ਹਲਕੀ ਬਰਸਾਤ ਨੇ ਹੀ ਪਾਣੀ ਨਿਕਾਸੀ ਦੇ ਪ੍ਰਬੰਧਾਂ ਦੀ ਖੋਲੀ ਪੋਲ

ਐਸ ਏ ਐਸ ਨਗਰ, 28 ਜੂਨ (ਸ. ਬ.) ਮੁਹਾਲੀ ਅਤੇ ਇਸਦੇ ਨੇੜਲੇ ਇਲਾਕਿਆਂ ਵਿਚ ਅੱਜ ਹੋਈ ਹਲਕੀ ਤੇ ਦਰਮਿਆਨੀ ਬਰਸਾਤ ਕਾਰਨ  ਮੁਹਾਲੀ ਸ਼ਹਿਰ ਦੇ ਕਈ ਇਲਾਕਿਆਂ ਵਿਚ ਬਰਸਾਤੀ ਪਾਣੀ ਖੜ ਗਿਆ  ਅਤੇ ਇਸ ਹਲਕੀ ਬਰਸਾਤ ਨੇ ਹੀ ਨਗਰ ਨਿਗਮ ਵਲੋਂ ਕੀਤੇ ਗਏ ਨਿਕਾਸੀ ਦੇ ਪ੍ਰਬੰਧਾਂ ਦੀ ਪੋਲ ਪੂਰੀ ਤਰਾਂ ਖੋਲ  ਦਿਤੀ|
ਅੱਜ ਸਵੇਰੇ ਮੁੰਹ ਹਨੇਰੇ ਹੀ ਕਿਣਮਿਣ ਹੋਣੀ ਸ਼ੁਰੂ ਹੋ ਗਈ ਸੀ ਜੋ ਕਿ ਫਿਰ ਹਲਕੀ ਬਰਸਾਤ ਵਿਚ ਬਦਲ ਗਈ ਅਤੇ ਕਾਫੀ ਸਮਾਂ ਇਹ ਹਲਕੀ ਬਰਸਾਤ ਹੁੰਦੀ ਰਹੀ| ਇਸ ਹਲਕੀ ਜਿਹੀ ਬਰਸਾਤ ਕਾਰਨ ਹੀ ਮੁਹਾਲੀ ਦੇ ਕਈ ਇਲਾਕਿਆਂ ਵਿਚ ਬਰਸਾਤੀ ਪਾਣੀ ਖੜ ਗਿਆ ਜਿਸ ਕਰਕੇ ਲੋਕਾਂ ਨੁੰ ਕਾਫੀ ਪ੍ਰੇਸਾਨੀ ਦਾ ਸਾਹਮਣਾ ਕਰਨਾ ਪਿਆ|
ਨਗਰ ਨਿਗਮ ਵਲੋਂ ਭਾਵੇਂ ਸ਼ਹਿਰ ਵਾਸੀਆਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਦੇਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਸ਼ਹਿਰ ਵਿਚ ਹਲਕੀ ਬਰਸਾਤ ਪੈਣ ਤੋਂ ਬਾਅਦ ਹੀ ਖੜੇ ਬਰਸਾਤੀ ਪਾਣੀ ਨੇ ਹੀ ਨਗਰ ਨਿਗਮ ਅਧਿਕਾਰੀਆਂ ਵਲੋਂ ਕੀਤੇ ਜਾਂਦੇ ਸਾਰੇ ਦਾਅਵਿਆਂ ਦੀ ਫੂਕ ਕੱਢ ਕੇ ਰਖ ਦਿਤੀ|
ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜੇ ਹਲਕੀ ਬਰਸਾਤ ਪੈਣ ਕਾਰਨ ਹੀ ਸ਼ਹਿਰ ਵਿਚ ਪਾਣੀ ਦੀ ਨਿਕਾਸੀ ਦਾ ਬੁਰਾ ਹਾਲ ਹੈ ਤਾਂ ਬਰਸਾਤਾਂ ਦੇ ਮੌਸਮ ਵਿਚ ਸ਼ਹਿਰ ਦਾ ਕੀ ਬਣੇਗਾ|

Leave a Reply

Your email address will not be published. Required fields are marked *