ਹਲਕਾ ਮੁਹਾਲੀ ਦੇ ਸਕੂਲਾਂ ਦੀ ਨੁਹਾਰ ਬਦਲਣ ਦਾ ਕੰਮ ਵੱਡੇ ਪੱਧਰ ਤੇ ਜਾਰੀ : ਬਲਬੀਰ ਸਿੰਘ ਸਿੱਧੂ

ਹਲਕਾ ਮੁਹਾਲੀ ਦੇ ਸਕੂਲਾਂ ਦੀ ਨੁਹਾਰ ਬਦਲਣ ਦਾ ਕੰਮ ਵੱਡੇ ਪੱਧਰ ਤੇ ਜਾਰੀ : ਬਲਬੀਰ ਸਿੰਘ ਸਿੱਧੂ
ਗੀਗੇ ਮਾਜਰਾ ਦੇ ਸਰਕਾਰੀ ਸਕੂਲ ਨੂੰ ਮਿਲੀ 25 ਲੱਖ ਰੁਪਏ ਦੀ ਗ੍ਰਾਂਟ
ਐਸ. ਏ. ਐਸ. ਨਗਰ, 21 ਅਗਸਤ  (ਸ.ਬ.) ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਵਲੋਂ ਹਲਕਾ ਮੁਹਾਲੀ ਵਿਚ ਸਿਹਤ ਅਤੇ ਸਿਖਿਆ ਦੇ                   ਖੇਤਰਾਂ ਵਿਚ ਵਿਆਪਕ ਸੁਧਾਰਾਂ ਦੇ ਯਤਨਾਂ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਗੀਗੇ ਮਾਜਰਾ ਦੇ ਕਾਇਆਕਲਪ ਲਈ 25 ਲੱਖ ਰੁਪਏ ਦੀ ਗ੍ਰਾਂਟ ਹਾਸਲ ਹੋਈ ਹੈ| ਸਿਹਤ ਮੰਤਰੀ ਨੇ ਦਸਿਆ ਕਿ ਇਹ ਗ੍ਰਾਂਟ ਐਮ ਪੀ ਲੈਡ ਸਕੀਮ ਤਹਿਤ ਮਿਲੀ ਹੈ| ਉਨ੍ਹਾਂ ਵਲੋਂ ਗ੍ਰਾਂਟ ਦਾ ਮਨਜ਼ੂਰੀ ਪੱਤਰ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਹਰਿੰਦਰ ਕੌਰ ਨੂੰ ਸੌਂਪਿਆ ਗਿਆ|
ਸਿਹਤ ਮੰਤਰੀ ਮੁਤਾਬਕ ਪਿੰਡ ਗੀਗੇ ਮਾਜਰਾ ਦੇ ਸਕੂਲ ਲਈ ਉਹ ਆਪਣੇ ਅਖ਼ਤਿਆਰੀ ਕੋਟੇ ਵਿਚੋਂ ਲੱਖਾਂ ਰੁਪਏ ਦੀ ਗ੍ਰਾਂਟ ਪਹਿਲਾਂ ਹੀ ਜਾਰੀ ਕਰ ਚੁੱਕੇ ਹਨ ਜਿਸ ਨਾਲ ਸਕੂਲ ਵਿਚ ਕਈ ਕਮਰਿਆਂ ਦੀ ਉਸਾਰੀ ਕੀਤੀ ਜਾ ਚੁੱਕੀ ਹੈ ਅਤੇ ਹੁਣ ਇਸ ਗ੍ਰਾਂਟ ਨਾਲ ਸਕੂਲ ਦਾ ਮੁਕੰਮਲ ਮੂੰਹ-ਮੁਹਾਂਦਰਾ ਬਦਲ ਜਾਵੇਗਾ| ਉਹਨਾਂ ਕਿਹਾ ਕਿ ਉਨ੍ਹਾਂ ਦਾ ਟੀਚਾ ਹਲਕਾ ਮੁਹਾਲੀ ਦੇ ਸਰਕਾਰੀ ਸਕੂਲਾਂ ਨੂੰ ਨਮੂਨੇ ਦੇ ਸਕੂਲ ਬਣਾਉਣਾ ਹੈ ਜਿਸ ਦੀ ਪ੍ਰਾਪਤੀ ਲਈ ਕਾਫੀ ਕੰਮ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ|
ਉਨ੍ਹਾਂ ਦਸਿਆ ਕਿ ਆਉਣ ਵਾਲੇ ਦਿਨਾਂ ਵਿਚ ਪਿੰਡ ਗੋਬਿੰਦਗੜ੍ਹ, ਲਾਂਡਰਾ, ਨਗਾਰੀ,  ਸਨੇਟਾ ਆਦਿ ਦੇ ਸਰਕਾਰੀ ਸਕੂਲਾਂ ਵਿਚ ਵਾਧੂ ਕਮਰਿਆਂ ਦੀ ਉਸਾਰੀ, ਫ਼ਰਨੀਚਰ ਦੀ ਖ਼ਰੀਦ ਤੇ ਹੋਰ ਸੁਧਾਰ ਲਈ ਕ੍ਰਮਵਾਰ 50 ਲੱਖ ਰੁਪਏ, 15 ਲੱਖ ਰੁਪਏ, 8 ਲੱਖ ਰੁਪਏ ਅਤੇ 8 ਲੱਖ ਰੁਪਏ ਦੀਆਂ ਗ੍ਰਾਂਟਾਂ ਜਾਰੀ ਕੀਤੀਆਂ ਜਾਣਗੀਆਂ| ਉਹਨਾਂ ਕਿਹਾ ਕਿ ਸਰਕਾਰ ਸੂਬੇ ਵਿਚ ਸਿਖਿਆ ਦਾ ਮਿਆਰ ਉਚਾ ਚੁੱਕਣ ਲਈ ਕੰਮ ਕਰ ਰਹੀ ਹੈ| ਇਸ ਸੰਬੰਧੀ ਜਿਥੇ ਅਧਿਆਪਕਾਂ ਦੀ ਭਰਤੀ ਦਾ ਕੰਮ ਵੱਡੇ ਪੱਧਰ ਤੇ ਜਾਰੀ ਹੈ, ਉਥੇ ਸਕੂਲਾਂ ਦੇ ਬੁਨਿਆਦੀ ਢਾਂਚੇ ਵਿਚ ਸੁਧਾਰ ਦੀ ਕਵਾਇਦ ਵੀ ਲਗਾਤਾਰ ਚੱਲ ਰਹੀ ਹੈ| ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਵੀ ਸਕੂਲਾਂ ਦੇ ਬੁਨਿਆਦੀ ਢਾਂਚੇ ਵਿਚ ਸੁਧਾਰ ਵਾਸਤੇ ਗ੍ਰਾਂਟਾਂ ਜਾਰੀ ਕੀਤੀਆਂ ਜਾਣਗੀਆਂ|
ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਸ੍ਰੀ              ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਤਰਸੇਮ ਸਿੰਘ ਸਰਪੰਚ ਗੀਗੇ ਮਾਜਰਾ, ਅਧਿਆਪਕਾ ਪੂਨਮ ਰਾਣੀ, ਮਾਸਟਰ ਇੰਦਰ ਕੁਮਾਰ, ਬਲਾਕ ਕਾਂਗਰਸ           ਕਮੇਟੀ ਦੇ ਪ੍ਰਧਾਨ ਠੇਕੇਦਾਰ ਮੋਹਨ ਸਿੰਘ ਬਠਲਾਣਾ, ਮਨਜੀਤ ਸਿੰਘ ਤੰਗੋਰੀ-ਵਾਈਸ ਚੇਅਰਮੈਨ ਬਲਾਕ ਸੰਮਤੀ ਖਰੜ, ਗੁਰਚਰਨ ਸਿੰਘ ਗੀਗੇ ਮਾਜਰਾ, ਕੁਲਵੰਤ ਸਿੰਘ ਫ਼ੌਜੀ, ਪੰਡਿਤ ਭੁਪਿੰਦਰ ਕੁਮਾਰ ਸਰਪੰਚ ਨਗਾਰੀ, ਗੁਰਦੀਪ ਸਿੰਘ ਸਰਪੰਚ ਦੈੜੀ, ਸੋਮਨਾਥ ਨਗਾਰੀ, ਸ਼ੇਰ ਸਿੰਘ ਦੈੜੀ, ਸੁਖਵਿੰਦਰ ਸਿੰਘ ਸਰਪੰਚ ਮਿੱਢੇ ਮਾਜਰਾ ਆਦਿ ਮੌਜੂਦ ਸਨ|

Leave a Reply

Your email address will not be published. Required fields are marked *