ਹਲਕੇ ਤੋਂ ਪੰਜਵੀਂ ਵਾਰ ਚੋਣ ਲੜਣ ਲਈ ਤਿਆਰ ਹਨ ਬਲਬੀਰ ਸਿੰਘ ਸਿੱਧੂ

ਐਸ.ਏ.ਐਸ.ਨਗਰ, 16 ਦਸੰਬਰ (ਸ.ਬ.) ਕਾਂਗਰਸ ਪਾਰਟੀ ਵੱਲੋਂ ਮੁਹਾਲੀ ਵਿਧਾਨ ਸਭਾ ਹਲਕੇ ਤੋਂ ਸ੍ਰ.ਬਲਬੀਰ ਸਿੰਘ ਸਿੱਧੂ ਨੂੰ ਪਾਰਟੀ ਦੀ ਟਿਕਟ ਤੋਂ ਚੋਣ ਲੜਾਉਣ ਦਾ ਫੈਸਲਾ ਜਿੱਥੇ ਉਹਨਾਂ ਦੇ ਸਮਰਥਕਾਂ ਵਿੱਚ ਜੋਸ਼ ਭਰ ਗਿਆ ਹੈ ਉੱਥੇ ਸ੍ਰ.ਸਿੱਧੂ ਵੱਲੋਂ ਵੀ ਇਕ ਵਾਰ ਫਿਰ ਇਸ ਸੀਟ ਨੂੰ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਪਾਉਣ ਦੀ ਗੱਲ ਆਖੀ ਜਾ ਰਹੀ ਹੈ| ਸ੍ਰ.ਸਿੱਧੂ ਇਸ ਤੋਂ ਪਹਿਲਾਂ ਵੀ ਚਾਰ ਵਾਰ 1997,2002,2007, ਅਤੇ 2012 ਵਿੱਚ ਇਸ ਹਲਕੇ ਤੋਂ ਪਹਿਲਾਂ ਖਰੜ ਅਤੇ ਫਿਰ ਮੁਹਾਲੀ) ਚੋਣ ਲੜ ਚੁੱਕੇ ਹਨ ਅਤੇ ਪਿਛਲੀ 2 ਵਾਰ ਤੋਂ ਉਹ ਲਗਾਤਾਰ ਵਿਧਾਇਕ ਵੀ ਚੁਣੇ ਜਾ ਰਹੇ ਹਨ| ਉਹ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਵੀ ਪ੍ਰਧਾਨ ਹਨ ਅਤੇ ਪਾਰਟੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਵੀ ਨਜਦੀਕੀ ਸਮਝੇ ਜਾਂਦੇ ਹਨ|
ਜੇਕਰ ਸ੍ਰੀ ਸਿੱਧੂ ਵੱਲੋਂ ਪਹਿਲਾਂ ਹਲਕੇ ਤੋਂ ਲੜੀਆਂ ਚੋਣਾਂ ਬਾਰੇ ਗੱਲ ਕੀਤੀ ਜਾਵੇ ਤਾਂ ਕਾਂਗਰਸ ਪਾਰਟੀ ਵੱਲੋਂ ਪਹਿਲੀ ਵਾਰ ਸ੍ਰ.ਸਿੱਧੂ ਨੂੰ 1997 ਵਿੱਚ ਖਰੜ ਵਿਧਾਨ ਸਭਾ ਹਲਕੇ (ਉਸ ਵੇਲੇ ਮੁਹਾਲੀ ਵੀ ਖਰੜ ਵਿਧਾਨ ਸਭਾ ਹਲਕੇ ਦਾ ਹੀ ਹਿੱਸਾ ਸੀ) ਤੋਂ ਪਾਰਟੀ ਦੀ ਟਿਕਟ ਦਿੱਤੀ ਸੀ| ਉਸ  ਵੇਲੇ ਅਕਾਲੀ ਦਲ ਦੀ ਉਮੀਦਵਾਰ ਬੀਬੀ ਦਲਜੀਤ ਕੌਰ 56399 ਵੋਟਾਂ ਲੈ ਕੇ ਜੇਤੂ ਰਹੇ ਸੀ ਜਦੋਂ ਕਿ ਦੂਜੇ ਨੰਬਰ ਤੇ ਆਏ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੂੰ 21643 ਵੋਟਾਂ ਮਿਲੀਆਂ ਸੀ| ਉਸ ਵੇਲੇ ਸ੍ਰ.ਸਿੱਧੂ 17565 ਵੋਟਾਂ ਲੈ ਕੇ ਤੀਜੇ ਸਥਾਨ ਤੇ ਰਹੇ ਸੀ|
2002 ਵਿੱਚ ਕਾਂਗਰਸ ਪਾਰਟੀ ਨੇ ਸ੍ਰ.ਸਿੱਧੂ ਦੀ ਥਾਂ ਸ੍ਰ.ਬੀਰਦਵਿੰਦਰ ਸਿੰਘ ਨੂੰ ਪਾਰਟੀ ਟਿਕਟ ਦਿੱਤੀ ਤਾਂ ਸ੍ਰ.ਸਿੱਧੂ ਨੇ ਬਾਗੀ ਹੋ ਕੇ ਆਜ਼ਾਦ ਉਮੀਦਵਾਰ ਵਜੋ ਚੋਣ ਲੜੀ ਸੀ| 2002 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰ. ਬੀਰ ਦਵਿੰਦਰ ਸਿੰਘ ਨੇ 24846 ਵੋਟਾਂ ਹਾਸਿਲ ਕਰਕੇ ਜਿੱਤ ਹਾਸਿਲ ਕੀਤੀ ਪਰੰਤੂ ਸ੍ਰ. ਸਿੱਧੂ ਨੇ ਆਜਾਦ ਉਮੀਦਵਾਰ ਹੋਣ ਦੇ ਬਾਵਜੂਦ ਹਲਕੇ ਵਿੱਚ ਆਪਣੀ ਮਜਬੂਤ ਪਕੜ ਜਾਹਿਰ ਕੀਤੀ ਅਤੇ ਉਹ 23326 ਵੋਟਾਂ ਲੈ ਕੇ ਦੂਜੇ ਨੰਬਰ ਤੇ ਰਹੇ ਸੀ| ਉਸ ਵੇਲੇ ਅਕਾਲੀ ਦਲ ਦੇ ਉਮੀਦਵਾਰ ਸ੍ਰ. ਕਿਰਨ ਬੀਰ ਸਿੰਘ ਕੰਗ 22315 ਵੋਟਾਂ ਲੈ ਕੇ ਤੀਜੇ ਨੰਬਰ ਤੇ ਰਹੇ ਸੀ|
2007 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਮੌਕੇ ਸ੍ਰ. ਸਿੱਧੂ ਇੱਕ ਵਾਰ ਫਿਰ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣ ਮੈਦਾਨ ਵਿੱਚ ਉਤਰੇ ਅਤੇ ਉਹਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 85092 ਵੋਟਾਂ ਹਾਸਿਲ ਕਰਕੇ ਸਿੱਧੇ ਮੁਕਾਬਲੇ ਵਿੱਚ ਅਕਾਲੀ ਦਲ ਦੇ ਉਮੀਦਵਾਰ ਸ੍ਰ. ਜਸਜੀਤ ਸਿੰਘ ਬੰਨੀ ਨੂੰ ਮਾਤ ਦਿੱਤੀ ਜਿਹਨਾਂ ਨੂੰ 71477 ਵੋਟਾਂ ਹਾਸਿਲ ਹੋਈਆਂ
2012 ਵਿੱਚ ਮੁਹਾਲੀ ਨੂੰ ਵੱਖਰੇ ਵਿਧਾਨਸਭਾ ਹਲਕੇ ਦਾ ਦਰਜਾ ਹਾਸਿਲ ਹੋ ਗਿਆ ਸੀ ਅਤੇ ਸ੍ਰ. ਸਿੱਧੂ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਤੌਰ ਤੇ ਇਹ ਚੋਣ ਲੜੀ ਸੀ| 2012 ਵਿੱਚ ਹੋਈ ਚੋਣ ਵਿੱਚ ਸ੍ਰ. ਸਿੱਧੂ ਨੇ 64005 ਵੋਟਾਂ ਹਾਸਿਲ ਕਰਕੇ ਅਕਾਲੀ ਦਲ ਦੇ ਉਮੀਦਵਾਰ ਸ੍ਰ. ਬਲਵੰਤ ਸਿੰਘ ਰਾਮੂਵਾਲੀਆਂ ਨੂੰ ਹਰਾਇਆ ਸੀ| ਸ੍ਰ. ਰਾਮੂਵਾਲੀਆਂ ਨੂੰ 47249 ਵੋਟਾਂ ਮਿਲੀਆਂ ਸਨ|
ਹੁਣ ਫਰਵਰੀ 2017 ਵਿੱਚ ਚੋਣ ਹੋਣ ਵਾਲੀ ਚੋਣ ਲਈ ਸ੍ਰ. ਸਿੱਧੂ ਨੂੰ ਮੁੜ ਉਮੀਦਵਾਰ ਬਣਾਏ ਜਾਣ ਤੇ ਉਹ ਇਸ ਹਲਕੇ ਤੋਂ ਲਗਾਤਾਰ ਪੰਜਵੀਂ ਵਾਰ ਚੋਣ ਲੜਣ ਲਈ ਪੂਰੀ ਤਰ੍ਹਾਂ ਤਿਆਰ ਹਨ| ਉਹ ਕਹਿੰਦੇ ਹਨ ਕਿ ਇਹ ਹਲਕਾ ਉਹਨਾਂ ਦੇ ਪਰਿਵਾਰ ਵਰਗਾ ਹੈ ਅਤੇ ਲੋਕਾਂ ਨਾਲ ਉਹਨਾਂ ਦੀ ਨਿੱਜੀ ਸਾਂਝ ਹੈ ਕਹਿੰਦੇ ਹਨ ਕਿ ਪਿਛਲੇ 10 ਸਾਲਾਂ ਦੇ ਦੌਰਾਨ ਅਕਾਲੀ ਦਲ ਦੀ ਸਰਕਾਰ ਨੇ ਹਲਕੇ ਵਿੱਚ ਚਲਦੇ ਉਦਯੋਗਾਂ ਨੇ ਬੁਰੀ ਤਰ੍ਹਾਂ ਢਾਹ ਲਾਈ ਹੈ ਅਤੇ ਇਸ ਦੌਰਾਨ ਨਸ਼ਿਆਂ ਦੀ ਸਮੱਸਿਆ ਵਿੱਚ ਵੀ ਬਹੁਤ ਵਾਧਾ ਹੋਇਆ ਹੈ| ਉਹ ਕਹਿੰਦੇ ਹਨ ਕਿ ਮੁਹਾਲੀ ਸ਼ਹਿਰ ਵਿੱਚ ਚੰਡੀਗੜ੍ਹ ਦੇ ਸੈਕਟਰ 76 ਅਤੇ 32 ਦੇ ਹਸਪਤਾਲਾਂ ਦੀ ਤਰਜ ਤੇ ਵੱਡਾ ਸਰਕਾਰੀ ਹਸਪਤਾਲ ਅਤੇ ਮੈਡੀਕਲ ਕਾਲਜ ਖੁਲਵਾਉਣਾ, ਕੁੜੀਆਂ ਲਈ ਵੱਖਰਾ ਕਾਲਜ ਬਣਾਉਣਾ, ਹਲਕੇ ਵਿੱਚ ਸਿੱਖਿਆ ਅਤੇ ਖੇਡਾਂ ਲਈ ਬਿਹਤਰ ਬੁਨਿਆਦੀ ਢਾਂਚਾ ਮੁਹਈਆ ਕਰਵਾਉਣਾ ਉਹਨਾਂ ਦੀ ਮੁੱਖ ਪਹਿਲ ਹੋਵੇਗੀ|
ਇਸ ਦੌਰਾਨ ਸ੍ਰ.ਸਿੱਧੂ ਨੂੰ ਕਾਂਗਰਸ ਪਾਰਟੀ ਦਾ ਅਧਿਕਾਰਤ ਉਮੀਦਵਾਰ ਬਣਾਏ ਜਾਣ ਦੇ ਐਲਾਨ ਤੋਂ ਬਾਅਦ ਸ਼ਹਿਰ ਵਿੱਚ ਆਯੋਜਿਤ ਵੱਖ ਵੱਖ ਸਮਾਗਮਾਂ ਦੌਰਾਨ ਉਹਨਾਂ ਦਾ ਸਨਮਾਨ ਕੀਤਾ ਗਿਆ ਅਤੇ ਉਹਨਾਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ| ਇਸ ਸੰਬੰਧੀ ਨਾਮਧਾਰੀ ਭਾਈਵਾਲੇ ਵੱਲੋਂ ਇੱਕ ਸਮਾਗਮ ਦੌਰਾਨ ਉਹਨਾਂ ਦਾ ਸਨਮਾਨ ਕੀਤਾ ਗਿਆ| ਇਸਤੋਂ ਇਲਾਵਾ ਕਾਂਗਰਸ ਦੀ ਜਿਲ੍ਹਾ ਅਤੇ ਸ਼ਹਿਰੀ ਇਕਾਈ ਦੇ ਵੱਖ ਵੱਖ ਅਹੁਦੇਦਾਰਾਂ ਵੱਲੋਂ ਉਹਨਾਂ ਨੂੰ ਮਿਲ ਕੇ ਪਾਰਟੀ ਟਿਕਟ ਮਿਲਣ ਤੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ|

Leave a Reply

Your email address will not be published. Required fields are marked *