ਹਲਕਾ ਵਿਧਾਇਕ ਅਤੇ ਮੇਅਰ ਵਿੱਚ ਚਲਦੇ ਰੇੜਕੇ ਕਾਰਨ ਅਧਿਕਾਰੀ ਅਤੇ ਕਰਮਚਾਰੀ ਕਰਨ ਲੱਗੇ ਨਿਗਮ ਤੋਂ ਕਿਨਾਰਾ

ਹਲਕਾ ਵਿਧਾਇਕ ਅਤੇ ਮੇਅਰ ਵਿੱਚ ਚਲਦੇ ਰੇੜਕੇ ਕਾਰਨ ਅਧਿਕਾਰੀ ਅਤੇ ਕਰਮਚਾਰੀ ਕਰਨ ਲੱਗੇ ਨਿਗਮ ਤੋਂ ਕਿਨਾਰਾ
ਨਿਗਮ ਦੇ ਐਸ ਈ ਨੇ ਖੁਦ ਨੂੰ ਸੇਵਾ ਮੁਕਤ ਕਰਨ ਲਈ ਕਮਿਸ਼ਨਰ ਅਤੇ ਸਥਾਨਕ ਸਰਕਾਰ ਵਿਭਾਗ ਦੇ ਸਕੱਤਰ ਨੂੰ ਦਿੱਤਾ ਪੱਤਰ

ਭੁਪਿੰਦਰ ਸਿੰਘ
ਐਸ ਏ ਐਸ ਨਗਰ, 23 ਸਤੰਬਰ
ਨਗਰ ਨਿਗਮ ਤੇ ਕਬਜੇ ਨੂੰ ਲੈ ਕੇ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਅਤੇ ਅਤੇ ਮੇਅਰ ਸ੍ਰ. ਕੁਲਵੰਤ ਸਿੰਘ ਵਿਚਾਲੇ ਚਲਦੀ ਆਪਸੀ ਖਿੱਚੋਤਾਨ ਕਾਰਨ ਬੀਤੇ ਸਮੇਂ ਦੌਰਾਨ ਹੋਈਆਂ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਬਦਲੀਆਂ ਨਾਲ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਉੱਪਰ ਦਬਾਓ ਕਿੰਨਾ ਜਿਆਦਾ ਵੱਧ ਗਿਆ ਹੈ ਇਸਦਾ ਅੰਦਾਜਾ ਇਸ ਗੱਲ ਨਾਲ ਲਗਾਇਆ ਜਾ ਸਕਦਾ ਹੈ ਕਿ ਦਫਤਰ ਦੇ ਸੀਨੀਅਰ ਅਧਿਕਾਰੀ ਤਕ ਆਪਣਾ ਅਹੁਦਾ ਛੱਡਣ ਦਾ ਬਦਲ ਚੁਣਨ ਨੂੰ ਤਰਜੀਹ ਦੇ ਰਹੇ ਹਨ|
ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਦੀ ਨਿੱਜੀ ਸਹਾਇਕ ਸਤਵਿਦਰ ਕੌਰ ਦੀ ਪਟਿਆਲਾ ਨਗਰ ਨਿਗਮ ਵਿੱਚ ਹੋਈ ਬਦਲੀ ਦਾ ਮਾਮਲਾ ਹਾਲੇ ਠੰਡਾ ਵੀ ਨਹੀਂ ਪਿਆ ਹੈ ਕਿ ਹੁਣ ਨਿਗਮ ਦੇ ਐਸ ਈ ਸ੍ਰੀ ਬੀ ਡੀ ਸਿੰਗਲਾ ਨੇ ਨਗਰ ਨਿਗਮ ਦੇ ਕਮਿਸ਼ਨਰ ਅਤੇ ਸਥਾਨਕ ਸਰਕਾਰ ਵਿਭਾਗ ਦੇ ਸਕੱਤਰ ਨੂੰ ਸੇਵਾਮੁਕਤੀ ਦਾ ਨੋਟਿਸ ਦੇ ਕੇ ਉਹਨਾਂ ਨੂੰ ਇੱਕ ਮਹੀਨੇ (31 ਅਕਤੂਬਰ ਤਕ) ਸੇਵਾਮੁਕਤ ਕਰਨ ਲਈ ਲਿਖ ਦਿੱਤਾ ਹੈ|
ਸ੍ਰੀ ਬੀ ਡੀ ਸਿੰਗਲਾ ਨੇ ਸੰਪਰਕ ਕਰਨ ਤੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਹਨਾਂ ਵਲੋਂ ਉੱਚ ਅਧਿਕਾਰੀਆਂ ਨੂੰ 31 ਅਕਤੂਬਰ ਤਕ ਸੇਵਾਮੁਕਤ ਕਰਨ ਸੰਬੰਧੀ ਲਿਖਤੀ ਚਿੱਠੀ ਦਿੱਤੀ ਗਈ ਹੈ| ਹਾਲਾਂਕਿ ਉਹਨਾਂ ਕਿਹਾ ਕਿ ਇਸਦੇ ਪਿੱਛੇ ਉਹਨਾਂ ਦੇ ਨਿੱਜੀ ਕਾਰਨ ਹਨ ਅਤੇ ਉਹਨਾਂ ਨੂੰ ਕਿਸੇ ਨਾਲ ਵੀ ਕੋਈ ਸ਼ਿਕਾਇਤ ਨਹੀਂ ਹੈ| ਸ੍ਰੀ ਸਿੰਗਲਾ ਵਲੋਂ ਭਾਵੇਂ ਇੱਥੇ ਕਿਸੇ ਵੀ ਦਬਾਓ ਤੋਂ ਇਨਕਾਰ ਕੀਤਾ ਗਿਆ ਹੈ ਪਰੰਤੂ ਹਲਕਾ ਵਿਧਾਇਕ ਅਤੇ ਨਗਰ ਨਿਗਮ ਦੇ ਮੇਅਰ ਵਿਚਾਲੇ ਖਿੱਚੋਤਾਨ ਕਾਰਨ ਜਿਸ ਤਰੀਕੇ ਨਾਲ ਇੱਕ ਤੋਂ ਬਾਅਦ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਬਦਲੀਆਂ ਹੋਈਆਂ ਹਨ ਉਸ ਨਾਲ ਪਤਾ ਚਲਦਾ ਹੈ ਕਿ ਨਿਗਮ ਦੇ ਅਧਿਕਾਰੀ ਅਤੇ ਕਰਮਚਾਰੀ ਕਿੰਨੇ ਦਬਾਓ ਵਿੱਚ ਕੰਮ ਕਰ ਰਹੇ ਹਨ|
ਇਸ ਦੌਰਾਨ ਨਗਰ ਨਿਗਮ ਦੇ ਮੇਅਰ ਵਲੋਂ ਨਿਗਮ ਦੇ ਇੰਜਨੀਅਰਿੰਗ ਵਿੰਗ ਦੇ ਅਧਿਕਾਰੀਆਂ ਨੂੰ ਸਪਸ਼ਟ ਹਿਦਾਇਤ ਕਰ ਦਿੱਤੀ ਗਈ ਹੈ ਕਿ ਉਹ ਵਿਕਾਸ ਕਾਰਜਾਂ ਦੇ ਐਸਟੀਮੇਟ ਬਣਾਉਣ ਵੇਲੇ ਹਰ ਛੋਟੇ ਵੱਡੇ ਕੰਮ ਦੇ ਪੂਰੇ ਵੇਰਵੇ ਅਨੁਸਾਰ ਹੀ ਐਸਟੀਮੇਟ ਤਿਆਰ ਕੀਤੇ ਜਾਣ ਅਤੇ ਅੱਧੂ ਅਧੂਰੇ ਐਸਟੀਮੇਟਾਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ|
ਇੱਥੇ ਇਹ ਜਿਕਰਯੋਗ ਹੈ ਕਿ ਪਹਿਲਾਂ ਇੰਜਨੀਅਰਿੰਗ ਸ਼ਾਖਾ ਵਲੋਂ ਵਿਕਾਸ ਕਾਰਜਾਂ ਦੇ ਐਸਟੀਮੇਟ ਤਿਆਰ ਕਰਨ ਵੇਲੇ ਵੱਖ ਵੱਖ ਵਾਰਡਾਂ ਵਿੱਚ ਕਰਵਾਏ ਜਾਣ ਵਾਲੇ ਕੰਮਾਂ ਦਾ ਜਿਕਰ ਕਰਕੇ ਅੰਦਾਜਨ ਰਕਮ ਦਾ ਐਸਟੀਮੇਟ ਤਿਆਰ ਕਰ ਲਿਆ ਜਾਂਦਾ ਸੀ, ਜਿਵੇਂ ਫਲਾਂ ਵਾਰਡ ਵਿੱਚ 10 ਲੱਖ ਰੁਪਏ ਦੇ ਪੇਵਰ ਬਲਾਕ ਲੱਗਣਗੇ ਪਰੰਤੂ ਹੁਣ ਮੇਅਰ ਵਲੋਂ ਹਰ ਵਾਰਡ ਵਿੱਚ ਹੋਣ ਵਾਲੇ ਹਰ ਛੋਟੇ ਵੱਡੇ ਕੰਮ ਦਾ ਵੇਰਵਾ ਦੇ ਕੇ ਉਸ ਸੰਬੰਧੀ ਐਸਟੀਮੇਟ ਤਿਆਰ ਕਰਨ ਦੀਆਂ ਹਿਦਾਇਤਾਂ ਕੀਤੀਆਂ ਗਈਆਂ ਹਨ| ਇਹੀ ਕਾਰਨ ਹੈ ਕਿ ਇਸ ਵਾਰ ਸਤੰਬਰ ਦੇ ਪਹਿਲੇ ਹਫਤੇ ਵਿੱਚ ਤਿਆਰ ਕੀਤੇ ਜਾਣ ਵਾਲੇ ਵੱਖ ਵੱਖ ਵਿਕਾਸ ਕਾਰਜਾਂ ਦੇ ਐਸਟੀਮੇਟ (ਜਿਹਨਾਂ ਨੂੰ ਵਿੱਤ ਅਤੇ ਲੇਖਾ ਕਮੇਟੀ ਦੀ ਮੀਟਿੰਗ ਵਿੱਚ ਪੇਸ਼ ਕੀਤਾ ਜਾਣਾ ਸੀ) ਤਿਆਰ ਹੀ ਨਹੀਂ ਹੋਏ ਅਤੇ ਇਸ ਕਾਰਨ ਵਿੱਤ ਅਤੇ ਲੇਖਾ ਕਮੇਟੀ ਦੀ ਮੀਟਿੰਗ ਵੀ ਨਿਰਧਾਰਿਤ ਨਹੀਂ ਹੋ ਪਾਈ ਹੈ|
ਇਸ ਸੰਬੰਧੀ ਗੱਲ ਕਰਨ ਤੇ ਮੇਅਰ ਸ੍ਰ. ਕੁਲਵੰਤ ਸਿੰਘ ਨੇ ਕਿਹਾ ਕਿ ਐਸ ਈ ਵਲੋਂ ਸੇਵਾਮੁਕਤੀ ਬਾਰੇ ਪੱਤਰ ਲਿਖੇ ਜਾਣ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ| ਇੰਜਨੀਅਰਿੰਗ ਵਿਭਾਗ ਨੂੰ ਦਿੱਤੀਆਂ ਹਿਦਾਇਤਾਂ ਬਾਰੇ ਉਹਨਾਂ ਕਿਹਾ ਕਿ ਕੰਮ ਵਿੱਚ ਪਾਰਦਰਸ਼ਿਤਾ ਲਿਆਉਣ ਲਈ ਉਹਨਾਂ ਵਲੋਂ ਇਹ ਹਿਦਾਇਤਾਂ ਦਿੱਤੀਆਂ ਗਈਆਂ ਹਨ ਤਾਂ ਜੋ ਜਨਤਾ ਦੇ ਪੈਸੇ ਦੀ ਦੁਰਵਰਤੋਂ ਨਾ ਹੋ ਸਕੇ|
ਦੂਜੇ ਪਾਸੇ ਸੰਪਰਕ ਕਰਨ ਤੇ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਅਤੇ ਤਰਕੀ ਲਈ ਵਚਨਬੱਧ ਹਨ ਅਤੇ ਉਹਨਾਂ ਦੀ ਕਿਸੇ ਨਾਲ ਕੋਈ ਲੜਾਈ ਨਹੀਂ ਹੈ| ਨਿਗਮ ਦੇ ਐਸ ਈ ਵਲੋਂ ਦਿੱਤੇ ਸੇਵਾਮੁਕਤੀ ਦੇ ਨੋਟਿਸ ਬਾਰੇ ਉਹਨਾਂ ਕਿਹਾ ਕਿ ਇਹ ਗੱਲ ਉਹਨਾਂ ਦੀ ਜਾਣਕਾਰੀ ਵਿੱਚ ਨਹੀਂ ਹੈ ਅਤੇ ਉਹ ਇਸ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ|ੇ

Leave a Reply

Your email address will not be published. Required fields are marked *