ਹਰਸਿਮਰਤ ਬਾਦਲ ਦੇ ਭੜਕਾਊ ਬਿਆਨ ਤੇ ਕਾਰਵਾਈ ਕਰੇ ਚੋਣ ਕਮਿਸ਼ਨ: ਕੈਪਟਨ

ਚੰਡੀਗੜ੍ਹ, 12 ਜਨਵਰੀ (ਸ.ਬ.) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ  ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀਆਂ ਭੜਕਾਊ ਟਿੱਪਣੀਆਂ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਸ੍ਰੋਮਣੀ ਅਕਾਲੀ ਦਲ ਸਮੇਤ ਆਮ ਆਦਮੀ ਪਾਰਟੀ ਨੂੰ ਹਿਸਾ ਨੂੰ ਉਕਸਾਉਣ ਖਿਲਾਫ ਚੇਤਾਵਨੀ ਦਿੱਤੀ ਹੈ| ਉਨ੍ਹਾਂ ਨੇ ਕਿਹਾ ਕਿ ਅਜਿਹੇ ਕਦਮਾਂ ਦਾ ਸੇਕ ਨਾ ਸਿਰਫ ਖੁਦ ਇਨ੍ਹਾਂ ਉਪਰ ਪਏਗਾ, ਸਗੋਂ ਇਨ੍ਹਾਂ ਨਾਲ ਸੂਬੇ ਨੂੰ ਵੀ ਨੁਕਸਾਨ ਹੋਣਾ ਨਿਸ਼ਚਿਤ ਹੈ|
ਇਸ ਲੜੀ ਹੇਠ, ਕੈਪਟਨ ਅਮਰਿੰਦਰ ਨੇ ਵਿਧਾਨ ਸਭਾ ਚੋਣਾਂ ਦੌਰਾਨ ਨਾ ਸਿਰਫ ਸੰਯਮ ਵਰਤੇ ਜਾਣ ਤੇ ਜ਼ੋਰ ਦਿੱਤਾ ਹੈ, ਸਗੋਂ ਚੋਣ ਕਮਿਸ਼ਨ ਨੂੰ ਵੀ ਅਜਿਹੇ ਬਿਆਨਾਂ ਤੇ ਸਖਤ ਨੋਟਿਸ ਲੈਣ ਤੇ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਹਿੰਸਾ ਦੇ ਚੱਕਰ ਤੋਂ ਫੱਸਣ ਤੋਂ ਬਚਾਉਣ ਲਈ ਸਾਰੇ ਰੁਕਾਵਟੀ ਅਨਸਰਾਂ ਤੇ ਕਾਰਵਾਈ ਦੀ ਦਿਸ਼ਾ ਵਿੱਚ ਸਖ਼ਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ|
ਸ੍ਰੋਅਦ ਤੇ ਆਪ ਦੋਨਾਂ ਦੀਆਂ ਬੀਤੇ ਦਿਨੀਂ ਹਿੰਸਕ ਝੜਪਾਂ ਹੋਈਆਂ, ਜਿਨ੍ਹਾਂ ਨੇ ਵਿਧਾਨ ਸਭਾ ਚੋਣਾਂ ਨਜ਼ਦੀਕ ਆਉਣ ਨਾਲ ਸੂਬੇ ਅੰਦਰ ਹਿੰਸਾ ਫੈਲ੍ਹਣ ਦੀਆਂ ਸ਼ੰਕਾਵਾਂ ਨੂੰ ਮਜ਼ਬੂਤੀ ਦੇ ਦਿੱਤੀ ਹੈ|
ਕੈਪਟਨ ਅਮਰਿੰਦਰ ਨੇ ਕਿਹਾ ਕਿ ਹਰਸਿਮਰਤ ਵੱਲੋਂ ਦਿੱਤਾ ਗਿਆ ਬਿਆਨ ਕਿ ਜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਕਾਲੀ ਵਰਕਰਾਂ ਨੂੰ ਹਿੰਸਕ ਹੋਣ ਲਈ ਕਹਿ ਦੇਣ, ਤਾਂ ਆਪ ਵਰਕਰ ਜਿਉਂਦੇ ਨਹੀਂ  ਬਚਣਗੇ, ਸੂਬੇ ਅੰਦਰ ਹਿੰਸਕ ਤਨਾਅ ਪੈਦਾ ਕਰਨ ਦੀ ਦਿਸ਼ਾ ‘ਚ ਬੋਲੇ ਗਏ ਬਹੁਤ ਜ਼ਿਆਦਾ ਭੜਕਾਊ ਹਨ ਅਤੇ ਵੋਟਰਾਂ ਦੇ ਮਨਾਂ ਅੰਦਰ ਡਰ ਪੈਦਾ ਕਰਨ ਲਈ ਅਕਾਲੀ ਅਜਿਹਾ ਕੰਮ ਕਰ ਸਕਦੇ ਹਨ| ਉਨ੍ਹਾਂ ਨੇ ਕਿਹਾ ਕਿ ਬੀਤੇ ਕੁਝ ਦਿਨਾਂ ਤੋਂ ਆਪ ਤੇ ਸ੍ਰੋਅਦ ਵਰਕਰਾਂ ਵਿਚਾਲੇ ਹੋ ਰਹੇ ਲੜੀਵਾਰ ਟਕਰਾਆਂ ਨੇ ਪੰਜਾਬ ਅੰਦਰ ਚੋਣਾਂ ਦੌਰਾਨ ਹਿੰਸਾ ਨੂੰ ਲੈ ਕੇ ਉਨ੍ਹਾਂ ਦੇ ਡਰ ਨੂੰ ਸਹੀ ਸਾਬਤ ਕਰ ਦਿੱਤਾ ਹੈ|
ਕੈਪਟਨ ਅਮਰਿੰਦਰ ਨੇ ਕਿਹਾ ਕਿ ਜਿਥੇ ਕੇਂਦਰ ਸਰਕਾਰ ਸੂਬਾ ਪੁਲਿਸ ਨੂੰ ਅੱਤਵਾਦੀ ਤੇ ਸੰਪ੍ਰਦਾਇਕ ਹਿੰਸਾ ਕਾਰਨ ਚੋਣਾਂ ਤੋਂ ਪਹਿਲਾਂ ਮਾਹੌਲ ਖਰਾਬ ਹੋਣ ਨੂੰ ਲੈ ਕੇ ਚੇਤਾਵਨੀ ਦੇ ਚੁੱਕੀ ਹੈ, ਉਥੇ ਹੀ ਹਾਲਾਤ ਪਹਿਲਾਂ ਤੋਂ ਜ਼ਿਆਦਾ ਤਨਾਅਪੂਰਨ ਤੇ ਬਹੁਤ ਵਿਸਫੋਟਕ ਹੋ ਚੱਲੇ ਹਨ| ਜਿਸ ਤੇ ਉਨ੍ਹਾਂ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਨੂੰ ਆਪਣੇ ਵਰਕਰਾਂ ਨੂੰ ਅੱਤਵਾਦੀਆਂ ਤੇ ਗੈਂਗਸਟਰਾਂ ਦੇ ਖਤਰਨਾਕ ਇਰਾਦਿਆਂ ਦਾ ਮੁਕਾਬਲਾ ਕਰਦਿਆਂ ਸ਼ਾਂਤ ਤੇ ਕੰਟਰੋਲ ਵਿੱਚ ਰਹਿਣ ਦੇ ਨਿਰਦੇਸ਼ ਦੇਣੇ ਚਾਹੀਦੇ ਹਨ|
ਉਨ੍ਹਾਂ ਨੇ ਕਿਹਾ ਕਿ ਹਰਸਿਮਰਤ ਨੂੰ ਪਾਰਟੀ ਵਰਕਰਾਂ ਨੂੰ ਭੜਕਾਉਣ ਦੀ ਬਜਾਏ ਉਨ੍ਹਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਕੇ ਹਾਲਾਤਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ, ਨਹੀਂ ਤਾਂ ਭੜਕਾਊ ਅਨਸਰਾਂ ਨੂੰ ਤਨਾਅ ਪੈਦਾ ਕਰਦਿਆਂ, ਸੂਬੇ ਅੰਦਰ ਵੱਡੇ ਪੱਧਰ ਤੇ ਹਿੰਸਾ ਭੜਕਾਊਣ ਦਾ ਮੌਕਾ ਮਿੱਲ ਸਕਦਾ ਹੈ|
ਉਨ੍ਹਾਂ ਨੇ ਬਾਦਲਾਂ ਉਪਰ ਪੱਥਰਬਾਜੀ ਤੇ ਜੁੱਤੀ ਸੁੱਟਣ ਦੀਆਂ ਘਟਨਾਵਾਂ ਦੀ ਨਿੰਦਾ ਵੀ ਕੀਤੀ ਹੈ ਤੇ ਲੋਕਾਂ ਨੂੰ ਅਕਾਲੀ ਅਗਵਾਈ ਵਿਰੁੱਧ ਉਨ੍ਹਾਂ ਦਾ ਗੁੱਸਾ ਹਿੰਸਕ ਤੇ ਭੜਕਾਊ ਗਤੀਵਿਧੀਆਂ ਦੀ ਬਜਾਏ ਵੋਟ ਰਾਹੀਂ ਸਹੀ ਤਰੀਕੇ ਨਾਲ ਜਾਹਿਰ ਕਰਨ ਲਈ ਕਿਹਾ ਹੈ| ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਇਹ ਚੋਣਾਂ ਉਨ੍ਹਾਂ ਵਾਸਤੇ ਭ੍ਰਿਸ਼ਟ ਤੇ ਅਪਰਾਧੀ ਬਾਦਲ ਸਰਕਾਰ ਤੋਂ ਛੁਟਕਾਰਾ ਪਾਉਣ ਦਾ ਇਕ ਵੱਡਾ ਮੌਕਾ ਹਨ ਤੇ ਉਨ੍ਹਾਂ ਨੂੰ ਹਿੰਸਾ ਰਾਹੀਂ ਧਿਆਨ ਭਟਕਾਉਂਦਿਆਂ ਇਸ ਮੌਕੇ ਨੂੰ ਗੁਆਉਣਾ ਨਹੀਂ ਚਾਹੀਦਾ ਹੈ|

Leave a Reply

Your email address will not be published. Required fields are marked *