ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਘਰ ਸੀ. ਬੀ. ਆਈ ਦਾ ਛਾਪਾ

ਰੋਹਤਕ, 25 ਜਨਵਰੀ (ਸ.ਬ.) ਸੀ.ਬੀ.ਆਈ. ਨੇ ਅੱਜ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਰੋਹਤਕ ਸਥਿਤ ਘਰ ਤੇ ਛਾਪਾ ਮਾਰਿਆ| ਸੀ.ਬੀ.ਆਈ. ਅਧਿਕਾਰੀ ਕਿਸੇ ਨੂੰ ਵੀ ਘਰ ਦੇ ਅੰਦਰ ਜਾਂ ਉੱਥੋਂ ਬਾਹਰ ਜਾਣ ਦੀ ਮਨਜ਼ੂਰੀ ਨਹੀਂ ਦੇ ਰਹੇ ਹਨ| ਇਹ ਛਾਪੇਮਾਰੀ ਗੁਰੂਗ੍ਰਾਮ ਵਿੱਚ ਕਥਿਤ ਭੂਮੀ ਘੁਟਾਲੇ ਨਾਲ ਜੁੜੀ ਹੋਈ ਹੈ| ਇਕ ਨਿਊਜ਼ ਏਜੰਸੀ ਅਨੁਸਾਰ,”ਸੀ.ਬੀ.ਆਈ. ਕਥਿਤ ਜ਼ਮੀਨ ਘੁਟਾਲਾ ਮਾਮਲੇ ਦੇ ਸਿਲਸਿਲੇ ਵਿੱਚ ਦਿੱਲੀ-ਐੱਨ.ਸੀ.ਆਰ. ਸਮੇਤ 30 ਤੋਂ ਵਧ ਥਾਂਵਾਂ ਤੇ ਛਾਪੇਮਾਰੀ ਕਰ ਰਹੀ ਹੈ|
ਦੱਸਿਆ ਜਾ ਰਿਹਾ ਹੈ ਕਿ ਸੀ.ਬੀ.ਆਈ. ਨੇ ਇਹ ਛਾਪਾ ਸਾਲ 2005 ਵਿੱਚ ਐਸੋਸੀਏਟਡ ਜਨਰਲਸ ਲਿਮਟਿਡ (ਏ.ਜੇ.ਐਲ.) ਨੂੰ ਗਲਤ ਤਰੀਕੇ ਨਾਲ ਜ਼ਮੀਨ ਅਲਾਟ ਕਰਨ ਦੇ ਮਾਮਲੇ ਵਿੱਚ ਮਾਰਿਆ ਹੈ| ਇਕ ਰਿਪੋਰਟ ਅਨੁਸਾਰ ਸੀ.ਬੀ.ਆਈ. ਨੇ ਹੁਡਾ ਦੇ ਖਿਲਾਫ ਇਕ ਨਵਾਂ ਮਾਮਲਾ ਵੀ ਦਰਜ ਕੀਤਾ ਹੈ| ਜ਼ਿਕਰਯੋਗ ਹੈ ਕਿ ਸੀ.ਬੀ.ਆਈ. ਨੇ ਭੁਪਿੰਦਰ ਸਿੰਘ ਹੁੱਡਾ, ਸੀਨੀਅਰ ਕਾਂਗਰਸ ਨੇਤਾ ਮੋਤੀਲਾਲ ਵੋਰਾ ਅਤੇ ਏ.ਜੇ.ਐਲ. ਦੇ ਖਿਲਾਫ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ|
ਹਾਲ ਹੀ ਵਿੱਚ ਹਰਿਆਣਾ ਦੇ ਰਾਜਪਾਲ ਨਾਰਾਇਣ ਆਰੀਆ ਨੇ ਬਹੁਚਰਚਿਤ ਏ.ਜੇ.ਐਲ. ਮਾਮਲੇ ਵਿੱਚ ਸੀ.ਬੀ.ਆਈ. ਨੂੰ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਖਿਲਾਫ ਦੋਸ਼ ਚਲਾਉਣ ਦੀ ਮਨਜ਼ੂਰੀ ਦਿੱਤੀ ਸੀ| ਸਾਬਕਾ ਮੁੱਖ ਮੰਤਰੀ ਤੇ ਏ.ਜੇ.ਐਲ. ਨੂੰ ਉਸ ਦੇ ਅਖਬਾਰ ‘ਨੈਸ਼ਨਲ ਹੈਰਾਲਡ’ ਲਈ ਪੰਚਕੂਲਾ ਵਿੱਚ ਨਿਯਮਾਂ ਦੇ ਖਿਲਾਫ ਜ਼ਮੀਨ ਅਲਾਟ ਕਰਨ ਦਾ ਦੋਸ਼ ਹੈ| ਮੌਜੂਦਾ ਭਾਜਪਾ ਸਰਕਾਰ ਨੇ ਸਾਲ 2016 ਵਿੱਚ ਇਹ ਮਾਮਲਾ ਸੀ.ਬੀ.ਆਈ. ਦੇ ਹਵਾਲੇ ਕਰ ਦਿੱਤਾ ਸੀ| ਭਾਜਪਾ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਹੁੱਡਾ ਦੇ ਸ਼ਾਸਨਕਾਲ ਨੂੰ ਮੁੱਦਾ ਬਣਾਇਆ ਸੀ ਅਤੇ ਸੱਤਾ ਹਾਸਲ ਕਰਦੇ ਹੋਏ ਵੱਖ-ਵੱਖ ਮਾਮਲਿਆਂ ਤੇ ਜਾਂਚ ਕਰਵਾਈ| ਇਸ ਵਿੱਚ ਏ.ਜੇ.ਐਲ. ਦਾ ਮਾਮਲਾ ਵੀ ਸੀ| ਮਾਮਲੇ ਤੇ ਭਾਜਪਾ ਸਰਕਾਰ ਨੇ ਵਿਜੀਲੈਂਸ ਵਿਭਾਗ ਨੂੰ ਮਈ 2016 ਨੂੰ ਜਾਂਚ ਸੌਂਪੀ ਸੀ|

Leave a Reply

Your email address will not be published. Required fields are marked *