ਹਰ ਸਾਲ ਬਰਸਾਤੀ ਪਾਣੀ ਦੀ ਮਾਰ ਸਹਿੰਦੇ ਆਧੁਨਿਕ ਸ਼ਹਿਰ ਦੇ ਵਸਨੀਕ

ਸਾਡੇ ਸ਼ਹਿਰ ਨੂੰ ਭਾਵੇਂ ਇੱਕ ਅਤਿਆਧੁਨਿਕ ਸ਼ਹਿਰ ਦਾ ਦਰਜਾ ਹਾਸਿਲ ਹੈ ਅਤੇ ਪੰਜਾਬ ਸਰਕਾਰ ਦੇ ਦਾਅਵਿਆਂ ਵਿੱਚ ਸ਼ਹਿਰ ਵਾਸੀਆਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਪਰੰਤੂ ਸ਼ਹਿਰ ਦੇ ਅਸਲ ਹਾਲਾਤ ਇਹ ਹਨ ਕਿ                   ਜੇਕਰ ਦੋ ਘੰਟੇ ਤੱਕ ਤੇਜ ਬਰਸਾਤ ਪੈ ਜਾਵੇ ਤਾਂ  ਹਾਲਾਤ ਪੂਰੀ ਤਰ੍ਹਾਂ ਕਾਬੂ ਤੋਂ ਬਾਹਰ ਹੋ ਜਾਂਦੇ ਹਨ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਫੇਲ੍ਹ ਹੋ ਜਾਣ ਕਾਰਨ ਬਰਸਾਤ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖਿਲ ਹੋ ਜਾਂਦਾ ਹੈ| 
ਇਹ ਸਮੱਸਿਆ ਨਵੀਂ ਨਹੀਂ ਹੈ ਬਲਕਿ ਪਿਛਲੇ ਕਈ ਸਾਲਾਂ ਤੋਂ ਬਰਸਾਤ ਦੇ ਮੌਸਮ ਵਿੱਚ ਇਹ ਸਮੱਸਿਆ ਜਰੂਰ ਸਾਮ੍ਹਣੇ ਆਉਂਦੀ ਹੈ ਪਰੰਤੂ ਪ੍ਰਸ਼ਾਸ਼ਨ ਇਹ ਸਮੱਸਿਆ ਦਾ ਹੱਲ ਕੱਢਣ ਵਿੱਚ ਪੂਰੀ ਤਰ੍ਹਾਂ ਨਾਕਾਮ ਦਿਖਦਾ ਹੈ| ਬਰਸਾਤੀ ਪਾਣੀ ਦੀ ਇਹ ਮਾਰ ਫੇਜ਼ 5,              ਫੇਜ਼ 3 ਬੀ 2 ਅਤੇ ਫੇਜ਼ 11 ਵਿੱਚ ਸਭਤੋਂ ਵੱਧ ਹੁੰਦੀ ਹੈ ਕਿਉਂਕਿ ਸ਼ਹਿਰ ਦੇ ਹੋਰਨਾਂ ਖੇਤਰਾਂ ਤੋਂ ਨੀਵੇਂ ਹੋਣ ਕਾਰਨ ਬਰਸਾਤ ਦਾ ਪਾਣੀ ਇਹਨਾਂ ਖੇਤਰਾਂ ਵਿੱਚ ਇਕੱਠਾ ਹੋ ਜਾਂਦਾ ਹੈ| ਜੇਕਰ ਹਲਕੀ ਜਾਂ ਆਮ ਬਰਸਾਤ ਹੋਵੇ ਤਾਂ ਸ਼ਹਿਰ ਵਾਸੀਆਂ ਨੂੰ ਜਿਆਦਾ ਪਰੇਸ਼ਾਨੀ ਨਹੀਂ ਹੁੰਦੀ ਪਰੰਤੂ ਜਦੋਂ ਵੀ ਕਦੇ ਦੋ ਤਿੰਨ ਘੰਟੇ ਤੱਕ ਆਮ ਨਾਲੋਂ ਤੇਜ ਬਰਸਾਤ ਪੈਂਦੀ ਹੈ ਤਾਂ ਬਰਸਾਤੀ ਪਾਣੀ ਦੀ ਨਿਕਾਸੀ ਦੇ ਤਮਾਮ ਪ੍ਰਬੰਧ ਪੂਰੀ ਤਰ੍ਹਾਂ ਫੇਲ੍ਹ ਹੋ ਜਾਂਦੇ ਹਨ| ਅਜਿਹਾ ਹੋਣ ਤੇ ਬਰਸਾਤ ਦਾ ਗੰਦਾ ਅਤੇ ਬਦਬੂਦਾਰ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖਿਲ ਹੋ ਜਾਂਦਾ ਹੈ ਅਤੇ ਲੋਕ ਪੂਰੀ ਤਰ੍ਹਾਂ ਬੇਬਸ ਹੋ ਕੇ ਬਰਸਾਤੀ ਪਾਣੀ ਦੀ ਮਾਰ ਸਹਿਣ ਲਈ ਮਜਬੂਰ ਹੋ ਜਾਂਦੇ ਹਨ| 
ਸ਼ਹਿਰ ਵਿੱਚ ਬੁਨਿਆਦੀ ਸੁਵਿਧਾਵਾਂ ਦੇ ਪ੍ਰਬੰਧ ਦੀ ਜਿੰਮੇਵਾਰੀ ਨਗਰ ਨਿਗਮ ਦੀ ਹੈ ਪਰੰਤੂ ਨਗਰ ਨਿਗਮ ਵਲੋਂ ਇਸ ਸਮੱਸਿਆ ਦੇ ਹੱਲ ਲਈ ਹੁਣ ਤੱਕ ਜਿਹੜੀ ਵੀ ਕਾਰਵਾਈ ਕੀਤੀ ਜਾਂਦੀ ਰਹੀ ਹੈ ਉਹ ਇਸ ਮਸਲੇ ਦਾ ਸਥਾਈ ਹਲ ਕੱਢਣ ਦੀ ਸਮਰਥ ਨਹੀਂ ਹੈ| ਜਿਆਦਾ ਤੇਜ ਬਰਸਾਤ ਹੋਣ ਤੋਂ ਬਾਅਦ ਜਦੋਂ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖਿਲ ਹੋ ਜਾਂਦਾ ਹੈ ਤਾਂ ਨਗਰ ਨਿਗਮ ਵਲੋਂ ਫਾਇਰ            ਬ੍ਰਿਗੇਡ ਦੀ ਗੱਡੀ ਭੇਜ ਕੇ ਇਸ ਪਾਣੀ ਨੂੰ ਕਢਵਾਉਣ ਦਾ ਪ੍ਰਬੰਧ ਜਰੂਰ ਕੀਤਾ ਜਾਂਦਾ ਹੈ ਪਰੰਤੂ ਇਸ ਸਮੱਸਿਆ ਦੇ ਪੱਕੇ ਹਲ ਲਈ ਲੋੜੀਂਦੀ ਕਾਰਵਾਈ ਕਰਨ ਤੋਂ ਹਮੇਸ਼ਾ ਟਾਲਾ ਵੱਟਿਆ ਜਾਂਦਾ ਹੈ|
ਹਾਲਾਤ ਇਹ ਹਨ ਕਿ ਨਗਰ ਨਿਗਮ ਵਲੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣਾਈਆਂ ਜਾਂਦੀਆਂ ਰੋਡ ਗਲੀਆਂ ਦੀ ਇੰਨੀ ਸਮਰਥਾ ਹੀ ਨਹੀਂ ਹੈ ਕਿ ਉਹ ਜਿਆਦਾ ਤੇਜ ਬਰਸਾਤ ਹੋਣ ਕਾਰਨ ਆਉਣ ਵਾਲੇ ਪਾਣੀ ਦੀ ਨਿਕਾਸੀ ਕਰ ਸਕਣ| ਨਗਰ ਨਿਗਮ ਵਲੋਂ ਬਣਾਈਆਂ ਜਾਂਦੀਆਂ ਇਹ ਰੋਡ ਗਲੀਆਂ ਦੀ ਸਮਰਥਾ ਪਹਿਲਾਂ ਹੀ ਘੱਟ ਹੁੰਦੀ ਹੈ ਅਤੇ ਇਹਨਾਂ ਦੀ ਸਮੇਂ ਸਿਰ ਸਫਾਈ ਨਾ ਕੀਤੇ ਜਾਣ ਕਾਰਨ ਇਹਨਾਂ ਵਿੱਚ ਫਸੀ ਗੰਦਗੀ ਇਹਨਾਂ ਦੀ ਸਮਰਥਾ ਨੂੰ ਹੋਰ ਵੀ ਘੱਟ ਕਰ ਦਿੰਦੀ ਹੈ| ਇਹੀ ਕਾਰਨ ਹੈ ਕਿ ਜਦੋਂ ਵੀ ਇਸਤੋਂ ਵੱਧ ਬਰਸਾਤ ਹੁੰਦੀ ਹੈ ਬਰਸਾਤ ਦਾ ਇਹ ਪਾਣੀ ਪਹਿਲਾਂ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਵਿੱਚ ਰੁਕਦਾ ਹੈ ਅਤੇ ਫਿਰ ਲੋਕਾਂ ਦੇ ਘਰਾਂ ਵਿੱਚ ਵੀ ਦਾਖਿਲ ਹੋ ਜਾਂਦਾ ਹੈ| 
ਸ਼ਹਿਰਵਾਸੀਆਂ ਦੀ ਇਸ ਅਹਿਮ ਸਮੱਸਿਆ ਲਈ ਸਿੱਧੇ ਤੌਰ ਤੇ ਨਗਰ ਨਿਗਮ ਹੀ ਜਿੰਮੇਵਾਰ ਹੈ ਜਿਸ ਵਲੋਂ ਲੋੜੀਂਦੇ ਪ੍ਰਬੰਧ ਨਾ ਕੀਤੇ ਜਾਣ ਕਾਰਨ ਹਰ ਸਾਲ ਬਰਸਾਤ ਦਾ ਪਾਣੀ ਲੋਕਾਂ ਦਾ ਭਾਰੀ ਨੁਕਸਾਨ ਕਰਦਾ ਹੈ ਪਰੰਤੂ ਨਗਰ ਨਿਗਮ ਦੇ ਸੰਬੰਧਿਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਕੋਈ ਜਵਾਬਦੇਹੀ ਤੈਅ ਨਹੀਂ ਕੀਤੀ ਜਾਂਦੀ ਅਤੇ ਉਹ ਆਪਣੀ ਮਰਜੀ ਨਾਲ ਹੀ ਕੰਮ ਕਰਦੇ ਹਨ| ਇਸ ਵਾਰ ਵੀ ਅਜਿਹਾ ਹੀ ਹੋਇਆ ਹੈ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਇਸ ਸੰਬੰਧੀ ਲੋਕ ਨੁਮਾਇੰਦਿਆਂ ਵਲੋਂ ਨਗਰ ਨਿਗਮ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਇਸ ਸਮੱਸਿਆ ਦੇ ਹਲ ਲਈ ਸਮਾਂ ਰਹਿੰਦਿਆ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ ਪਰੰਤੂ ਕੁੱਝ ਨਹੀਂ ਕੀਤਾ ਗਿਆ ਅਤੇ ਹੁਣ ਦੋ ਘੰਟੇ ਦੀ ਇਸ ਬਰਸਾਤ ਨੇ ਨਗਰ ਨਿਗਮ ਵਲੋਂ ਕੀਤੇ ਜਾਂਦੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ| 
ਨਗਰ ਨਿਗਮ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਬਰਸਾਤੀ ਪਾਣੀ ਦੀ ਨਿਕਾਸੀ ਦੇ ਲੋੜੀਂਦੇ ਪ੍ਰਬੰਧ ਯਕੀਨੀ ਕਰੇ ਪਰੰਤੂ ਨਗਰ ਨਿਗਮ ਵਲੋਂ ਇਸ ਸੰਬੰਧੀ ਲੋੜੀਂਦੇ ਕਦਮ ਨਾ ਚੁੱਕੇ ਜਾਣ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਨੁਕਸਾਨ ਸਹਿਣਾ ਪੈਂਦਾ ਹੈ ਇਸ ਲਈ ਨਿਗਮ ਦੇ ਸੰਬੰਧਿਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਵਾਬਦੇਹੀ ਤੈਅ ਕਰਕੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ| ਨਗਰ ਨਿਗਮ ਦੇ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਸ਼ਹਿਰ ਵਾਸੀਆਂ ਦੀ ਇਸ ਅਹਿਮ ਸਮੱਸਿਆ ਦੇ ਹੱਲ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ ਅਤੇ ਨਿਗਮ ਦੇ ਜਿੰਮੇਵਾਰ ਅਧਿਕਾਰੀਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ| ਸ਼ਹਿਰ ਵਾਸੀਆਂ ਨੂੰ ਹਰ ਸਾਲ ਪੇਸ਼ ਆਉਣ ਵਾਲੀ ਇਸ ਸਮੱਸਿਆ ਦਾ ਹੱਲ ਕੱਢਣਾ ਨਗਰ ਨਿਗਮ ਦੀ ਜਿੰਮੇਵਾਰੀ ਹੈ ਅਤੇ ਇਸਦੇ ਸਥਾਈ ਹਲ ਲਈ ਤੁਰੰਤ ਕਦਮ ਚੁੱਕੇ ਜਾਣੇ ਚਾਹੀਦੇ ਹਨ|

Leave a Reply

Your email address will not be published. Required fields are marked *