ਹਲਕੇ ਵਿੱਚ ਅਨੁਸੂਚਿਤ ਜਾਤੀਆਂ ਅਤੇ ਬੇਘਰੇ ਪਰਿਵਾਰਾਂ ਨੂੰ 5-5 ਮਰਲੇ ਦੇ ਮੁਫਤ ਪਲਾਟ ਦਿੱਤੇ ਜਾਣਗੇ: ਸਿੱਧੂ

ਐਸ.ਏ.ਐਸ. ਨਗਰ, 25 ਜੁਲਾਈ (ਸ.ਬ.) ਪੰਜਾਬ ਸਰਕਾਰ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਰਾਜ ਵਿੱਚ ਇਨ੍ਹਾਂ ਸ਼੍ਰੇਣੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਰਾਜ ਵਿੱਚ ਅਨੁਸੂਚਿਤ ਜਾਤੀਆਂ ਅਤੇ ਬੇਘਰੇ ਲੋਕਾਂ ਨੂੰ 5-5 ਮਰਲੇ ਦੇ ਮੁਫਤ ਪਲਾਟ ਦਿੱਤੇ ਜਾ ਰਹੇ ਹਨ| ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਕਿਰਤ ਮੰਤਰੀ ਪੰਜਾਬ ਸ੍ਰ: ਬਲਬੀਰ ਸਿੰਘ ਸਿੱਧੂ ਨੇ ਪਿੰਡ ਰਾਏਪੁਰ ਵਿਖੇ ਬੇਘਰੇ ਲੋਕਾਂ ਨੂੰ 5-5 ਮਰਲੇ ਦੇ ਪਲਾਟ ਵੰਡਣ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ| ਇਸ ਮੌਕੇ ਉਨ੍ਹਾਂ ਪਿੰਡ ਦੇ 50 ਅਨੁਸੂਚਿਤ ਜਾਤੀਆਂ ਅਤੇ ਬੇਘਰੇ ਲੋਕਾਂ ਨੂੰ ਪਲਾਟ ਵੰਡੇ|
ਸ੍ਰ: ਸਿੱਧੂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੰਜਾਬ ਵਿੱਚ ਜਦੋਂ ਵੀ ਕਾਂਗਰਸ ਪਾਰਟੀ ਦੀ ਸਰਕਾਰ ਹੋਂਦ ਵਿੱਚ ਆਈ ਉਦੋਂ ਹੀ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੀ ਭਲਾਈ ਲਈ ਸਕੀਮਾਂ ਸ਼ੁਰੂ ਕੀਤੀਆਂ ਗਈਆਂ| ਜਦੋਂਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਨੇ ਆਪਣੇ ਕਾਰਜ-ਕਾਲ ਦੌਰਾਨ ਇਨ੍ਹਾਂ ਸ਼੍ਰੇਣੀਆਂ ਨੂੰ ਹਮੇਸ਼ਾਂ ਅਣਗੌਲਿਆਂ ਕਰੀ ਰੱਖਿਆ| ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪਿੰਡ ਕੁਰੜਾ ਅਤੇ ਕੁਰੜੀ ਵਿਖੇ ਬੇਘਰੇ ਲੋਕਾਂ ਨੂੰ 5-5 ਮਰਲੇ ਦੇ ਮੁਫਤ ਪਲਾਟ ਵੰਡੇ ਗਏ ਹਨ| ਉਨ੍ਹਾਂ ਦੱਸਿਆ ਕਿ ਐਸ.ਏ.ਐਸ ਨਗਰ ਹਲਕੇ ਵਿੱਚ ਸਾਰੇ ਬੇਘਰੇ ਲੋਕਾਂ ਨੂੰ ਮੁਫਤ ਪਲਾਟ ਦਿੱਤੇ ਜਾਣਗੇ| ਉਨ੍ਹਾਂ ਇਸ ਮੌਕੇ ਲਾਭ ਪਾਤਰੀਆਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਦਿੱਤੇ ਗਏ 5-5 ਮਰਲੇ ਦੇ ਪਲਾਟਾਂ ਦੀ ਕੀਮਤ ਅੱਜ ਲੱਖਾਂ ਰੁਪਏ ਦੀ ਬਣਦੀ ਹੈ ਅਤੇ ਇਸ ਲਈ ਉਨ੍ਹਾਂ ਨੂੰ ਆਪੋ ਆਪਣੇ ਪਲਾਟਾਂ ਵਿੱਚ ਮਕਾਨਾਂ ਦੀ ਉਸਾਰੀ ਜ਼ਰੂਰ ਕਰਨ| ਸ੍ਰ: ਸਿੱਧੂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਹਲਕੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਸਵੈ-ਰੁਜ਼ਗਾਰ ਧੰਦਿਆਂ ਦੀ ਮੁਫਤ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਨੌਜਵਾਨ ਆਪਣੇ ਸਵੈ-ਰੁਜ਼ਗਾਰ ਧੰਦੇ ਸ਼ੁਰੂ ਕਰਕੇ ਰੁਜ਼ਗਾਰ ਤੇ ਲੱਗ ਸਕਣ| ਉਨ੍ਹਾਂ ਇਸ ਮੌਕੇ ਜੁੜੇ ਨੌਜਵਾਨਾਂ ਨੂੰ ਆਖਿਆ ਕਿ ਉਹ ਸਵੈ-ਰੁਜ਼ਗਾਰ ਧੰਦਿਆਂ ਦੀ ਸਿਖਲਾਈ ਲੈਣ ਵਿੱਚ ਰੁਚੀ ਲੈਣ| ਸਵੈ ਰੁਜ਼ਗਾਰ ਧੰਦੇ ਨੌਜਵਾਨਾਂ ਲਈ ਆਮਦਨ ਦਾ ਵੱਡਾ ਸਾਧਨ ਸਾਬਿਤ ਹੋਣਗੇ|
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ: ਅਮਰਦੀਪ ਸਿੰਘ ਬੈਂਸ ਨੇ ਦੱਸਿਆ ਕਿ ਅਨੁਸੂਚਿਤ ਜਾਤੀਆਂ ਅਤੇ ਬੇਘਰੇ ਲੋਕਾਂ ਨੂੰ ਪੂਰੀ ਪਾਰਦਰਸ਼ਤਾ ਨਾਲ 5-5 ਮਰਲੇ ਦੇ ਪਲਾਟ ਦਿੱਤੇ ਗਏ ਹਨ| ਉਨ੍ਹਾਂ ਦੱਸਿਆ ਕਿ ਜਿਸ ਨੂੰ ਪਲਾਟ ਦਿੱਤੇ ਗਏ ਹਨ ਉਸ ਵਿਅਕਤੀ ਨੂੰ 3 ਸਾਲ ਦੇ ਅੰਦਰ-ਅੰਦਰ ਮਕਾਨ ਦੀ ਉਸਾਰੀ ਕਰਨੀ ਹੋਵੇਗੀ| ਜੇਕਰ ਉਹ ਮਕਾਨ ਦੀ ਉਸਾਰੀ ਨਹੀਂ ਕਰਦਾ ਤਾਂ ਉਸ ਨੂੰ ਦਿੱਤਾ ਗਿਆ ਪਲਾਟ ਮੁੜ ਪੰਚਾਇਤ ਨੂੰ ਵਾਪਿਸ ਮੋੜ ਦਿੱਤਾ ਜਾਵੇਗਾ| ਇਸ ਤੋਂ ਇਲਾਵਾ ਕੋਈ ਵੀ ਲਾਭਪਾਤਰੀ ਪਲਾਟ ਨੂੰ ਅੱਗੇ ਵੇਚ ਜਾਂ ਬਦਲ ਨਹੀਂ ਸਕਦਾ ਅਤੇ ਨਾ ਹੀ ਅੱਗੇ ਕਿਸੇ ਹੋਰ ਨੂੰ ਰਹਿਣ ਆਦਿ ਕਰ ਸਕਦਾ ਹੈ ਪ੍ਰੰਤੂ ਮਕਾਨ ਦੀ ਉਸਾਰੀ ਦੇ ਲਈ ਕਰਜਾ ਲੈਣ ਲਈ ਪਲਾਟ ਰਹਿਣ ਕਰਨ ਦੀ ਇਜਾਜ਼ਤ ਹੈ| ਸਮਾਗਮ ਨੂੰ ਸ੍ਰ: ਸਿੱਧੂ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਗਰੀਬ ਵਰਗ ਦੇ ਲੋਕਾਂ ਦੀ ਭਲਾਈ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਅਤੇ ਸਮਾਗਮ ਨੂੰ ਐਡਵੋਕੇਟ ਕਮਰਬੀਰ ਸਿੰਘ ਸਿੱਧੂ ਨੇ ਵੀ ਸੰਬੋਧਨ ਕੀਤਾ |
ਇਸ ਮੌਕੇ ਐਸ.ਡੀ.ਐਮ ਜਗਦੀਪ ਸਹਿਗਲ, ਡੀ.ਡੀ.ਪੀ.ਓ ਡੀ.ਕੇ.ਸਾਲਦੀ, ਸ੍ਰੀ ਜੀ.ਐਸ. ਰਿਆੜ, ਪਵਨ ਗੋਡਆਇਲ, ਸਰੂਪ ਸਿੰਘ, ਸੱਜਣ ਸਿੰਘ , ਸਰਪੰਚ ਮੋਹਣ ਸਿੰਘ , ਕੁਲਬੀਰ ਸਿੰਘ , ਸੁਰਿੰਦਰ ਸਿੰਘ , ਅਮਰਜੀਤ ਸਿੰਘ ਪੰਚ, ਕੁਲਵਿੰਦਰ ਕੌਰ , ਜਸਪਾਲ ਕੌਰ ਪੰਚ , ਸਰਪੰਚ ਹੁਸੈਨ ਪੁਰ, ਰਣਧੀਤ ਸਿੰਘ , ਬਲਜੀਤ ਸਿੰਘ ਤਸਕਰ, ਅਜਮੇਰ ਸਿੰਘ ਦਾਊਂ, ਸੁਖਵਿੰਦਰ ਸਿੰਘ ਬੜਮਾਜਰਾ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ|

Leave a Reply

Your email address will not be published. Required fields are marked *