ਹਵਾ ਪ੍ਰਦੂਸ਼ਣ ਨਾਲ ਲੜਣ ਲਈ ਐਮਰਜੈਂਸੀ ਯੋਜਨਾਵਾਂ ਦਾ ਮੁਲਾਂਕਣ ਕਰ ਰਿਹੈ ਚੀਨ

ਬੀਜਿੰਗ, 7 ਜਨਵਰੀ (ਸ.ਬ.) ਚੀਨ ਭਾਰੀ ਹਵਾ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਲਈ ਬੀਜਿੰਗ ਸਮੇਤ ਆਪਣੇ 20 ਸ਼ਹਿਰਾਂ ਦੀਆਂ ਐਮਰਜੈਂਸੀ ਯੋਜਨਾਵਾਂ ਦਾ ਮੁਲਾਂਕਣ ਕਰ ਰਿਹਾ ਹੈ| ਇਸ ਦੌਰਾਨ ਅਧਿਕਾਰੀਆਂ ਦੀ ਇਸ ਗੱਲ ਨੂੰ ਲੈ ਕੇ ਆਲੋਚਨਾ ਹੋ ਰਹੀ ਹੈ ਕਿ ਉਨ੍ਹਾਂ ਨੇ ਪ੍ਰਦੂਸ਼ਣ ਫੈਲਾਉਣ ਵਾਲੇ ਕਾਰਖਾਨਿਆਂ ਖਿਲਾਫ ਢੁੱਕਵੀਂ ਕਾਰਵਾਈ ਕਰਨ ਤੋਂ ਬਚਣ ਲਈ ਰੈੱਡ ਅਲਰਟ ਜਾਰੀ ਨਹੀਂ ਕੀਤਾ| ਚੀਨ ਦੇ ਵਾਤਾਵਰਣ ਮੰਤਰਾਲੇ ਨੇ ਦੱਸਿਆ ਕਿ ਪ੍ਰਤੀਕਿਰਿਆ ਸਮਰੱਥਾ ਵਿੱਚ ਸੁਧਾਰ ਲਈ 20 ਸ਼ਹਿਰਾਂ ਦੀਆਂ ਐਮਰਜੈਂਸੀ ਯੋਜਨਾਵਾਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ|
ਵਾਤਾਵਰਣ ਸੁਰੱਖਿਆ ਮੰਤਰੀ ਚਨ ਜਿਨਿੰਗ ਨੇ ਇਕ ਪੱਤਰਕਾਰ ਸੰਮੇਲਨ ਵਿੱਚ ਇਹ ਟਿੱਪਣੀ ਕੀਤੀ ਕਿ ਬੀਜਿੰਗ, ਤਿਆਨਜਿਨ ਸਮੇਤ ਹੇਬੇਈ ਅਤੇ ਨੇੜਲੇ ਸੂਬਿਆਂ ਦੇ 18 ਹੋਰ ਸ਼ਹਿਰਾਂ ਦੀਆਂ ਐਮਰਜੈਂਸੀ ਯੋਜਨਾਵਾਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ| ਵਾਤਾਵਰਣ ਸੁਰੱਖਿਆ ਮੰਤਰਾਲੇ ਨੇ ਕਲ ਕਿਹਾ ਕਿ ਨਿਰੀਖਣ ਵਿੱਚ ਪਤਾ ਲੱਗਾ ਹੈ ਕਿ ਕੁਝ ਸ਼ਹਿਰ ਪ੍ਰਦੂਸ਼ਣ ਨਾਲ ਨਜਿੱਠਣ ਲਈ ਪ੍ਰਭਾਵੀ ਕਦਮ ਚੁੱਕਣ ਵਿੱਚ ਅਸਫਲ ਰਹੇ ਹਨ| ਪਿਛਲੇ ਕਈ ਦਿਨਾਂ ਦੌਰਾਨ ਬੀਜਿੰਗ ਵਿੱਚ ਹਵਾ ਪ੍ਰਦੂਸ਼ਣ ਖਤਰਨਾਕ ਪੱਧਰ ਨੂੰ ਪਾਰ ਕਰ ਚੁੱਕਾ ਹੈ ਪਰ ਸ਼ਹਿਰ ਨੇ ਰੈਡ ਅਲਰਟ ਜਾਰੀ ਨਹੀਂ ਕੀਤਾ| ਰੈਡ ਅਲਰਟ ਸਭ ਤੋਂ ਉੱਚੇ ਪੱਧਰ ਦੀ ਚਿਤਾਵਨੀ ਹੈ ਜਿਸ ਨੂੰ ਜਾਰੀ ਕੀਤੇ ਜਾਣ ਤੋਂ ਬਾਅਦ ਸਮ ਅਤੇ ਵਿਸ਼ਮ ਗਿਣਤੀ ਕਾਰ ਪ੍ਰਣਾਲੀ ਲਾਗੂ ਕਰਨੀ ਹੁੰਦੀ ਹੈ ਅਤੇ ਪ੍ਰਦੂਸ਼ਣ ਫੈਲਾਉਣ ਵਾਲੇ ਕਾਰਖਾਨਿਆਂ ਨੂੰ ਬੰਦ ਕਰਨਾ ਹੁੰਦਾ ਹੈ| ਸ਼ਹਿਰਾਂ ਵਿੱਚ ਪ੍ਰਦੂਸ਼ਣ ਦੇ ਖਤਰਨਾਕ ਪੱਧਰ ਨੂੰ ਪਾਰ ਕਰਨ ਦੇ ਬਾਵਜੂਦ ਸ਼ਹਿਰ ਦੇ ਅਧਿਕਾਰੀਆਂ ਨੇ ਰੈਡ ਅਲਰਟ ਤੋਂ ਹੇਠਲੇ ਪੱਧਰ ਦਾ ਓਰੇਂਜ ਅਲਰਟ ਜਾਰੀ ਕੀਤਾ, ਜਿਸ ਦੀ ਆਲੋਚਨਾ ਕੀਤੀ ਜਾ ਰਹੀ ਹੈ| ਚੀਨ ਵਿੱਚ ਖਤਰਨਾਕ ਮੌਸਮ ਲਈ ਚਾਰ-ਪੱਧਰੀ ਕਲਰ-ਕੋਡੇਡ ਚਿਤਾਵਨੀ ਪ੍ਰਣਾਲੀ ਹੈ, ਜਿਸ ਵਿੱਚ ਸਭ ਤੋਂ ਉਪਰ ਰੈਡ ਅਤੇ ਉਸ ਤੋਂ ਬਾਅਦ ਓਰੇਂਜ, ਯੈਲੋ ਅਤੇ ਬਲੂ ਹੈ| ਪ੍ਰਦੂਸ਼ਣ ਦੇ ਸਭ ਤੋਂ ਖਤਰਨਾਕ ਪੱਧਰ ਲਈ ਰੈੱਡ ਅਲਰਟ ਜਾਰੀ ਕੀਤਾ ਜਾਂਦਾ ਹੈ|

Leave a Reply

Your email address will not be published. Required fields are marked *