ਹਲਕੇ ਵਿੱਚ ਕਮਜੋਰ ਹੁੰਦਾ ਦਿਖ ਰਿਹਾ ਹੈ ਅਕਾਲੀ ਦਲ

ਹਲਕੇ ਵਿੱਚ ਕਮਜੋਰ ਹੁੰਦਾ ਦਿਖ ਰਿਹਾ ਹੈ ਅਕਾਲੀ ਦਲ
ਅਕਾਲੀ ਆਗੂਆਂ ਵਿੱਚ ਆਪਸੀ ਤਾਲਮੇਲ ਦੀ ਕਮੀ ਕਾਰਨ ਵੱਧ ਰਹੀ ਹੈ ਗਰੁੱਪ ਬਾਜੀ
ਐਸ. ਏ. ਐਸ ਨਗਰ, 12 ਜੁਲਾਈ (ਸ.ਬ.) ਵਿਧਾਨਸਭਾ ਹਲਕਾ ਮੁਹਾਲੀ ਖਾਸ ਕਰਕੇ ਮੁਹਾਲੀ ਸ਼ਹਿਰ ਵਿੱਚ ਅਕਾਲੀ ਦਲ ਦੀ ਹਾਲਤ ਲਗਾਤਾਰ ਕਮਜ਼ੋਰ ਪੈ ਰਹੀ ਹੈ ਅਤੇ ਅਕਾਲੀ ਅਗੂਆਂ ਵਿੱਚ ਆਪਸੀ ਤਾਲਮੇਲ ਦੀ ਘਾਟ ਕਾਰਨ ਗਰੁੱਪਬਾਜ਼ੀ ਵੱਧ ਰਹੀ ਹੈ| ਅਕਾਲੀ ਦਲ ਵੱਲੋਂ ਬੀਤੇ ਦਿਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਸਨਮਾਨ ਵਿੱਚ ਕੀਤੀ ਗਈ ਮਲੋਟ ਰੈਲੀ ਦੌਰਾਨ ਮੁਹਾਲੀ ਤੋਂ ਅਕਾਲੀ ਦਲ ਦੀ ਸ਼ਮੂਲੀਅਤ ਦਾ ਅੰਦਾਜਾ ਇਸ ਗੱਲ ਨਾਲ ਲਗਾਇਆ ਜਾ ਸਕਦਾ ਹੈ ਕਿ ਬੀਤੇ ਕੱਲ ਹਲਕਾ ਮੁਹਾਲੀ ਤੋਂ ਗਏ ਅਕਾਲੀ ਦਲ ਦੇ ਕਾਫਲੇ (ਜਿਸਨੂੰ ਜੱਥਾ ਕਹਿਣਾ ਹੀ ਉਚਿਤ ਹੋਵੇਗਾ) ਵਿੱਚ ਸਿਰਫ ਇੱਕ ਕੌਂਸਲਰ (ਗੁਰਮੁੱਖ ਸਿੰਘ ਸੋਹਲ, ਪ੍ਰਧਾਨ ਬੀ. ਸੀ. ਸੈਲ ਜਿਲ੍ਹਾ ਮੁਹਾਲੀ) ਹੀ ਹਾਜਿਰ ਸਨ ਜਦੋਂਕਿ ਸ਼ਹਿਰ ਵਿੱਚ ਅਕਾਲੀ ਦਲ ਦੇ 29 ਕੌਂਸਲਰ ਹਨ|
ਜੇਕਰ ਮੁਹਾਲੀ ਹਲਕੇ ਵਿੱਚ ਅਕਾਲੀ ਦਲ ਦੀ ਮੌਜੂਦਾ ਹਾਲਤ ਦੀ ਗੱਲ ਕਰੀਏ ਤਾਂ ਇੱਥੇ ਪਾਰਟੀ ਵੱਲੋਂ ਸ੍ਰ. ਤੇਜਿੰਦਰ ਪਾਲ ਸਿੰਘ ਸਿੱਧੂ ਨੂੰ ਹਲਕਾ ਇੰਚਾਰਜ ਬਣਾਇਆ ਗਿਆ ਹੈ ਅਤੇ ਉਹਨਾਂ ਨੇ ਪਿਛਲੇ ਸਾਲ ਹੋਈ ਵਿਧਾਨਸਭਾ ਚੋਣ ਮੌਕੇ ਇੱਥੇ ਅਕਾਲੀ ਦਲ ਦੀ ਟਿਕਟ ਤੇ ਚੋਣ ਵੀ ਲੜੀ ਸੀ| ਮਲੋਟ ਰੈਲੀ ਵਾਸਤੇ ਅਕਾਲੀ ਵਰਕਰਾਂ ਅਤੇ ਆਗੂਆਂ ਨੂੰ ਰੈਲੀ ਲਿਜਾਣ ਦੀ ਜਿੰਮੇਵਾਰੀ ਵੀ ਉਹਨਾਂ ਦੀ ਹੀ ਸੀ| ਇਹ ਵੀ ਕਿਹਾ ਜਾ ਰਿਹਾ ਹੈ ਕਿ ਪਾਰਟੀ ਹਾਈਕਮਾਨ ਵਲੋਂ ਇਸ ਰੈਲੀ ਲਈ ਹਰ ਹਲਕੇ ਤੋਂ ਘੱਟੋਂ ਘੱਟ 200 ਗੱਡੀਆਂ ਦਾ ਕਾਫਲਾ ਲਿਜਾਉਣ ਦੀ ਡਿਊਟੀ ਵੀ ਲਗਾਈ ਗਈ ਸੀ ਪਰੰਤੂ ਮੁਹਾਲੀ ਹਲਕੇ ਤੋਂ ਰੈਲੀ ਵਿੱਚ ਸ਼ਾਮਿਲ ਹੋਣ ਗਏ ਪਾਰਟੀ ਵਰਕਰਾਂ ਦੀ ਗਿਣਤੀ ਕਾਫੀ ਘੱਟ ਰਹੀ|
ਜੇਕਰ ਹਲਕੇ ਵਿੱਚ ਅਕਾਲੀ ਆਗੂਆਂ ਦੀ ਆਪਸੀ ਗੁੱਟਬਾਜੀ ਦੀ ਗੱਲ ਕਰੀਏ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਅਕਾਲੀ ਆਗੂਆਂ ਦੀ ਚੌਧਰ ਦੀ ਭੁੱਖ ਅਤੇ ਇਹਨਾਂ ਵਿੱਚ ਆਪਸੀ ਤਾਲਮੇਲ ਕਾਇਮ ਨਾ ਹੋਣ ਕਾਰਨ ਪਾਰਟੀ ਦੀ ਹਾਲਤ ਲਗਾਤਾਰ ਕਮਜ਼ੋਰ ਹੁੰਦੀ ਜਾ ਰਹੀ ਹੈ| ਇਸਦਾ ਇੱਕ ਨਜਾਰਾ ਪਾਰਟੀ ਵਲੋਂ ਕੁਝ ਮਹੀਨੇ ਪਹਿਲਾਂ ਚੰਡੀਗੜ੍ਹ ਵਿੱਚ ਆਯੋਜਿਤ ਕੀਤੀ ਗਈ ਰੈਲੀ ਵੇਲੇ ਵੀ ਵਿਖਿਆ ਸੀ ਜਦੋਂ ਅਕਾਲੀ ਦਲ ਦੇ ਸਥਾਨਕ ਆਗੂਆਂ ਦੀ ਆਪਸੀ ਫੁੱਟ ਖੁੱਲ੍ਹ ਕੇ ਸਾਹਮਣੇ ਆ ਗਈ ਸੀ|
ਮਲੋਟ ਰੈਲੀ ਵਿੱਚ ਜਾਣ ਵਾਸਤੇ ਹਲਕੇ ਤੋਂ ਆਸ ਤੋਂ ਕਿਤੇ ਘੱਟ ਆਗੂਆਂ ਅਤੇ ਵਰਕਰਾਂ ਦੇ ਹਾਜਿਰ ਹੋਣ ਦੇ ਪਿੱਛੇ ਮੁੱਖ ਕਾਰਨ ਪਾਰਟੀ ਆਗੂਆਂ ਵਿੱਚ ਆਪਸੀ ਤਾਲਮੇਲ ਦੀ ਘਾਟ ਨੂੰ ਹੀ ਕਿਹਾ ਜਾ ਸਕਦਾ ਹੈ| ਹੋਰ ਤਾਂ ਹੋਰ ਪਿਛਲੇ ਦਿਨੀਂ ਐਲਾਨੀ ਗਈ ਪਾਰਟੀ ਦੀ ਸ਼ਹਿਰੀ ਅਤੇ ਜਿਲ੍ਹਾ ਇਕਾਈ ਦੇ ਅਹੁਦੇਦਾਰ ਅਤੇ ਸਰਕਲ ਪ੍ਰਧਾਨ ਤਕ ਇਸ ਮੌਕੇ ਹਾਜਿਰ ਨਹੀਂ ਹੋਏ ਜਿਸ ਨਾਲ ਪਾਰਟੀ ਦੀ ਕਮਜੋਰੀ ਖੁਲ੍ਹ ਕੇ ਸਾਹਮਣੇ ਆਈ ਹੈ|
ਹਾਲਾਂਕਿ ਪਾਰਟੀ ਦੇ ਹਲਕਾ ਇੰਚਾਰਜ ਦੇ ਨਜਦੀਕੀ ਆਗੂ ਇਹ ਦਾਅਵੇ ਕਰ ਰਹੇ ਹਨ ਕਿ ਬੀਤੇ ਦਿਨ ਰੈਲੀ ਵਿੱਚ ਸ਼ਾਮਿਲ ਹੋਣ ਲਈ ਮੁਹਾਲੀ ਤੋਂ 170 ਗੱਡੀਆਂ ਦਾ ਵੱਡਾ ਕਾਫਲਾ ਰਵਾਨਾ ਹੋਇਆ ਸੀ ਪਰੰਤੂ ਪਾਰਟੀ ਦੇ ਹੀ ਦੂਜੇ ਗੁੱਟ ਵੱਲੋਂ ਇਸ ਅੰਕੜੇ ਤੇ ਸਵਾਲ ਚੁਕਿਆ ਜਾ ਰਿਹਾ ਹੈ|
ਮੁਹਾਲੀ ਹਲਕੇ ਦੇ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਦੇ ਪਿਛਲੇ ਦਿਨੀਂ ਕੈਬਿਨਟ ਮੰਤਰੀ ਬਣਨ ਤੋਂ ਬਾਅਦ ਇੱਥੇ ਇਸ ਹਲਕੇ ਵਿੱਚ ਕਾਂਗਰਸ ਪਾਰਟੀ ਲਗਾਤਾਰ ਮਜਬੂਤ ਹੁੰਦੀ ਦਿਖ ਰਹੀ ਹੈ| ਜੇਕਰ ਇਹੀ ਹਾਲ ਰਿਹਾ ਤਾਂ ਇਸਦਾ ਡੇਢ ਸਾਲ ਬਾਅਦ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਤੇ ਨਾਂ ਪੱਖੀ ਅਸਰ ਪੈਣਾ ਤੈਅ ਹੈ|

Leave a Reply

Your email address will not be published. Required fields are marked *