ਹਲਕਾ ਵਿਧਾਇਕ ਨੇ ਸੱਤਾ ਦੀ ਦੁਰਵਰਤੋਂ ਕਰਕੇ ਕੀਤੀ ਵਾਰਡਾਂ ਦੀ ਭੰਨਤੋੜ : ਸੁਖਵਿੰਦਰ ਗੋਲਡੀ


ਐਸ ਏ ਐਸ ਨਗਰ, 10 ਨਵੰਬਰ (ਸ.ਬ.) ਭਾਜਪਾ ਪੰਜਾਬ  ਦੇ ਕਾਰਜਕਾਰੀ ਮਂੈਬਰ ਅਤੇ ਪਟਿਆਲਾ ਦਿਹਾਤੀ ਦੇ ਪ੍ਰਭਾਰੀ ਸ੍ਰੀ ਸੁਖਵਿੰਦਰ ਸਿੰਘ ਗੋਲਡੀ ਨੇ ਕਿਹਾ ਹੈ ਕਿ ਮੁਹਾਲੀ ਦੀ ਜੋ ਨਵੀਂ ਵਾਰਡਵੰਦੀ ਕੀਤੀ ਗਈ ਹੈ, ਉਸ ਵਿੱਚ ਹਲਕਾ ਵਿਧਾਇਕ ਅਤੇ ਪੰਜਾਬ ਦੇ ਸਿਹਤ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਵਲੋਂ ਆਪਣੀ ਸੱਤਾ ਦਾ ਰਸੂਖ ਵਰਤਦਿਆਂ ਬੁਰੀ ਤਰਾਂ ਭੰਨਤੋੜ ਕੀਤੀ ਗਈ ਹੈ| 
ਪੰਜਾਬ ਭਾਜਪਾ ਦੇ ਕਾਰਜਕਾਰੀ ਮਂੈਬਰ ਸ੍ਰੀ ਰਮੇਸ਼ ਕੁਮਾਰ ਵਰਮਾ ਦੇ ਨਾਲ ਅੱਜ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ੍ਰ ਗੋਲਡੀ ਅਤੇ ਸ੍ਰੀ ਰਮੇਸ਼ ਕੁਮਾਰ ਵਰਮਾ ਨੇ ਕਿਹਾ ਕਿ ਮੁਹਾਲੀ ਦੀ ਨਵੀਂ ਵਾਰਡਵੰਦੀ ਵਿੱਚ  ਕੈਬਿਨਟ ਮੰਤਰੀ ਸ੍ਰ. ਸਿੱਧੂ ਵਲੋਂ ਅਜਿਹੇ ਗਲਤ ਤਰੀਕੇ ਨਾਲ ਭੰਨਤੋੜ ਕੀਤੀ ਗਈ ਹੈ ਕਿ ਜਿਹੜੇ ਵਾਰਡ ਵਿੱਚ ਐਸ ਸੀ ਵੋਟਾਂ ਨਹੀਂ ਸਨ, ਉਹ ਵਾਰਡ ਰਿਜਰਵ ਕਰ ਦਿਤੇ ਗਏ ਹਨ ਅਤੇ ਜਿਹੜੇ ਵਾਰਡਾਂ ਵਿੱਚ  ਐਸ ਸੀ ਵੋਟਾਂ ਹਨ, ਉਹ ਵਾਰਡ ਜਨਰਲ ਕਰ ਦਿਤੇ ਗਏ|
ਸ੍ਰ. ਗੋਲਡੀ ਅਤੇ ਸ੍ਰੀ ਵਰਮਾ ਨੇ ਕਿਹਾ ਕਿ ਫੇਜ 6 ਅਤੇ ਸੈਕਟਰ 66 ਜਨਰਲ ਵੋਟਾਂ ਵਾਲੇ ਵਾਰਡ ਹਨ, ਪਰ ਇਹਨਾਂ ਦੋਵਾਂ ਵਾਰਡਾਂ ਨੂੰ ਧੱਕੇ ਨਾਲ ਰਿਜਰਵ ਕਰ ਦਿਤਾ ਗਿਆ ਹੈ|  ਉਹਨਾਂ ਕਿਹਾ ਕਿ ਸੈਕਟਰ 66 ਦੀ ਬੰਦ ਪਈ ਰਾਜਾ ਰਾਮ ਕੌਰਨ ਫੈਕਟਰੀ ਵਿੱਚ 227 ਐਸ ਸੀ ਵੋਟਾਂ ਨਵੀਂ ਵਾਰਡਵੰਦੀ ਵਿੱਚ ਦਿਖਾਈਆਂ ਗਈਆਂ ਹਨ, ਜਦੋਂਕਿ ਇਸ ਬੰਦ ਪਈ ਫੈਕਟਰੀ ਵਿੱਚ ਸਿਰਫ ਇਕ ਚਂੌਕੀਦਾਰ ਦਾ ਪਰਿਵਾਰ ਰਹਿੰਦਾ ਹੈ, ਜਿਸ ਤੋਂ ਪਤਾ ਚਲਦਾ ਹੈ ਕਿ ਨਵੀਂ ਵਾਰਡਵੰਦੀ ਲਾਗੂ ਕਰਨ  ਵੇਲੇ ਵੱਡੇ ਪੱਧਰ ਤੇ ਘਪਲੇਬਾਜੀ ਕੀਤੀ ਗਈ ਹੈ| 
ਉਹਨਾਂ ਕਿਹਾ ਕਿ ਦਾਰਾ ਸਟੂਡੀਓ ਨੇੜੇ ਕੱਚੀ ਕਾਲੋਨੀ ਵਿੱਚ ਨਵੀਂ ਵਾਰਡਵੰਦੀ ਅਨੁਸਾਰ ਇਕ ਹਜਾਰ ਐਸ ਸੀ ਵੋਟ ਦਿਖਾਈ ਗਈ ਹੈ ਪਰ ਉਸ ਕਾਲੋਨੀ ਵਿੱਚ ਸਿਰਫ 200 ਐਸ ਸੀ ਵੋਟ ਹੈ| ਇਸੇ ਤਰਾਂ ਫੇਜ 6 ਵਿਚ ਐਸ ਸੀ ਵੋਟਾਂ ਦੀ ਗਿਣਤੀ 1257 ਦਿਖਾਈ ਗਈ ਹੈ, ਜਦੋਂਕਿ ਉਥੇ ਸਿਰਫ 252 ਐਸ ਸੀ ਵੋਟਾਂ ਹਨ| 
ਉਹਨਾਂ ਦੋਸ਼ ਲਗਾਇਆ ਕਿ ਸ੍ਰ. ਸਿੱਧੂ ਵਲੋਂ ਨਗਰ ਨਿਗਮ ਮੁਹਾਲੀ ਦੀ ਸੱਤਾ ਹਥਿਆਉਣ, ਆਪਣੇ ਪਰਿਵਾਰਕ ਮਂੈਬਰ ਨੂੰ ਮੇਅਰ ਬਣਾਉਣ ਲਈ ਨਵੀਂ ਵਾਰਡਵੰਦੀ ਵਿੱਚ ਵਾਰਡਾਂ ਦੀ ਬੁਰੀ ਤਰਾਂ ਭੰਨਤੋੜ ਕੀਤੀ ਗਈ ਹੈ| ਇਥੋਂ ਤਕ ਕਿ ਸੋਹਾਣਾ, ਕੁੰਭੜਾ ਅਤੇ ਹੋਰ ਛੋਟੇ ਪਿੰਡਾਂ  ਨੂੰ ਚਾਰ ਚਾਰ ਵਾਰਡਾਂ ਵਿੱਚ ਵੰਡ ਦਿਤਾ ਗਿਆ ਹੈ|

Leave a Reply

Your email address will not be published. Required fields are marked *