ਹਰਜੀਤ ਸਿੰਘ ਸੱਜਣ ਬਾਰੇ ਕੈਪਟਨ ਦੀ ਟਿੱਪਣੀ ਖਿਲਾਫ ਕੈਨੇਡਾ ਵਿੱਚ ਵਿਰੋਧ ਪ੍ਰਦਰਸ਼ਨ

ਟੋਰਾਂਟੋ,17 ਅਪ੍ਰੈਲ (ਸ.ਬ.) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਤੇ ਕੀਤੀ ਗਈ ਵਿਵਾਦਤ ਟਿੱਪਣੀ ਤੋਂ ਬਾਅਦ ਕੈਨੇਡਾ ਭਰ ਵਿੱਚ ਇਸ ਦਾ ਵਿਰੋਧ ਕੀਤਾ ਗਿਆ| ਇੱਥੇ ਜਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਨੇ ਸੱਜਣ ਨੂੰ ‘ਖਾਲਿਸਤਾਨੀ ਸਮਰਥਕ’ ਦੱਸਦੇ ਹੋਏ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ| ਇਸ ਤੋਂ ਬਾਅਦ ਦੇਸ਼ ਅਤੇ ਵਿਦੇਸ਼ ਦੇ ਸਿੱਖਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ| ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਕੈਪਟਨ ਦੇ ਇਸ ਬਿਆਨ ਦੀ ਨਿਖੇਧੀ ਕੀਤੀ ਜਾ ਰਹੀ ਹੈ| ਇਸੇ ਲੜੀ ਵਿੱਚ ਟੋਰਾਂਟੋ ਦੇ    ਹਾਈਵੇਅ 50 ਅਤੇ ਸਟੀਲ ਦੇ ਚੌਕ ਤੇ ਯੂਥ ਅਕਾਲੀ ਦਲ ਦੇ ਆਗੂਆਂ ਨੇ ਕੈਪਟਨ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ| ਉਨ੍ਹਾਂ ਦੇ ਹੱਥਾਂ ਵਿੱਚ ਤਖਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ਤੇ ‘ਹਰਜੀਤ ਸਿੰਘ ਸੱਜਣ ਪੰਜਾਬੀਆਂ ਦੀ ਸ਼ਾਨ’ ਅਤੇ ‘ਕੈਪਟਨ ਅਮਰਿੰਦਰ ਸਿੰਘ ਮੁਰਦਾਬਾਦ’ ਅਤੇ ‘ਕਾਂਗਰਸ ਮੁਰਦਾਬਾਦ’ ਦੇ ਨਾਅਰੇ ਲਿਖੇ ਹੋਏ ਸਨ|
ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਸ. ਬਿਕਰਮਜੀਤ ਸਿੰਘ ਅੱਲ੍ਹਾਬਖ਼ਸ਼ ਨੇ ਕਿਹਾ ਕਿ ਹਰਜੀਤ ਸਿੰਘ ਸੱਜਣ ਹੁਣ ਇਕੱਲੇ ਪੰਜਾਬੀਆਂ ਦੇ ਹੀ ਨਹੀਂ ਸਗੋਂ ਪੂਰੇ ਕੈਨੇਡਾ ਦੀ ਸ਼ਾਨ ਹਨ ਅਤੇ ਕੈਨੇਡਾ ਦੇ ਇਸ ਹਰਮਨ ਪਿਆਰੇ ਨੇਤਾ ਦਾ ਵਿਰੋਧ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਨਾ ਸਿਰਫ ਕੈਨੇਡਾ ਦੇ ਲੋਕਤੰਤਰ ਦਾ ਮਜ਼ਾਕ ਉਡਾਇਆ ਹੈ ਸਗੋਂ ਇਸ ਨਾਲ ਪੰਜਾਬੀਆਂ ਦੇ ਦਿਲਾਂ ਨੂੰ ਭਾਰੀ ਠੇਸ ਪਹੁੰਚਾਈ ਹੈ| ਉਨ੍ਹਾਂ ਕਾਂਗਰਸ ਪਾਰਟੀ ਤੇ ਪੰਜਾਬ ਅਤੇ ਸਿੱਖ ਵਿਰੋਧੀ ਹੋਣ ਦਾ ਦੋਸ਼ ਵੀ ਲਗਾਇਆ ਅਤੇ ਕਿਹਾ ਕਿ ਇਸ ਸਾਰੇ ਮਾਮਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਿੱਖ ਵਿਰੋਧੀ ਸੌੜੀ ਸੋਚ ਖੁੱਲ੍ਹ ਕੇ ਸਾਹਮਣੇ ਆਈ ਹੈ|

Leave a Reply

Your email address will not be published. Required fields are marked *