ਹਲਕੇ ਦੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹਈਆ ਕੀਤੀਆਂ ਜਾਣਗੀਆਂ : ਸਿੱਧੂ

ਐਸ.ਏ.ਐਸ ਨਗਰ, 19 ਜੁਲਾਈ (ਸ.ਬ.) ਐਸ.ਏ.ਐਸ ਨਗਰ ਹਲਕੇ ਦੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਕੀਤੀਆਂ ਜਾਣਗੀਆਂ ਅਤੇ ਪਿੰਡਾਂ ਦੀ ਨੁਹਾਰ ਬਦਲ ਕੇ ਸਮੁੱਚੇ ਹਲਕੇ ਨੂੰ ਵਿਕਾਸ ਪੱਖੋਂ ਸੂਬੇ ਦਾ ਮੋਹਰੀ ਹਲਕਾ ਬਣਾਇਆ ਜਾਵੇਗਾ| ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਕਿਰਤ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਕੀਤਾ| ਇਸ ਮੌਕੇ ਐਡਵੋਕੇਟ ਰਣਜੋਤ ਸਿੰਘ ਸੰਧੂ ਦੀ ਅਗਵਾਈ ਹੇਠ ਨਗਾਰੀ ਪਿੰਡ ਦੇ ਹੋਰ ਮੋਹਤਵਰ ਵਿਅਕਤੀਆਂ ਵੱਲੋਂ ਪਿੰਡ ਨੂੰ ਮੁਕਮੰਲ ਤੌਰ ਤੇ ਨਸ਼ਾ ਮੁਕਤ ਕਰਨ ਲਈ ਗੋਦ ਲੈਣ ਬਦਲੇ ਸ੍ਰ. ਸਿੱਧੂ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਗੁਲਦਸਤਾ ਭੇਂਟ ਕੀਤਾ ਗਿਆ|
ਸ੍ਰੀ ਸਿੱਧੂ ਨੇ ਦੱਸਿਆ ਕਿ ਹਲਕੇ ਦੇ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਧੰਦੇ ਜਿਸ ਵਿੱਚ ਪਸ਼ੂ ਪਾਲਣ, ਡੇਅਰੀ ਫਾਰਮਿੰਗ, ਮੱਛੀ ਪਾਲਣ ਅਤੇ ਪੋਲਟਰੀ ਸਬੰਧੀ ਪਿੰਡ ਪੱਧਰ ਤੇ ਕੈਂਪ ਲਗਾ ਕੇ ਮੁਫਤ ਸਿਖਲਾਈ ਦਿੱਤੀ ਜਾਵੇਗੀ ਅਤੇ ਆਪਣੇ ਸਵੈ-ਰੁਜ਼ਗਾਰ ਧੰਦੇ ਸ਼ੁਰੂ ਕਰਨ ਲਈ ਘੱਟ ਵਿਆਜ਼ ਤੇ ਬਿਨਾਂ ਕਿਸੇ ਦੇਰੀ ਤੋਂ ਕਰਜ਼ੇ ਮੁਹੱਈਆ ਕਰਵਾਏ ਜਾਣਗੇ ਤਾਂ ਜੋ ਨੌਜਵਾਨਾਂ ਨੂੰ ਆਪਣੇ ਕਾਰੋਬਾਰ ਸ਼ੁਰੂ ਕਰਨ ਲਈ ਕੋਈ ਮੁਸ਼ਕਿਲ ਪੇਸ਼ ਨਾ ਆਵੇ| ਉਨ੍ਹਾਂ ਹੋਰ ਕਿਹਾ ਕਿ ਹਲਕੇ ਵਿੱਚ ਜਿਹੜੇ ਨੌਜਵਾਨ ਜਾਂ ਹੋਰ ਵਰਗ ਦੇ ਲੋਕ ਨਸ਼ਿਆਂ ਦੀ ਦਲਦਲ ਵਿੱਚ ਫਸੇ ਹੋਏ ਹਨ ਉਨ੍ਹਾਂ ਨੂੰ ਨਸ਼ਿਆਂ ਤੋਂ ਮੁਕਤੀ ਦੁਆ ਕੇ ਉਨ੍ਹਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਉਹ ਸਮਾਜ ਵਿੱਚ ਆਮ ਨਾਗਰਿਕ ਵਾਲੀ ਜ਼ਿੰਦਗੀ ਜੀਅ ਸਕਣ ਅਤੇ ਉਹ ਆਰਥਿਕ ਪੱਖੋਂ ਵੀ ਆਤਮ ਨਿਰਭਰ ਹੋ ਸਕਣ| ਉਨ੍ਹਾਂ ਇਸ ਮੌਕੇ ਪਿੰਡ ਨਗਾਰੀ ਦੇ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਡੈਪੋ ਮੁਹਿੰਮ ਅਤੇ ਮਿਸ਼ਨ ਤੰਦਰੁਸਤ ਤਹਿਤ ਪਿੰਡ ਨਗਾਰੀ ਨੂੰ ਨਸ਼ਿਆਂ ਤੋਂ 100 ਫੀਸਦੀ ਮੁਕਤ ਕਰਨ ਲਈ ਹਰ ਸੰਭਵ ਯਤਨ ਕਰਨਗੇ ਅਤੇ ਨੌਜਵਾਨਾਂ ਨੂੰ ਮੁਕਮੰਲ ਤੌਰ ਤੇ ਨਸ਼ਾ ਮੁਕਤ ਕਰਕੇ ਉਨ੍ਹਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ ਅਤੇ ਪਿੰਡ ਦਾ ਸਰਬਪੱਖੀ ਵਿਕਾਸ ਕੀਤਾ ਜਾਵੇਗਾ ਜਿਸ ਲਈ ਧੰਨ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ|
ਇਸ ਮੌਕੇ ਕੈਬਨਿਟ ਮੰਤਰੀ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ, ਪੰਜਾਬ ਯੂਥ ਕਾਂਗਰਸ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਜਨਰਲ ਸਕੱਤਰ ਐਡਵੋਕੇਟ ਕੰਵਰਬੀਰ ਸਿੰਘ ਸਿੱਧੂ, ਪੰਜਾਬ ਸ਼ੋਸਲ ਸਕਿਊਰਟੀ ਬੋਰਡ ਦੇ ਡਾਇਰੈਕਟਰ ਗੁਰਚਰਨ ਸਿੰਘ ਭਮਰਾ, ਸਮਾਜ ਸੇਵੀ ਜਸਵੰਤ ਸਿੰਘ, ਨਛੱਤਰ ਸਿੰਘ ਨਗਾਰੀ, ਕਾਂਗਰਸੀ ਆਗੂ ਭੁਪਿੰਦਰ ਸ਼ਰਮਾ ਨਗਾਰੀ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ

Leave a Reply

Your email address will not be published. Required fields are marked *