ਹਰਿਆਣਾ ਵਿਧਾਨਸਭਾ ਵਿੱਚ ਗੂੰਜਿਆਂ ਆਂਗਣਵਾੜੀ ਵਰਕਰਾਂ ਦਾ ਮੁੱਦਾ

ਚੰਡੀਗੜ੍ਹ, 6 ਮਾਰਚ (ਸ.ਬ.) ਹਰਿਆਣਾ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਦੂਸਰਾ ਦਿਨ ਹੰਗਾਮਿਆਂ ਨਾਲ ਸ਼ੁਰੂ ਹੋਇਆ| ਸਦਨ ਵਿਚ ਇਨੈਲੋ ਅਤੇ ਕਾਂਗਰਸ ਨੇ ਐਸ.ਵਾਈ.ਐਲ. ਦਾ ਰੋਕੂ ਮਤਾ ਰੱਖਿਆ ਜਿਸਨੂੰ ਸਪੀਕਰ ਨੇ ਰੱਦ ਕਰ ਦਿੱਤਾ| ਇਸ ਤੋਂ ਬਾਅਦ ਇਨੇਲੋ ਅਤੇ ਕਾਂਗਰਸ ਵਲੋਂ ਸਦਨ ਵਿੱਚ ਜ਼ਬਰਦਸਤ ਹੰਗਾਮਾ ਕੀਤਾ ਗਿਆ| ਇਨੇਲੋ ਵਿਧਾਇਕਾਂ ਵਲੋਂ ਸਦਨ ਵਿਚ ਮੁਰਦਾਬਾਦ ਦੇ ਨਾਅਰੇ ਲਗਾਏ ਗਏ| ਇਨੇਲੋ ਨੇਤਾ ਅਭੈ ਚੌਟਾਲਾ ਅਤੇ ਕਾਂਗਰਸ ਦੇ ਵਿਧਾਇਕ ਵਿਰੋਧ ਕਰਦੇ ਹੋਏ ਵੇਲ ਤੱਕ ਪਹੁੰਚ ਗਏ| ਇਸ ਤੋਂ ਬਾਅਦ ਪਹਿਲਾਂ ਕਾਂਗਰਸ ਅਤੇ ਬਾਅਦ ਵਿਚ ਇਨੇਲੋ ਨੇ ਵੀ ਸਦਨ ਦਾ ਵਾਕ ਆਊਟ ਕੀਤਾ|
ਸਦਨ ਦੀ ਕਾਰਵਾਈ ਦੌਰਾਨ ਖੇਤੀਬਾੜੀ ਮੰਤਰੀ ਓ.ਪੀ. ਧਨਖੜ ਅਤੇ ਇਨੇਲੋ ਨੇਤਾ ਅਭੈ ਚੌਟਾਲਾ ਵਿਚਕਾਰ ਜ਼ਬਰਦਸਤ ਜ਼ੁਬਾਨੀ ਜੰਗ ਹੋਈ| ਅਭੈ ਚੌਟਾਲਾ ਨੇ ਕਿਹਾ ਕਿ ਜਿਸ ਵਿਅਕਤੀ ਦਾ ਕਿਸੇ ਵਿਭਾਗ ਦਾ ਐਸ.ਵਾਈ. ਐਲ ਨਾਲ ਕੋਈ ਲੈਣਾ-ਦੇਣਾ ਨਹੀਂ ਉਹ ਉਸਦੀ ਪੋਲ ਪੱਟੀ ਖੋਲ੍ਹੇਗਾ| ਐਸ.ਵਾਈ.ਐਲ. ਤੇ ਚਰਚਾ ਦੀ ਮੰਗ ਨੂੰ ਲੈ ਕੇ ਇਨੇਲੋ ਨੇ ਵੀ ਸਦਨ ਤੋਂ ਵਾਕ ਆਊਟ ਕੀਤਾ|
ਕਾਂਗਰਸ ਨੇ ਆਂਗਣਵਾੜੀ ਕਰਮਚਾਰੀਆਂ ਦੇ ਮੁੱਦੇ ਤੇ ਕੰਮ ਰੋਕੂ ਪ੍ਰਸਤਾਵ ਵੀ ਦਿੱਤਾ ਪਰ ਸਪੀਕਰ ਨੇ ਉਸਨੂੰ ਖਾਰਜ ਕਰ ਦਿੱਤਾ|
ਸਿੱਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਕਿਹਾ ਕਿ ਐਸ.ਵਾਈ.ਐਲ. ਮੁੱਦਾ ਸਾਲਾਂ ਪੁਰਾਣਾ ਹੈ| ਰਾਸ਼ਟਰਪਤੀ ਪ੍ਰਧਾਨ ਮੰਤਰੀ ਨੂੰ ਮਿਲੇ ਇਹ ਮਾਮਲਾ ਹੁਣ ਸੁਪਰੀਮ ਕੋਰਟ ਵਿਚ ਹੈ| ਉਨ੍ਹਾਂ ਨੇ ਕਿਹਾ ਕਿ ਵਿਰੋਧੀ ਧਿਰ ਸਦਨ ਦੀ ਕਾਰਵਾਈ ਦੇ ਪ੍ਰਤੀ ਸਜਗ ਨਹੀਂ ਹੈ|
ਹਰਿਆਣਾ ਵਿਧਾਨ ਸਭਾ ਵਿਚ ਇਨੇਲੋ ਅਤੇ ਕਾਂਗਰਸ ਤੋਂ ਬਾਅਦ ਆਂਗਣਵਾੜੀ ਵਰਕਰਾਂ ਦੀ ਹੜਤਾਲ ਦਾ ਮੁੱਦਾ ਗੂੰਜਿਆ| ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸਦਨ ਵਿਚ ਕਿਹਾ ਕਿ ਸਾਡੇ ਐਲਾਨ ਪੱਤਰ ਵਿਚ ਕਿਤੇ ਵੀ ਨਹੀਂ ਕਿਹਾ ਗਿਆ ਕਿ ਆਂਗਾਂਵਾੜੀ ਵਰਕਰਾਂ ਨੂੰ ਪੱਕਾ ਕਰਾਂਗੇ| ਪਿਛਲੀ ਸਰਕਾਰ ਨੇ 2014 ਵਿੱਚ ਚੋਣਾਂ ਨੂੰ ਲੈ ਕੇ ਇਨ੍ਹਾਂ ਲਈ ਘੋਸ਼ਣਾ ਕੀਤੀ ਪਰ ਸਾਡੀ ਸਰਕਾਰ ਨੇ ਉਨ੍ਹਾਂ ਸਾਰੀਆਂ ਘੋਸ਼ਨਾਵਾਂ ਨੂੰ ਪੂਰਾ ਕੀਤਾ| ਮੁੱਖ ਮੰਤਰੀ ਨੇ ਕਿਹਾ ਕਿ ਪੂਰੇ ਦੇਸ਼ ਵਿਚੋਂ ਸਿਰਫ ਹਰਿਆਣਾ ਵਿਚ ਹੀ ਆਂਗਣਵਾੜੀ ਵਰਕਰਾਂ ਦੀ ਤਨਖਾਹ ਸਭ ਤੋਂ ਜ਼ਿਆਦਾ ਹੈ| ਪੂਰੇ ਦੇਸ਼ ਵਿਚ 10500 ਰੁਪਏ ਅਤੇ ਹਰਿਆਣਾ ਵਿਚ 11400 ਰੁਪਏ ਤਨਖਾਹ ਹੈ|
ਦੂਸਰੇ ਪਾਸੇ ਮੁੱਖ ਮੰਤਰੀ ਨੇ ਬਿਨ੍ਹਾਂ ਨਾਮ ਲਏ 000 ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਸੂਬੇ ਵਿਚ ਲਾਲ ਰੰਗ ਦੀ ਬਦਮਾਸ਼ੀ ਨਹੀਂ ਚੱਲਣ ਦੇਣਗੇ| ਹਰ ਕਿਸੇ ਦੀਆਂ ਸਾਰੀਆਂ ਮੰਗਾਂ ਨਹੀਂ ਮੰਨੀਆ ਜਾ ਸਕਦੀਆਂ| ਭਾਜਪਾ ਨੇ ਲਾਲ ਝੰਡੇ ਵਾਲਿਆਂ ਕੋਲੋਂ ਕਈ ਸੂਬੇ ਮੁਕਤ ਕਰਵਾਏ ਹਨ| ਇਸ ਤੋਂ ਬਾਅਦ ਇਕ ਵਾਰ ਫਿਰ ਕਾਂਗਰਸ ਦੇ ਵਿਧਾਇਕਾਂ ਨੇ ਸਦਨ ਤੋਂ ਵਾਕ ਆਊਟ ਕਰ ਦਿੱਤਾ|

Leave a Reply

Your email address will not be published. Required fields are marked *