ਹਲਕਾ ਘਨੌਰ ਦੇ 52 ਗਰੀਬ ਪਰਿਵਾਰਾਂ ਦਾ 17 ਲੱਖ 13 ਹਜ਼ਾਰ ਦਾ ਕਰਜ਼ਾ ਮੁਆਫ਼

ਹਲਕਾ ਘਨੌਰ ਦੇ 52 ਗਰੀਬ ਪਰਿਵਾਰਾਂ ਦਾ 17 ਲੱਖ 13 ਹਜ਼ਾਰ ਦਾ ਕਰਜ਼ਾ ਮੁਆਫ਼
ਵਿਧਾਇਕ ਮਦਨ ਲਾਲ ਜਲਾਲਪੁਰ ਨੇ ਵੰਡੇ ਕਰਜ਼ਾ ਰਾਹਤ ਸਰਟੀਫਿਕੇਟ
ਘਨੌਰ 17 ਅਗਸਤ (ਅਭਿਸ਼ੇਕ ਸੂਦ) ਅੱਜ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਗ੍ਰਹਿ ਵਿਖੇ ਪੰਜਾਬ ਐਸ. ਸੀ./ਬੀ. ਸੀ. ਕਾਰਪੋਰੇਸ਼ਨ ਵਲੋਂ ਗਰੀਬ ਪਰਿਵਾਰਾਂ ਨੂੰ ਕਰਜ਼ਾ ਮੁਆਫ਼ੀ ਦੇ ਪ੍ਰਮਾਣ ਪੱਤਰ ਵੰਡਣ ਲਈ ਸਮਾਗਮ ਕਰਵਾਇਆ ਗਿਆ| ਇਸ ਦੌਰਾਨ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਸ਼ਮੂਲੀਅਤ ਕਰਦਿਆਂ ਐਸ.ਸੀ./ਬੀ.ਸੀ. ਪਰਿਵਾਰਾਂ ਨੂੰ ਕਰਜ਼ਾ ਰਾਹਤ ਸਰਟੀਫਿਕੇਟਾਂ ਦੀ ਵੰਡ ਕੀਤੀ|
ਇਸ ਮੌਕੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਕੈਪਟਨ ਸਰਕਾਰ ਕੰਮ ਕਰਨ ਵਿਚ ਯਕੀਨ ਰੱਖਦੀ ਹੈ, ਜਿਸ ਲਈ ਕਿਸਾਨਾਂ ਦੇ 2 ਲੱਖ ਰੁਪਏ ਤੱਕ ਦੇ ਕਰਜ਼ੇ ਮੁਆਫ਼ ਕਰਨ ਮਗਰੋਂ ਕਿਰਤੀਆਂ ਦੇ 50-50 ਹਜ਼ਾਰ ਰੁਪਏ ਤੱਕ ਕਰਜ਼ੇ ਮੁਆਫ਼ ਕਰ ਦਿੱਤੇ ਗਏ ਹਨ| ਪੰਜਾਬ ਐਸ. ਸੀ. ਕਾਰਪੋਰੇਸ਼ਨ ਵਲੋਂ 14 ਹਜ਼ਾਰ 269 ਕਰਜ਼ਾਦਾਰਾਂ ਦੇ 50 ਹਜ਼ਾਰ ਰੁਪਏ ਤੱਕ ਦੇ ਕਰਜ਼ੇ ਮੁਆਫ਼ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਦੀ ਕੁੱਲ ਰਾਸ਼ੀ ਕਰੀਬ 46 ਕਰੋੜ ਰੁਪਏ ਬਣਦੀ ਹੈ| ਇਸ ਤੋਂ ਇਲਾਵਾ ਬੀ. ਸੀ. ਕਾਰਪੋਰੇਸ਼ਨ ਦੇ ਲਾਭਪਾਤਰੀਆਂ ਦੀ ਗਿਣਤੀ 1630 ਅਤੇ ਕੁੱਲ ਰਾਸ਼ੀ ਸਾਢੇ 6 ਕਰੋੜ ਰੁਪਏ ਬਣਦੀ ਹੈ| ਵਿਧਾਇਕ ਜਲਾਲਪੁਰ ਨੇ ਦੱਸਿਆ ਕਿ ਇਕੱਲੇ ਪਟਿਆਲਾ ਜ਼ਿਲ੍ਹੇ ਦੇ ਕੁੱਲ 948 ਪਰਿਵਾਰਾਂ ਦਾ 3 ਕਰੋੜ 16 ਲੱਖ ਰੁਪਏ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ, ਜਿਸ ਵਿਚੋਂ ਹਲਕਾ ਘਨੌਰ ਦੇ 52 ਪਰਿਵਾਰਾਂ ਨੂੰ 17 ਲੱਖ 13 ਹਜ਼ਾਰ ਰੁਪਏ ਦੀ ਕਰਜ਼ਾ ਰਾਹਤ ਦਿੱਤੀ ਗਈ ਹੈ| ਉਨ੍ਹਾਂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਲੋੜਵੰਦਾਂ ਨੂੰ ਰਾਹਤ ਦੇਣ ਉਤੇ ਧੰਨਵਾਦ ਵੀ ਕੀਤਾ ਗਿਆ|
ਵਿਧਾਇਕ ਜਲਾਲਪੁਰ ਨੇ ਇਹ ਵੀ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੇ ਸਵਾ ਸਾਲ ਵਿਚ ਕਿਸਾਨਾਂ ਅਤੇ ਗਰੀਬ ਪਰਿਵਾਰਾਂ ਨੂੰ ਕਰਜ਼ਾ ਰਾਹਤ ਦੇ ਕੇ ਸਾਬਤ ਕਰ ਦਿੱਤਾ ਹੈ ਕਿ ਇਹ ਸਰਕਾਰ ਸਿਰਫ਼ ਤੇ ਸਿਰਫ਼ ਪੰਜਾਬ ਦੇ ਭਲ਼ੇ ਲਈ ਹੈ ਜਦੋਂ ਕਿ ਵਿਰੋਧੀ ਪਾਰਟੀ ਅਕਾਲੀ- ਭਾਜਪਾ ਫੌਕੀ ਬਿਆਨਬਾਜ਼ੀ ਤੇ ਨੀਂਹ ਪੱਥਰ ਰੱਖਣ ਤੱਕ ਸੀਮਤ ਰਹਿੰਦੀ ਹੈ| ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਪੰਚਾਇਤੀ, ਬਲਾਕ ਸੰਮਤੀ, ਜ਼ਿਲ੍ਹਾ ਪਰਿਸ਼ਦ ਚੋਣਾਂ ਸਵਾ ਸਾਲ ਦੇ ਵਿਕਾਸ ਕੰਮਾਂ ਦੇ ਆਧਾਰ ਉਤੇ ਲੜੀਆਂ ਜਾਣਗੀਆਂ ਤੇ ਚੋਣਾਂ ਦੌਰਾਨ ਕਿਸੇ ਨੂੰ ਵੀ ਹੁਲੜਬਾਜ਼ੀ ਜਾਂ ਧੱਕਾ ਨਹੀਂ ਕਰਨ ਦਿੱਤਾ ਜਾਵੇਗਾ|
ਇਸ ਦੌਰਾਨ ਗਗਨਦੀਪ ਸਿੰਘ ਜਲਾਲਪੁਰ ਮੈਂਬਰ ਪੀ.ਪੀ.ਸੀ.ਸੀ., ਬਲਾਕ ਪ੍ਰਧਾਨ ਪਰਮਿੰਦਰ ਸਿੰਘ ਲਾਲੀ, ਬਲਾਕ ਪ੍ਰਧਾਨ ਜਗਰੂਪ ਸਿੰਘ ਹੈਪੀ ਸੇਹਰਾ, ਬਲਜੀਤ ਸਿੰਘ ਗਿੱਲ, ਹਰਕੇਸ਼ ਸਿੰਘ ਝੂੰਗੀਆਂ, ਮਨਜੀਤ ਸਿੰਘ ਚਪੜ੍ਹ, ਜ਼ਿਲ੍ਹਾ ਭਲਾਈ ਅਫ਼ਸਰ ਗੁਰਿੰਦਰਜੀਤ ਸਿੰਘ, ਐਸ.ਸੀ. ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗੁਰਪਿੰਦਰ ਸਿੰਘ, ਸ਼ੀਸ਼ਪਾਲ ਬਠੌਣੀਆਂ, ਮਾਸਟਰ ਮੋਹਣ ਸਿੰਘ ਸਮੇਤ ਵੱਡੀ ਗਿਣਤੀ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ|

Leave a Reply

Your email address will not be published. Required fields are marked *