ਹਸਪਤਾਲ ਵਿੱਚ ਲੱਗਦੀ ਹੈ ਕਲਾਸ, ਬੀਮਾਰ ਬੱਚਿਆਂ ਨੂੰ ਪੜ੍ਹਾਉਣ ਆਉਂਦੇ ਨੇ ਅਧਿਆਪਕ

ਮਾਂਟਰੀਅਲ, 17 ਅਪ੍ਰੈਲ (ਸ.ਬ.) ਕੈਨੇਡਾ ਦੇ ਮਾਂਟਰੀਅਲ ਵਿਖੇ ਸਥਿਤ ਬੱਚਿਆਂ ਦੇ ਹਸਪਤਾਲ ਵਿੱਚ ਉਸ ਸਮੇਂ ਮਨੁੱਖਤਾ ਦੀ ਮਿਸਾਲ ਦੇਖਣ ਨੂੰ ਮਿਲਦੀ ਹੈ, ਜਦੋਂ ਹਰ ਰੋਜ਼ ਇੱਥੇ ਅਧਿਆਪਕ, ਬੀਮਾਰ ਬੱਚਿਆਂ ਨੂੰ ਪੜ੍ਹਾਉਣ ਆਉਂਦੇ ਹਨ| ਬੀਮਾਰੀ ਇਨ੍ਹਾਂ ਬੱਚਿਆਂ ਨੂੰ ਪੜ੍ਹਨ ਤੋਂ ਨਹੀਂ ਰੋਕ ਸਕੀ ਅਤੇ ਇਹ ਬੱਚੇ ਅਤੇ ਅਧਿਆਪਕ ਸਮਾਜ ਲਈ ਇਕ ਵੱਖਰੀ ਮਿਸਾਲ ਬਣ ਕੇ ਉਭਰ ਰਹੇ ਹਨ|
ਹਸਪਤਾਲ ਦੇ ਬੈਡ ਤੇ ਪਏ ਇਨ੍ਹਾਂ ਬੱਚਿਆਂ ਦੇ ਸਰੀਰਾਂ ਨੂੰ ਟਿਊਬਾਂ ਲੱਗੀਆਂ ਹੋਈਆਂ ਹਨ| ਪਤਾ ਨਹੀਂ ਕਿੰਨੀਆਂ ਸੂਈਆਂ ਨਾਲ ਉਨ੍ਹਾਂ ਦੇ ਸਰੀਰਾਂ ਨੂੰ ਵਿੰਨ੍ਹਿਆ ਗਿਆ ਹੈ ਪਰ ਉਨ੍ਹਾਂ ਦਾ ਜਜ਼ਬਾ ਅਜੇ ਸਲਾਮਤ ਹੈ| ਇਹ ਬੱਚੇ ਨਾ ਸਿਰਫ ਪੜ੍ਹਦੇ ਹਨ ਸਗੋਂ ਆਪਣਾ ਦੁੱਖ ਭੁਲਾ ਕੇ ਹੋਮਵਰਕ ਵੀ ਪੂਰਾ ਕਰਦੇ ਹਨ| ਉਨ੍ਹਾਂ ਨੂੰ ਬੀਮਾਰੀ ਦੀ ਨਹੀਂ ਸਗੋਂ ਇਸ ਗੱਲ ਦੀ ਚਿੰਤਾ ਰਹਿੰਦੀ ਹੈ ਕਿ ਅਗਲੇ ਦਿਨ ਉਨ੍ਹਾਂ ਨੇ ਆਪਣੇ ਅਧਿਆਪਕਾਂ ਨੂੰ ਆਪਣਾ ਕੰਮ ਦਿਖਾਉਣਾ ਹੈ|
ਬੀਮਾਰ ਬੱਚਿਆਂ ਵਿੱਚ ਕੁਝ ਸਿੱਖਣ ਦਾ ਇਹ ਜਜ਼ਬਾ ਉਨ੍ਹਾਂ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ ਅਤੇ ਉਨ੍ਹਾਂ ਨੂੰ ਆਮ ਬੱਚਿਆਂ ਵਾਂਗ ਮਹਿਸੂਸ ਕਰਵਾਉਂਦਾ ਹੈ| ਬੱਚਿਆਂ ਦੇ ਜੀਵਨ ਦਾ ਉਹ ਸਮਾਂ ਜੋ ਉਨ੍ਹਾਂ ਨੇ ਸਕੂਲਾਂ ਵਿੱਚ ਬਿਤਾਉਣਾ ਹੁੰਦਾ ਹੈ ਅਤੇ ਜ਼ਿੰਦਗੀ ਦੇ ਅਨੁਭਵ ਹਾਸਲ ਕਰਨੇ ਹੁੰਦੇ ਹਨ, ਉਹ ਭਾਵੇਂ ਹਸਪਤਾਲਾਂ ਵਿੱਚ ਬੀਤ ਰਿਹਾ ਹੈ ਪਰ ਉਨ੍ਹਾਂ ਦੀ ਪੜ੍ਹਾਈ ਦਾ ਕੋਈ ਨੁਕਸਾਨ ਨਹੀਂ ਹੋ ਰਿਹਾ| ਇਸ ਕੰਮ ਲਈ ਉਹ ਸਾਰੇ ਅਧਿਆਪਕ ਵੀ ਵਧਾਈ ਦੇ ਪਾਤਰ ਹਨ, ਜੋ ਆਪਣੇ ਰੁਝੇਵਿਆਂ ਭਰੇ ਦਿਨ ਵਿੱਚੋਂ ਇਨ੍ਹਾਂ ਬੱਚਿਆਂ ਲਈ ਆਪਣਾ ਕੀਮਤੀ ਸਮਾਂ ਕੱਢਦੇ ਹਨ|

Leave a Reply

Your email address will not be published. Required fields are marked *