ਹਲਕਾ ਆਨੰਦਪੁਰ ਸਾਹਿਬ ਦੇ 9 ਵਿਧਾਨਸਭਾ ਹਲਕਿਆਂ ਲਈ ਅੰਬਿਕਾ ਸੋਨੀ ਵਲੋਂ ਐਮ ਪੀ ਫੰਡ ਵਿੱਚੋਂ ਦਿੱਤੀਆਂ 9 ਐਬੂਲੈਂਸ ਵੈਨਾਂ ਨੂੰ ਮੁੱਖ ਮੰਤਰੀ ਨੇ ਵਿਖਾਈ ਹਰੀ ਝੰਡੀ

ਐਸ.ਏ.ਐਸ. ਨਗਰ, 16 ਅਪ੍ਰੈਲ (ਸ.ਬ.) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਥਾਨਕ ਸਰਕਾਰੀ ਕਾਲੇਜ ਵਿੱਚ ਰੱਖੇ ਇੱਕ ਸਮਾਗਮ ਦੌਰਾਨ ਲੋਕਸਭਾ ਹਲਕਾ ਆਨੰਦਪੁਰ ਸਾਹਿਬ ਅਧੀਨ ਆਉਂਦੇ 9 ਵਿਧਾਨਸਭਾ ਹਲਕਿਆਂ ਵਾਸਤੇ ਰਾਜਸਭਾ ਮੈਂਬਰ ਬੀਬੀ ਅੰਬਿਕਾ ਸੋਨੀ ਦੇ ਐਮ ਪੀ ਕੋਟੇ ਤੋਂ ਖਰੀਦੀਆਂ ਗਈਆਂ ਐਂਬੂਲੈਂਸ ਵੈਨਾਂ ਨੂੰ ਝੰਡੀ ਵਿਖਾਈ| ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਜਨਤਾ ਨੂੰ ਲੋੜੀਂਦੀਆਂ ਸਿਹਤ ਸਹੂਲਤਾਂ ਮੁਹਈਆ ਕਰਵਾਉਣ ਵਾਸਤੇ ਐਂਬੂਲੈਂਸ ਸਰਵਿਸ ਦਾ ਵਿਸ਼ੇਸ਼ ਮਹੱਤਵ ਹੈ ਅਤੇ ਇਹਨਾਂ ਰਾਂਹੀ ਐਮਰਜੈਂਸੀ ਹਾਲਾਤ ਤੇ ਕਾਬੂ ਕਰਨ ਵਿੱਚ ਵੱਡੀ ਮਦਦ ਮਿਲਦੀ ਹੈ| ਉਹਨਾਂ ਕਿਹਾ ਕਿ ਹਾਲਾਂਕਿ ਪਿਛਲੇ ਸਮੇਂ ਦੌਰਾਨ ਪੰਜਾਬ ਵਿੱਚ ਸੜਕ ਹਾਦਸਿਆਂ ਵਿੱਚ ਕਾਫੀ ਕਮੀ ਆਈ ਹੈ ਅਤੇ ਇਸ ਸੰਬੰਧੀ ਜਿੱਥੇ ਟ੍ਰੈਫਿਕ ਪੁਲੀਸ ਵਲੋਂ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਕੀਤੀ ਜਾਂਦੀ ਸਖਤੀ ਦਾ ਫਾਇਦਾ ਹੋਇਆ ਹੈ ਉੱਥੇ ਸਰਕਾਰ ਵਲੋਂ ਇਸ ਸੰਬੰਧੀ ਵਿਸ਼ੇਸ਼ ਜਾਗਰੂਕਤਾ ਮੁਹਿੰਮ ਵੀ ਚਲਾਈ ਜਾ ਰਹੀ ਹੈ|
ਮੁੱਖ ਮੰਤਰੀ ਨੇ ਇਸ ਮੌਕੇ ਕਿਹਾ ਕਿ ਮੁਹਾਲੀ ਸ਼ਹਿਰ ਦੀ ਪਹਿਚਾਨ ਅੰਤਰਰਾਸ਼ਟਰੀ ਪੱਧਰ ਤੇ ਹੈ ਅਤੇ ਪਿਛਲੇ ਦਿਨੀਂ ਚੀਨ ਦੀ ਇੱਕ ਮੋਬਾਈਲ ਫੋਨ ਬਣਾਉਣ ਵਾਲੀ ਕੰਪਨੀ ਦੇ ਨੁਮਾਇੰਦੇ ਇੱਥੇ ਆਪਣਾ ਪ੍ਰੋਜੈਕਟ ਲਗਾਉਣ ਵਾਸਤੇ ਉਹਨਾਂ ਨੂੰ ਮਿਲੇ ਸਨ ਜਿਹਨਾਂ ਨੂੰ ਹਾਮੀ ਭਰਕੇ ਕਿਹਾ ਗਿਆ ਹੈ ਕਿ ਉਹ ਇੱਥੇ ਆਪਣਾ ਪ੍ਰੋਜੈਕਟ ਲਗਾਉਣ ਅਤੇ ਸਰਕਾਰ ਉਹਨਾਂ ਨੂੰ ਹਰ ਸਹੂਲੀਅਤ ਮੁਹਈਆ ਕਰਵਾਏਗੀ| ਇਸ ਮੌਕੇ ਪਿਛਲੇ ਦਿਨੀਂ ਮੁਹਾਲੀ ਵਿੱਚ ਇੱਕ ਪੰਜਾਬੀ ਗਾਇਕ ਨੂੰ ਇੱਕ ਗੈਂਗਸਟਰ ਵਲੋਂ ਗੋਲੀ ਮਾਰੇ ਜਾਣ ਬਾਰੇ ਪੁੱਛੇ ਸਵਾਲ ਤੇ ਉਹਨਾਂ ਕਿਹਾ ਕਿ ਸਰਕਾਰ ਗੈਂਗਸਟਰਾਂ ਨੂੰ ਸਿਰ ਨਹੀਂ ਚੁੱਕਣ ਦੇਵੇਗੀ ਅਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ|
ਇਸ ਮੌਕੇ ਬੋਲਦਿਆਂ ਪੰਜਾਬ ਦੇ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਮੁਹਾਲੀ ਵਿੱਚ ਖੋਲ੍ਹੇ ਜਾਣ ਵਾਲੇ ਸਰਕਾਰੀ ਕਾਲੇਜ ਦੀ ਮੰਜੂਰੀ ਦੌਰਾਨ ਆਈਆਂ ਮੁਸ਼ਕਿਲਾਂ ਦਾ ਜਿਕਰ ਕਰਦਿਆਂ ਇਸ ਲਈ ਪਿਛਲੀ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ| ਉਹਨਾਂ ਕਿਹਾ ਕਿ ਸੂਬੇ ਦੀ ਪਿਛਲੀ ਅਕਾਲੀ ਭਾਜਪਾ ਸਰਕਾਰ ਵਲੋਂ ਕੇਂਦਰ ਸਰਕਾਰ ਨੂੰ ਮੁਹਾਲੀ ਵਿੱਚ ਮੈਡੀਕਲ ਕਾਲੇਜ ਖੋਲਣ ਬਾਰੇ ਲਿਖਤੀ ਨਾਂਹ ਕੀਤੀ ਗਈ ਸੀ ਵਰਨਾ ਇਹ ਪ੍ਰੋਜੈਕਟ ਪਹਿਲਾਂ ਹੀ ਮੰਜੂਰ ਹੋ ਜਾਣਾ ਸੀ| ਉਹਨਾਂ ਕਿਹਾ ਕਿ ਇਸ ਪ੍ਰੋਜੈਕਟ ਦੀਆਂ ਸ਼ਰਤਾਂ ਅਨੁਸਾਰ ਇੱਥੇ ਲੋੜੀਂਦੀ ਜਮੀਨ ਦੀ ਉਪਲਬਧਤਾ ਨਾ ਹੋਣ ਕਾਰਨ ਇਸ ਪ੍ਰੋਜੈਕਟ ਦੀ ਮੰਜੂਰੀ ਵਿੱਚ ਰੁਕਾਵਟ ਆਈ ਸੀ ਪਰੰਤੂ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਵਲੋਂ ਇਸ ਸੰਬੰਧੀ ਉਹਨਾਂ ਤੋਂ ਦੋ ਦਿਨ ਦਾ ਸਮਾਂ ਮੰਗਿਆ ਗਿਆ ਸੀ ਅਤੇ ਦੋ ਦਿਨਾਂ ਵਿੱਚ ਸ੍ਰ. ਸਿੱਧੂ ਨੇ ਲੋੜੀਂਦੀ ਜਮੀਨ ਸੰਬੰਧੀ ਜੁਝਾਰ ਨਗਰ ਦੀ ਪੰਚਾਇਤ ਦਾ ਮਤਾ ਸਰਕਾਰ ਨੂੰ ਪੁੱਜਦਾ ਕਰ ਦਿੱਤਾ ਸੀ ਜਿਸਤੋਂ ਬਾਅਦ ਮੈਡੀਕਲ ਕਾਲੇਜ ਦੇ ਰਾਹ ਦੀ ਰੁਕਾਵਟ ਖਤਮ ਹੋ ਗਈ|
ਰਾਜਸਭਾ ਮੈਂਬਰ ਸ੍ਰੀਮਤੀ ਅੰਬਿਕਾ ਸੋਨੀ ਨੇ ਇਸ ਮੌਕੇ ਕਿਹਾ ਕਿ ਉਹਨਾਂ ਨੂੰ ਆਪਣੇ ਐਮ ਪੀ ਫੰਡ ਦੇ ਰੂਪ ਵਿੱਚ ਜਿਹੜਾ ਪੈਸਾ ਮਿਲਦਾ ਹੈ ਉਸਨੂੰ ਉਹ ਲੋਕਾਂ ਦੀ ਭਲਾਈ ਦੇ ਪ੍ਰੋਜੈਕਟਾਂ ਤੇ ਖਰਚ ਕਰ ਦਿੰਦੇ ਹਨ| ਉਹਨਾਂ ਕਿਹਾ ਕਿ ਇਸ ਸੰਬੰਧੀ ਵੱਖ ਵੱਖ ਆਗੂਆਂ ਨੇ ਉਹਨਾਂ ਨਾਲ ਸੰਪਰਕ ਕਰਕੇ ਐਂਬੂਲੈਂਸਾ ਦੇਣ ਦੀ ਮੰਗ ਕੀਤੀ ਗਈ ਸੀ ਅਤੇ ਉਹਨਾਂ ਨੇ ਇਹ ਐਂਬੂਲੈਂਸਾਂ ਖਰੀਦ ਦਿੱਤੀਆਂ ਹਨ| ਉਹਨਾਂ ਇਸ ਮੌਕੇ ਭਾਵੇਂ ਕੋਈ ਸਿਆਸੀ ਗੱਲ ਨਹੀਂ ਕੀਤੀ ਪਰੰਤੂ ਅੱਜ ਦੇ ਪ੍ਰੋਗਰਾਮ ਨਾਲ ਉਹਨਾਂ ਵਲੋਂ ਗੈਰ ਰਸਮੀ ਤੌਰ ਤੇ ਮਿਸ਼ਨ 2019 ਦੀ ਸ਼ੁਰੂਆਤ ਜਰੂਰ ਕਰ ਦਿੱਤੀ ਗਈ ਹੈ|

ਬਦਇੰਤਜਾਮੀ ਦੀ ਭੇਂਟ ਚੜ੍ਹਿਆ ਸਮਾਗਮ, ਸੀਨੀਅਰ ਡਿਪਟੀ ਮੇਅਰ ਨੇ ਕੀਤੀ ਪੁਲੀਸ ਵਲੋਂ ਬਦਸਲੂਕੀ ਦੀ ਸ਼ਿਕਾਇਤ
ਇਸ ਪ੍ਰੋਗਰਾਮ ਦੌਰਾਨ ਪ੍ਰਸ਼ਾਸ਼ਨਿਕ ਬਦਇੰਤਜਾਮੀ ਪੂਰੀ ਤਰ੍ਹਾਂ ਭਾਰੂ ਰਹੀ ਅਤੇ ਉੱਥੇ ਆਏ ਲੋਕਾਂ ਦੇ ਬੈਠਣ ਦਾ ਲੋੜੀਂਦਾ ਇੰਤਜਾਮ ਨਾ ਹੋਣ ਕਾਰਨ ਲੋਕ ਇੱਕ ਦੂਜੇ ਦੇ ਅੱਗੇ ਖੜ੍ਹੇ ਰਹੇ| ਸਮਾਗਮ ਵਿੱਚ ਪਹੁੰਚੇ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ ਨੇ ਇਸ ਮੌਕੇ ਦੋਸ਼ ਲਗਾਇਆ ਕਿ ਪੁਲੀਸ ਵਲੋਂ ਉਹਨਾਂ ਨੂੰ ਸਮਾਗਮ ਵਾਲੀ ਥਾਂ ਤੇ ਜਾਣ ਤੋਂ ਰੋਕ ਦਿੱਤਾ ਗਿਆ ਅਤੇ ਗੱਡੀ ਸਾਈਡ ਵਿੱਚ ਲਾਉਣ ਲਈ ਕਿਹਾ ਗਿਆ| ਉਹਨਾਂ ਇਲਜਾਮ ਲਗਾਇਆ ਕਿ ਇਸ ਮੌਕੇ ਉੱਥੇ ਮੌਜੂਦ ਬਲੌਂਗੀ ਦੇ ਐਸ ਐਚ ਓ ਸ੍ਰ. ਭਗਵੰਤ ਸਿੰਘ ਨੂੰ ਆਪਣੀ ਪਹਿਚਾਨ ਦੱਸਣ ਦੇ ਬਾਵਜੂਦ ਉਹਨਾਂ ਨੂੰ ਬੇਇਜੱਤ ਕੀਤਾ ਗਿਆ ਅਤੇ ਖੜ੍ਹਾ ਕੇ ਰੱਖਿਆ ਗਿਆ| ਬਾਅਦ ਵਿੱਚ ਉਹਨਾਂ ਵਲੋਂ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਨੂੰ ਫੋਨ ਕਰਨ ਤੇ ਸ੍ਰੀ ਸਿੱਧੂ ਉਹਨਾਂ ਨੂੰ ਅੰਦਰ ਲੈ ਕੇ ਗਏ| ਹਾਲਾਂਕਿ ਬਲੌਂਗੀ ਦੇ ਐਸ ਐਚ ਓ ਸ੍ਰ. ਭਗਵੰਤ ਸਿੰਘ ਨੇ ਸ੍ਰੀ ਜੈਨ ਨਾਲ ਕਿਸੇ ਕਿਸਮ ਦੀ ਬਦਸਲੂਕੀ ਤੋਂ ਸਾਫ ਇਨਕਾਰ ਕਰਦਿਆਂ ਕਿਹਾ ਕਿ ਉਹਨਾਂ ਨੇ ਪ੍ਰੋਟੋਕਾਲ ਦੇ ਅਨੁਸਾਰ ਸ੍ਰੀ ਜੈਨ ਨੂੰ ਗੱਡੀ ਸਮੇਤ ਅੰਦਰ ਜਾਣ ਤੋਂ ਰੋਕਿਆ ਸੀ ਅਤੇ ਉਹ ਸਿਰਫ ਆਪਣੀ ਡਿਊਟੀ ਕਰ ਰਹੇ ਸੀ|

Leave a Reply

Your email address will not be published. Required fields are marked *