ਹਰ ਵਿਅਕਤੀ ਅੱਖਾਂ ਦਾਨ ਕਰਨ ਲਈ ਅੱਗੇ ਆਵੇ: ਸਿਵਲ ਸਰਜਨ

ਐਸ.ਏ.ਐਸ ਨਗਰ, 27 ਅਗਸਤ (ਸ.ਬ.) ‘ਹਰ ਵਿਅਕਤੀ ਨੂੰ ਅਪਣੀਆਂ ਅੱਖਾਂ ਦਾਨ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਨੇਤਰਦਾਨੀ ਦੀ ਮੌਤ ਉਪਰੰਤ ਦਾਨ ਕੀਤੀਆਂ ਅੱਖਾਂ ਰਾਹੀਂ ਨੇਤਹਰੀਣ ਵਿਅਕਤੀ ਇਸ ਦੁਨੀਆਂ ਨੂੰ ਵੇਖ ਸਕਣ|’ ਇਹ ਸ਼ਬਦ ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੇ ਅੱਖ ਦਾਨ ਪੰਦਰਵਾੜੇ ਦੀ ਸ਼ੁਰੂਆਤ ਮੌਕੇ ਜ਼ਿਲ੍ਹਾ ਹਸਪਤਾਲ ਤੋਂ ਅੱਖਾਂ ਦੇ ਦਾਨ ਸਬੰਧੀ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਵਿਖਾਉਣ ਮਗਰੋਂ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੇ| ਉਨ੍ਹਾਂ ਕਿਹਾ ਕਿ ਅੱਖਾਂ ਦਾਨ ਕਰਨਾ ਮਨੁੱਖਤਾ ਦੀ ਭਲਾਈ ਦਾ ਕਾਰਜ ਹੈ ਅਤੇ ਹਰ ਕਿਸੇ ਨੂੰ ਫ਼ਾਰਮ ਭਰ ਕੇ ਅੱਖਾਂ ਦਾਨ ਕਰਨ ਦਾ ਤਹਈਆ ਕਰਨਾ ਚਾਹੀਦਾ ਹੈ|
ਸਿਵਲ ਸਰਜਨ ਨੇ ਦਸਿਆ ਕਿ ਭਾਰਤ ਵਿਚ 1 ਕਰੋੜ 50 ਲੱਖ ਤੋਂ ਵੱਧ ਲੋਕ ਨੇਤਰਹੀਣਤਾ ਦਾ ਸ਼ਿਕਾਰ ਹਨ ਅਤੇ ਇਨ੍ਹਾਂ ਵਿਚੋਂ ਬਹੁਤੇ ਲੋਕ ਦਾਨ ਕੀਤੀਆਂ ਅੱਖਾਂ ਰਾਹੀਂ ਵੇਖ ਸਕਦੇ ਹਨ ਪਰ ਦੁੱਖ ਦੀ ਗੱਲ ਹੈ ਕਿ ਸਾਡੇ ਦੇਸ਼ ਵਿਚ ਅੱਖਾਂ ਦਾਨ ਕਰਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ| ਇਸੇ ਕਾਰਨ ਭਾਰੀ ਗਿਣਤੀ ਵਿਚ ਨੇਤਰਹੀਣ ਲੋਕ ਇਸ ਦੁਨੀਆਂ ਨੂੰ ਨਹੀਂ ਵੇਖ ਸਕਦੇ| ਅੱਖਾਂ ਦੀ ਸਾਂਭ-ਸੰਭਾਲ ਬਾਰੇ ਡਾ. ਭਾਰਦਵਾਜ ਨੇ ਕਿਹਾ ਕਿ ਅੱਖਾਂ ਸਾਡੇ ਸਰੀਰ ਦਾ ਅਤਿ ਅਹਿਮ ਅੰਗ ਹਨ, ਇਸ ਲਈ ਇਨ੍ਹਾਂ ਦੀ ਜਾਂਚ ਹਰ ਛੇ ਮਹੀਨੇ ਮਗਰੋਂ ਘੱਟੋ-ਘੱਟ ਇਕ ਵਾਰ ਜ਼ਰੂਰ ਕਰਾਉਣੀ ਚਾਹੀਦੀ ਹੈ| ‘ਅੱਖਾਂ ਗਈਆਂ ਤਾਂ ਜਹਾਨ ਗਿਆ’ ਕਹਾਵਤ ਅੱਖਾਂ ਦੀ ਅਹਿਮੀਅਤ ਬਾਰੇ ਦਸਦੀ ਹੈ ਕਿ ਜੇ ਅੱਖਾਂ ਬਿਨਾਂ ਦੁਨੀਆਂ ਹਨੇਰਮਈ ਹੋ ਜਾਂਦੀ ਹੈ| ਉਨ੍ਹਾਂ ਦਸਿਆ ਕਿ ਇਹ ਵੈਨ ਜ਼ਿਲ੍ਹਾ ਮੁਹਾਲੀ ਤੋਂ ਰਵਾਨਾ ਕੀਤੀ ਗਈ ਹੈ ਜਿਹੜੀ ਜ਼ਿਲ੍ਹੇ ਵਿਚ ਵੱਖ ਵੱਖ ਸਰਕਾਰੀ ਹਸਪਤਾਲਾਂ ਅਤੇ ਹੋਰ ਅਹਿਮ ਥਾਵਾਂ ਤੇ ਜਾ ਕੇ ਲੋਕਾਂ ਨੂੰ ਅੱਖਾਂ ਦਾਨ ਕਰਨ ਬਾਰੇ ਹੋਕਾ ਦੇਵੇਗੀ| ਇਸ ਤੋਂ ਬਾਅਦ ਇਹ ਵੈਨ ਪੂਰੇ ਪੰਜਾਬ ਵਿਚ ਘੁੰਮੇਗੀ| ਇਸ ਮੌਕੇ ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੇ ਅੱਖ ਦਾਨ ਦੀ ਅਹਿਮੀਅਤ ਦਰਸਾਉਂਦਾ ਨੁੱਕੜ ਨਾਟਕ ਵੀ ਖੇਡਿਆ| ਵਿਦਿਆਰਥਣਾਂ ਨੇ ਵਿਸ਼ੇਸ਼ ਤੌਰ ਤੇ ਪੋਸਟਰ ਬਣਾਏ ਜਿਨ੍ਹਾਂ ਤੇ ਲੋਕਾਂ ਨੂੰ ਅੱਖਾਂ ਦਾਨ ਕਰਨ ਦੀਆਂ ਭਾਵਪੂਰਤ ਅਪੀਲਾਂ ਲਿਖੀਆਂ ਗਈਆਂ ਸਨ|
ਇਸ ਮੌਕੇ ਡਾ. ਅਰੀਤ ਕੌਰ ਸਟੇਟ ਪ੍ਰੋਗਰਾਮ ਅਫ਼ਸਰ ਐਨਬੀਸੀਪੀ, ਐਸਐਮਓ ਡਾ. ਮਨਜੀਤ ਸਿੰਘ, ਡਾ. ਨੈਨਸੀ ਸੂਦ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਗੁਰਦੀਪ ਕੌਰ ਵੀ ਮੌਜੂਦ ਸਨ|

Leave a Reply

Your email address will not be published. Required fields are marked *