਾਏ ਜਾਂਦੇ) ਰੇਤਾ ਬਜਰੀ ਦੇ ਨਾਜਾਇਜ ਖਨਨ ਅਤੇ ਇਸਦੀ ਮਹਿੰਗੀ ਕੀਮਤ ਤੋਂ ਆਮ ਜਨਤਾ ਬੁਰੀ ਤਰ੍ਹਾਂ ਤ੍ਰਸਤ ਹੈ ਅਤੇ ਸੂਬਾ ਸਰਕਾਰ ਜਨਤਾ ਨੂੰ ਰਾਹਤ ਦੇਣ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ| ਇਸ ਦੌਰਾਨ (ਸਰਕਾਰ ਦੇ ਦਾਅਵਿਆਂ ਅਨੁਸਾਰ) ਨਾ ਤਾਂ ਰੇਤ ਬਜਰੀ ਦੇ ਨਾਜਾਇਜ ਖਨਨ ਅਤੇ ਇਸਦੇ ਕਾਰੋਬਾਰ ਵਿੱਚ ਕੋਈ ਕਮੀ ਆਈ ਹੈ ਅਤੇ ਨਾ ਹੀ ਇਹਨਾਂ ਦੀ ਕੀਮਤ ਵਿੱਚ ਕਮੀ ਦੇ ਕੋਈ ਆਸਾਰ ਦਿਖਦੇ ਹਨ| ਹਾਂ ਨਵੀਂ ਸਰਕਾਰ ਦੇ ਆਉਣ ਤੋਂ ਬਾਅਦ     ਰੇਤ ਮਾਫੀਆ ਨੂੰ ਸਰਪ੍ਰਸਤੀ ਦੇਣ ਵਾਲੇ ਸੱਤਾਧਾਰੀਆਂ ਦੇ ਚਿਹਰੇ ਜਰੂਰ ਬਦਲ ਗਏ ਹਨ|
ਕਾਂਗਰਸ ਪਾਰਟੀ ਵਲੋਂ ਪੰਜਾਬ ਦੀ ਸੱਤਾ ਤੇ ਕਾਬਿਜ ਹੋਣ ਵੇਲੇ ਸੂਬੇ ਦੀ ਨਵੀਂ ਮਾਈਨਿੰਗ ਨੀਤੀ ਬਣਾ ਕੇ ਇਹ ਦਾਅਵਾ ਕੀਤਾ ਗਿਆ ਸੀ ਕਿ ਇਸ ਨੀਤੀ ਦੇ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ ਲੋਕਾਂ ਨੂੰ ਰੇਤਾ ਬਜਰੀ ਸਸਤੀ ਕੀਮਤ ਤੇ ਮਿਲਣ ਲੱਗ ਜਾਵੇਗੀ ਪਰੰਤੂ ਅਜਿਹਾ ਕੁੱਝ ਵੀ ਨਹੀਂ ਹੋਇਆ ਅਤੇ ਸਰਕਾਰ ਸੂਬੇ ਵਿੱਚ ਆਪਣੀਆਂ ਜੜ੍ਹਾਂ ਜਮਾਂ ਚੁਕੇ ਰੇਤ ਮਾਫੀਆ ਤੇ ਕਾਬੂ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ| ਸਰਕਾਰ ਵਲੋਂ ਕਰਵਾਈ ਗਈ ਰੇਤ ਦੀਆਂ ਖੱਡਾਂ ਦੀ ਬੋਲੀ ਵੇਲੇ ਜਿਸ ਤਰੀਕੇ ਨਾਲ ਨਵੀਂ ਸਰਕਾਰ ਦੇ ਇੱਕ ਕੈਬਿਨਟ ਮੰਤਰੀ ਦੇ ਸਾਬਕਾ ਰਸੋਈਏ ਵਲੋਂ ਕਰੋੜਾਂ ਰੁਪਏ ਦੀ ਬੋਲੀ ਦੇ ਕੇ ਇਹ ਖੱਡਾਂ ਹਾਸਿਲ ਕੀਤੀਆਂ ਗਈਆਂ ਅਤੇ ਇਸ ਮੰਤਰੀ ਵਲੋਂ ਲੁਕਵੇਂ ਤਰੀਕੇ ਨਾਂਲ ਰੇਤੇ ਦੀਆਂ ਖੱਡਾਂ ਤੇ ਕਾਬਿਜ ਹੋਣ ਦੇ ਇਲਜਾਮਾਂ ਨਾਲ ਸਰਕਾਰ ਦੀ ਨੀਯਤ ਪਹਿਲਾਂ ਹੀ ਸਵਾਲਾਂ ਦੇ ਘੇਰੇ ਵਿੱਚ ਆ ਚੁੱਕੀ ਹੈ| ਇਸ ਸੰਬੰਧੀ ਆਮ ਜਨਤਾ ਨੂੰ ਕੋਈ ਰਾਹਤ ਨਾ ਮਿਲਣ ਕਾਰਨ ਲੋਕਾਂ ਦਾ ਸਰਕਾਰ ਤੋਂ ਭਰੋਸਾ ਵੀ ਉਠਣਾ ਸ਼ੁਰੂ ਹੋ ਗਿਆ ਹੈ|
ਜਮੀਨੀ ਹਾਲਾਤ ਇਹ ਹਨ ਕਿ ਸੂਬੇ ਵਿੱਚ ਰੇਤ ਮਾਫੀਆ ਵਲੋਂ ਧੜੱਲੇ ਨਾਲ ਨਾਜਾਇਜ ਖਨਨ ਦਾ ਆਪਣਾ ਕਾਲਾ ਕਾਰੋਬਾਰ ਚਲਾਇਆ ਜਾ ਰਿਹਾ ਹੈ| ਸੂਬੇ ਦੀਆਂ ਵੱਖ ਵੱਖ ਛੋਟੀਆਂ ਵੱਡੀਆਂ ਨਦੀਆਂ ਵਿੱਚ ਰੇਤ ਮਾਫੀਆ ਵਲੋਂ ਬਾਕਾਇਦਾ ਵੱਡੇ ਪਲਾਂਟ ਲਗਾ ਕੇ ਸ਼ਰ੍ਹੇਆਮ ਕੀਤੇ ਜਾਣ ਵਾਲੇ ਕਾਰੋਬਾਰ ਨਾਲ ਜਿੱਥੇ ਕਰੋੜਾਂ ਰੁਪਏ ਕਮਾਏ ਜਾ ਰਹੇ ਹਨ ਉੱਥੇ ਸਰਕਾਰ ਨੂੰ ਵੀ ਟੈਕਸ ਦੇ ਰੂਪ ਵਿੱਚ ਹੋਣ ਵਾਲੀ ਆਮਦਨ ਦਾ ਚੂਨਾ ਲਗਾਇਆ ਜਾ ਰਿਹਾ ਹੈ| ਰੇਤ ਮਾਫੀਆ ਵਲੋਂ ਆਪਣੀ ਆਮਦਨੀ ਵਧਾਉਣ ਲਈ ਲੋਕਾਂ ਤੋਂ ਰੇਤਾ ਅਤੇ ਬਜਰੀ ਦੇ ਮਨਮਰਜੀ ਦੇ ਦਾਮ ਵਸੂਲੇ ਜਾਂਦੇ ਹਨ ਅਤੇ ਸੂਬੇ ਵਿੱਚ  ਰੇਤ ਅਤੇ ਬਜਰੀ ਦੇ ਦਾਮ ਅਸਮਾਨ ਛੂਹ ਰਹੇ ਹਨ| ਇਸ ਸਾਰੇ ਕੁੱਝ ਤੇ ਕਾਬੂ ਕਰਨ ਦੀ ਥਾਂ ਜਿਸ ਤਰੀਕੇ ਨਾਲ ਪ੍ਰਸ਼ਾਸ਼ਨ ਵਲੋਂ ਰੇਤ ਮਾਫੀਆ ਨੂੰ ਖੁੱਲੀ ਖੇਡ ਖੇਡਣ ਦੀ ਇਜਾਜਤ ਦਿੱਤੀ ਜਾਂਦੀ ਹੈ ਉਸਨੂੰ ਮੁੱਖ ਰੱਖਦਿਆਂ ਅਜਿਹਾ ਕਿਹਾ ਜਾ ਸਕਦਾ ਹੈ ਕਿ ਇਸ ਸੰਬੰਧੀ ਲਗਣ ਵਾਲੇ ਇਲਜਾਮਾਂ ਵਿੱਚ ਕੁੱਝ ਨਾ ਕੁੱਝ ਸੱਚਾਈ ਤਾਂ ਜਰੂਰ ਹੈ|
ਪੰਜਾਬ ਦੀ ਜਨਤਾ ਇਹ ਆਮ ਇਲਜਾਮ ਲਗਾਉਂਦੀ ਆ ਰਹੀ ਹੈ ਕਿ ਵੱਡੇ ਪੱਧਰ ਤੇ ਚਲਣ ਵਾਲਾ ਨਾਜਾਇਜ ਖਨਨ ਦਾ ਇਹ ਪੂਰਾ ਤਾਮਝਾਮ ਵੱਡੇ ਰਾਜਨੀਤਿਕ ਆਗੂਆਂ ਅਤੇ ਉੱਚ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਅਤੇ ਸਰਪਰਸਤੀ ਵਿੱਚ ਹੀ ਸਿਰੇ ਚੜ੍ਹਾਇਆ ਜਾਂਦਾ ਹੈ, ਵਰਨਾ ਇੰਨੇ ਵੱਡੇ ਪੱਧਰ ਤੇ ਇਸ ਤਰੀਕੇ ਨਾਲ ਨਾਜਾਇਜ ਖਨਨ ਦਾ ਇਹ ਕਾਰੋਬਾਰ ਚਲਾਇਆ ਹੀ ਨਹੀਂ ਜਾ ਸਕਦਾ| ਇਸ ਸਭ ਦੇ ਬਾਵਜੂਦ ਸਰਕਾਰ ਵਲੋਂ ਨਾ ਤਾਂ ਸੂਬੇ ਵਿੱਚ ਚਲਦੇ ਰੇਤਾ ਬਜਰੀ ਦੇ ਨਾਜਾਇਜ ਖਨਨ ਦੇ ਕਾਰੋਬਾਰ ਤੇ ਰੋਕ ਲਗਾਉਣ ਲਈ ਨਾ ਤਾਂ ਕੋਈ ਸਾਰਥਕ ਕਦਮ ਚੁੱਕਿਆ ਗਿਆ ਹੈ ਅਤੇ ਨਾ ਹੀ ਸਰਕਾਰ ਨੇ ਰੇਤੇ ਅਤੇ ਬਜਰੀ ਦੀਆਂ ਕੀਮਤਾਂ ਤੇ ਕਾਬੂ ਕਰਨ ਲਈ ਕੁੱਝ ਕੀਤਾ ਗਿਆ ਹੈ| ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਰਾਜਨੇਤਾਵਾਂ ਅਤੇ ਉੱਚ ਅਧਿਕਾਰੀਆਂ ਦੀ ਕਥਿਤ ਸ਼ਹਿ ਤੇ ਚਲਣ ਵਾਲੇ ਇਸ ਕਾਰੋਬਾਰ ਤੇ ਕਾਬੂ ਕਰਨ ਲਈ ਸਖਤ ਕਦਮ ਚੁੱਕੇ ਅਤੇ ਇਸਨੂੰ ਮੁਕੰਮਲ ਰੂਪ ਨਾਲ ਬੰਦ ਕਰਵਇਆ ਤਾਂ ਜੋ ਆਮ ਜਨਤਾ ਨੂੰ ਰਾਹਤ ਮਿਲੇ ਅਤੇ ਸਰਕਾਰ ਤੇ ਉਸਦਾ ਭਰੋਸਾ ਬਣਿਆ ਰਹੇ|

Leave a Reply

Your email address will not be published. Required fields are marked *