ਹਰ ਪੈਮਾਨੇ ਤੇ ਪਰਖ ਕੇ ਆਪਣੇ ਉਮੀਦਵਾਰ ਦੀ ਚੋਣ ਕਰਨ ਵੋਟਰ

ਜਿਵੇਂ ਜਿਵੇਂ ਪੰਜਾਬ ਵਿਧਾਨਸਭਾ ਚੋਣਾਂ ਲਈ ਵੋਟਾਂ ਪਾਉਣ ਦਾ ਦਿਨ (4 ਫਰਵਰੀ) ਨੇੜੇ ਆ ਰਿਹਾ ਹੈ, ਚੋਣਾਂ ਲੜਨ ਵਾਲੇ ਉਮੀਦਵਾਰਾਂ ਵੱਲੋਂ ਆਪਣੀ ਚੋਣ ਮੁਹਿੰਮ ਵੀ ਤਿੱਖੀ ਕੀਤੀ ਜਾ ਰਹੀ ਹੈ| ਇਸਦੇ ਨਾਲ ਨਾਲ ਇਹਨਾਂ ਉਮੀਦਵਾਰਾਂ ਵਲੋਂ ਲੋਕਾਂ ਉੱਪਰ ਪ੍ਰਭਾਵ ਵਧਾਉਣ ਲਈ ਜਿੱਥੇ ਰੈਲੀਆਂ ਦਾ ਸਿਲਸਿਲਾ ਤੇਜ ਕਰ ਦਿੱਤਾ ਗਿਆ ਹੈ ਉੱਥੇ ਇਹਨਾਂ ਤਮਾਮ ਉਮੀਦਵਾਰਾਂ ਵਲੋਂ ਵੱਡੇ ਵੱਡੇ ਵਾਇਦੇ ਕਰਕੇ ਵੋਟਰਾਂ ਨੂੰ ਕਈ ਤਰ੍ਹਾਂ ਦੇ ਸਬਜਬਾਗ ਵਿਖਾਏ ਜਾ ਰਹੇ ਹਨ| ਚੋਣ ਮੈਦਾਨ ਵਿੱਚ ਉਤਰੇ ਸਾਰੇ ਹੀ ਉਮੀਦਵਾਰ ਇੱਕ ਸੁਰ ਵਿੱਚ ਇਹ ਦਾਅਵੇ ਕਰਦੇ ਦਿਖ ਰਹੇ ਹਨ ਕਿ ਜਿੱਤ ਹਾਸਿਲ ਕਰਨ ਤੋਂ ਬਾਅਦ ਉਹ ਆਪਣੇ ਹਲਕੇ ਦਾ ਸਵਰੂਪ ਪੂਰੀ ਤਰ੍ਹਾਂ ਬਦਲ ਦੇਣਗੇ ਅਤੇ ਲੋਕਾਂ ਦਾ ਜੀਵਨਪੱਧਰ ਬਿਹਤਰ ਕਰਨ ਲਈ ਆਪਣੀ ਪੂਰੀ ਵਾਹ ਲਗਾ ਦੇਣਗੇ|
ਚੋਣ ਮੈਦਾਨ ਵਿੱਚ ਉਤਰੇ ਇਹਨਾਂ ਤਮਾਮ ਉਮੀਦਵਾਰਾਂ (ਭਾਵੇਂ ਉਹ ਕਿਸੇ ਪਾਰਟੀ ਵਿਸ਼ੇਸ਼ ਨਾਲ ਸੰਬੰਧਿਤ ਹੋਣ ਜਾਂ ਆਜਾਦ ਤੌਰ ਤੇ ਚੋਣ ਲੜ ਰਹੇ ਹੋਣ) ਵੱਲੋਂ ਆਪਣੇ ਵੋਟਰਾਂ ਨੂੰ ਇਹ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਚੋਣਾਂ ਵਿੱਚ ਜਿੱਤ ਹਾਸਲ ਕਰਨ ਉਪਰੰਤ ਉਹਨਾਂ ਵੱਲੋਂ ਨਾ ਸਿਰਫ ਆਪਣੇ ਹਲਕੇ ਦਾ ਸਰਵ ਪੱਖੀ ਵਿਕਾਸ ਕਰਵਾਇਆ ਜਾਵੇਗਾ ਬਲਕਿ ਆਮ ਲੋਕਾਂ ਨੂੰ ਦਰਪੇਸ਼ ਸਾਰੀਆਂ ਸਮੱਸਿਆਵਾਂ ਨੂੰ ਇੱਕ ਇੱਕ ਕਰਕੇ ਹੱਲ ਕਰ ਦਿੱਤਾ ਜਾਵੇਗਾ ਅਤੇ ਆਮ ਲੋਕਾਂ ਨੂੰ ਹਰ ਤਰ੍ਹਾਂ ਦੀ ਸੁਖ ਸੁਵਿਧਾ ਮੁਹਈਆ ਕਰਵਾ ਦਿੱਤੀ ਜਾਵੇਗੀ|
ਇਹ ਤਮਾਮ ਉਮੀਦਵਾਰ ਦਾਅਵੇ ਭਾਵੇਂ ਕਿੰਨੇ ਵੀ ਕਰਨ ਪਰੰਤੂ ਚੋਣ ਵਿੱਚ ਜਿੱਤ ਤਾਂ ਸਿਰਫ ਇੱਕ ਹੀ ਉਮੀਦਵਾਰ ਦੀ ਹੋਣੀ ਹੁੰਦੀ ਹੈ ਅਤੇ ਚੋਣ ਜਿੱਤਣ ਵਿੱਚ ਕਾਮਯਾਬ ਹੋਣ ਵਾਲੇ ਉਮੀਦਵਾਰ (ਜਿਹੜਾ ਚੋਣਾ ਤੋਂ ਪਹਿਲਾਂ ਲੋਕਾਂ ਦੇ ਦਰਵਾਜੇ ਤੇ ਖੜ੍ਹਾ ਨਜਰ ਆਉਂਦਾ ਹੈ) ਨਾਲ ਮੁਲਾਕਾਤ ਕਰਨ ਲਈ ਆਮ ਲੋਕਾਂ ਨੂੰ ਉਸਦੇ ਦਰਵਾਜ ਤੇ ਜਾ ਕੇ ਲਾਈਨਾਂ ਲਗਾ ਕੇ ਖੜ੍ਹੇ ਹੋਣ ਲਈ ਮਜਬੂਰ ਹੋਣਾ ਪੈਂਦਾ ਹੈ| ਸਾਡਾ ਉਮੀਦਵਾਰ ਜਦੋਂ ਸਾਡਾ ਨੁਮਾਇੰਦਾ ਬਣ ਜਾਂਦਾ ਹੈ ਤਾਂ ਉਸਦਾ ਵਤੀਰਾ ਵੀ ਹਾਕਮਾਂ ਵਾਲਾ ਹੋ ਜਾਂਦਾ ਹੈ ਅਤੇ (ਅਕਸਰ) ਉਹ ਆਮ ਲੋਕਾਂ ਦੀ ਪਹੁੰਚ ਤੋਂ ਵੀ ਦੂਰ ਹੋ ਜਾਂਦਾ ਹੈ| ਦੂਜੇ ਪਾਸੇ ਚੋਣ ਹਾਰਨ ਉਮੀਦਵਾਰ ਤਾਂ ਉਂਝ ਹੀ ਬਰਸਾਤੀ ਡੱਡੂਆਂ ਵਾਂਗ ਗਾਇਬ ਹੋ ਜਾਂਦੇ ਹਨ| ਚੋਣਾਂ ਤੋਂ ਪਹਿਲਾਂ ਲੋਕਾਂ ਦੇ ਘਰਾਂ ਵਿੱਚ ਜਾ ਕੇ ਵੋਟਾਂ ਮੰਗਣ ਵਾਲੇ ਇਹ ਉਮੀਦਵਾਰ ਜਦੋਂ ਚੋਣਾਂ ਤੋਂ ਬਾਅਦ ਆਪਣੀਆਂ ਫੇਰਦੇ ਹਨ ਤਾਂ ਜਨਤਾ ਕੋਲ ਆਪਣੇ ਫੈਸਲੇ ਤੇ ਅਫਸੋਸ ਕਰਨ ਤੋਂ ਸਿਵਾ ਕੋਈ ਚਾਰਾ ਨਹੀਂ ਬਚਦਾ|
ਹਰ ਵਾਰ ਹੀ ਚੋਣਾਂ ਦੌਰਾਨ ਆਮ ਲੋਕਾਂ (ਵੋਟਰਾਂ) ਅੱਗੇ ਇਹ ਉਲਝਣ ਖੜੀ ਹੋ ਜਾਂਦੀ ਹੈ ਕਿ ਉਹ ਕਿਸ ਉਮੀਦਵਾਰ ਨੂੰ ਵੋਟਾਂ ਪਾਉਣ| ਅਜਿਹੇ ਵੋਟਰ ਜਿਹੜੇ  ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿੱਚ ਕਿਸੇ ਨਾ ਕਿਸੇ ਪਾਰਟੀ ਨਾਲ ਜੁੜੇ ਹੁੰਦੇ ਹਨ, ਉਨ੍ਹਾਂ ਵੱਲੋਂ ਤਾਂ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਹੀ ਵੋਟ ਪਾਈ ਜਾਣੀ ਹੁੰਦੀ ਹੈ, ਪਰ ਅਜਿਹੇ ਵੋਟਰ ਜਿਹਨਾਂ ਦਾ ਕਿਸੇ ਵੀ ਪਾਰਟੀ ਨਾਲ ਕੋਈ ਸੰਬੰਧ ਨਹੀਂ ਹੁੰਦਾ, ਚੋਣਾਂ ਦੌਰਾਨ ਹਰ ਵਾਰ ਹੀ ਉਲਝਣ ਵਿੱਚ ਪੈ ਜਾਂਦੇ ਹਨ| ਉਨ੍ਹਾਂ ਨੂੰ ਚੋਣ ਲੜਣ ਵਾਲੇ ਸਾਰੇ ਉਮੀਦਵਾਰ ਇੱਕੋ-ਜਿਹੇ ਹੀ ਲੱਗਦੇ ਹਨ| ਵੈਸੇ ਵੀ ਚੋਣ ਲੜਣ ਵਾਲੇ ਸਾਰੇ ਹੀ ਉਮੀਦਵਾਰ ਆਪਣੇ ਹਲਕੇ ਦੇ ਵਿਕਾਸ ਅਤੇ ਲੋਕਾਂ ਦੇ ਮਸਲੇ ਹੱਲ ਕਰਨ ਲਈ ਇੱਕ ਦੂਜੇ ਤੋਂ ਵਧ ਕੇ ਬਿਆਨਬਾਜੀ ਕਰਦੇ ਹਨ ਖੁਦ ਨੂੰ ਹੋਰਨਾਂ ਉਮੀਦਵਾਰਾਂ ਤੋਂ ਬਿਹਤਰ ਸਾਬਿਤ ਕਰਨ ਲਈ ਵੀ ਪੂਰੀ ਵਾਹ ਲਗਾਉਂਦੇ ਹਨ|
ਵੋਟਰਾਂ ਨੇ ਕਿਸੇ ਨਾ ਕਿਸੇ ਉਮੀਦਵਾਰ ਨੂੰ ਤਾਂ ਜਿਤਾਉਣਾ ਹੀ ਹੁੰਦਾ ਹੈ| ਅਜਿਹੀ ਹਾਲਤ ਵਿੱਚ ਵੋਟਰ ਵਾਸਤੇ ਸਹੀ ਉਮੀਦਵਾਰ ਦੀ ਚੋਣ ਕਰਨ ਤੋਂ ਪਹਿਲਾਂ ਉਸਦੇ ਗੁਣ ਦੋਸ਼ਾਂ ਦੀ ਚੰਗੀ ਤਰ੍ਹਾਂ ਪਰਖ ਕੀਤੀ ਜਾਣੀ ਚਾਹੀਦੀ ਹੈ| ਸਾਡਾ ਚੁਣਿਆ ਹੋਇਆ ਨੁਮਾਇੰਦਾ ਵਾਕਈ ਹਲਕੇ ਦੇ ਸਰਬਪੱਖੀ ਵਿਕਾਸ ਲਈ ਸੁਹਿਰਦ ਹੋਵੇ ਇਸ ਲਈ ਜਰੂਰੀ ਹੈ ਕਿ ਵੋਟਰ ਚੋਣ ਲੜ ਰਹੇ ਉਮੀਦਵਾਰਾਂ ਵਿੱਚੋਂ ਸਹੀ ਉਮੀਦਵਾਰ ਦੀ ਚੋਣ ਕਰਨ ਅਤੇ ਇਸ ਗੱਲ ਨੂੰ ਧਿਆਨ ਵਿੱਚ ਰੱਖਣ ਕਿ ਉਹ ਜਿਸ ਉਮੀਦਵਾਰ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ ਜਾ ਰਹੇ ਹਨ ਉਸ ਦੀ ਕਥਨੀ ਤੇ ਕਰਨੀ ਵਿੱਚ ਫਰਕ ਨਾ ਹੋਵੇ, ਤਾਂ ਜੋ ਆਪਣੇ ਨੁਮਾਇੰਦੇ ਦੀ ਚੋਣ ਤੋਂ ਬਾਅਦ ਉਹਨਾਂ ਨੂੰ ਪਛਤਾਉਣਾ ਨਾ ਪਵੇ|

Leave a Reply

Your email address will not be published. Required fields are marked *