ਹਾਈਕੋਰਟ ਵਲੋਂ ਮੇਅਰ ਦੀ ਨਿੱਜੀ ਸਹਾਇਕ ਦੀ ਬਦਲੀ ਦੇ ਹੁਕਮਾਂ ਤੇ ਰੋਕ ਨਾਲ ਸਿਆਸਤ ਵਿਚ ਆਈ ਗਰਮੀ

ਹਾਈਕੋਰਟ ਵਲੋਂ ਮੇਅਰ ਦੀ ਨਿੱਜੀ ਸਹਾਇਕ ਦੀ ਬਦਲੀ ਦੇ ਹੁਕਮਾਂ ਤੇ ਰੋਕ ਨਾਲ ਸਿਆਸਤ ਵਿਚ ਆਈ ਗਰਮੀ
ਮੇਅਰ ਧੜੇ ਦੇ ਕੌਂਸਲਰਾਂ ਨੇ ਹਲਕਾ ਵਿਧਾਇਕ ਤੇ ਲਾਇਆ ਨਿਸ਼ਾਨਾ, ਕਿਹਾ ਵਿਧਾਇਕ ਦਾ ਮੁਲਾਜਮ ਵਿਰੋਧੀ ਚਿਹਰਾ ਉਜਾਗਰ ਹੋਇਆ
ਐਸ ਏ ਐਸ ਨਗਰ, 6 ਅਕਤੂਬਰ (ਸ.ਬ.) ਨਗਰ ਨਿਗਮ ਦੇ ਮੇਅਰ ਸ. ਕੁਲਵੰਤ ਸਿੰਘ ਦੀ ਨਿਜੀ ਸਹਾਇਕ ਦੀ ਬਦਲੀ ਤੇ ਮਾਣਯੋਗ ਹਾਈਕੋਰਟ ਵੱਲੋਂ ਰੋਕ ਲਗਾਏ ਜਾਣ ਤੋਂ ਬਾਅਦ ਜਿੱਥੇ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਅਤੇ ਮੇਅਰ ਸ੍ਰ. ਕੁਲਵੰਤ ਸਿੰਘ ਵਿਚਾਲੇ ਚਲਦੀ ਖਿਚੋਤਾਣ ਵਿਚ ਇੱਕ ਦਿਲਚਸਪ ਮੋੜ ਆ ਗਿਆ ਹੈ| ਉੱਥੇ ਮੇਅਰ ਧੜੇ ਵੱਲੋ ਹੁਣ ਹਲਕਾ ਵਿਧਾਇਕ ਦੇ ਖਿਲਾਫ ਸਿੱਧਾ ਮੋਰਚਾ ਖੋਲ੍ਹ ਦਿੱਤਾ ਹੈ|
ਅੱਜ ਨਿਗਮ ਵਿੱਚ ਮੇਅਰ ਦੀ ਨਿੱਜੀ ਸਹਾਇਕ ਸਤਵਿੰਦਰ ਕੌਰ ਵੱਲੋਂ ਨਿੱਜੀ ਸਹਾਇਕ ਦਾ ਅਹੁਦਾ ਮੁੜ ਸੰਭਾਲਨ ਮੌਕੇ ਹਾਜਿਰ ਕੌਂਸਲਰਾਂ ਸ੍ਰੀ ਆਰ ਪੀ ਸ਼ਰਮਾ, ਸ੍ਰ. ਹਰਪਾਲ ਸਿੰਘ ਚੰਨਾ, ਬੀਬੀ ਜਸਬੀਰ ਕੌਰ ਅਤਲੀ, ਬੀਬੀ ਗੁਰਮੀਤ ਕੌਰ, ਬੀਬੀ ਰਮਨਦੀਪ ਕੌਰ, ਸ੍ਰ. ਅਮਰੀਕ ਸਿੰਘ ਤਹਿ. (ਰਿਟਾ.), ਸ੍ਰ. ਸ਼ਿੰਦਰਪਾਲ ਸਿੰਘ ਬੋਬੀ ਕੰਬੋਜ, ਸ੍ਰ. ਸਤਵੀਰ ਸਿੰਘ ਧਨੋਆ ਨੇ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਮਾਣਯੋਗ ਹਾਈਕੋਰਟ ਦੇ ਫੈਸਲੇ ਨਾਲ ਹਲਕਾ ਵਿਧਾਇਕ ਦਾ ਮੁਲਾਜਮ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ| ਉਹਨਾਂ ਕਿਹਾ ਕਿ ਹਲਕੇ ਦੀ ਬਿਹਤਰੀ ਲਈ ਕੰਮ ਕਰਨ ਦੀ ਥਾਂ ਹਲਕਾ ਵਿਧਾਇਕ ਨੂੰ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਧਮਕਾਉਣ ਦੀ ਇਹ ਕਾਰਵਾਈ ਮੌਜੂਦਾ ਸਰਕਾਰ ਦੀ ਕਾਰਗੁਜਾਰੀ  ਤੇ ਵੀ ਸਵਾਲ ਚੁੱਕਣ ਵਾਲੀ ਹੈ| ਉਹਨਾਂ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇੱਕ ਪਾਸੇ ਤਾਂ ਹਲਕਾ ਵਿਧਾਇਕ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਉਹਨਾਂ ਦਾ ਸਤਵਿੰਦਰ ਕੌਰ ਦੀ ਬਦਲੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਦੂਜੇ ਪਾਸੇ ਉਹਨਾਂ ਵੱਲੋਂ ਬਾਕਾਇਦਾ ਡੀ T ਲਿਖ ਕੇ ਸਤਵਿੰਦਰ ਕੌਰ ਉੱਪਰ ਕਈ ਤਰ੍ਹਾਂ ਦੇ ਝੂਠੇ ਇਲਜਾਮ ਲਗਾ ਕੇ ਉਹਨਾਂ ਦੀ ਬਦਲੀ ਕਰਨ ਲਈ ਲਿਖਿਆ ਗਿਆ ਸੀ ਅਤੇ ਹਾਈਕੋਰਟ  ਵੱਲੋਂ ਇਸ ਬਦਲੀ ਦੇ ਹੁਕਮਾਂ ਤੇ ਰੋਕ ਲਗਾਉਣ ਦੀ ਕਾਰਵਾਈ ਇਸੇ ਕਰਕੇ ਕੀਤੀ ਗਈ ਹੈ ਕਿਉਂਕਿ ਉਹਨਾਂ ਦੀ ਬਦਲੀ ਪ੍ਰਸ਼ਾਸ਼ਨਿਕ ਆਧਾਰ ਤੇ ਨਾ ਹੋ ਕੇ ਹਲਕਾ ਵਿਧਾਇਕ ਦੇ ਕਹਿਣ ਅਨੁਸਾਰ ਕੀਤੀ ਗਈ ਸੀ| ਇਹਨਾਂ ਕੌਂਸਲਰਾਂ ਨੇ ਸਤਵਿੰਦਰ ਕੌਰ ਦੀ ਇਸ ਗੱਲੋਂ ਸ਼ਲਾਘਾ ਕੀਤੀ ਕਿ ਉਸਨੇ ਹਲਕਾ ਵਿਧਾਇਕ ਦੀ ਧੱਕੇਸ਼ਾਹੀ ਨੂੰ ਚੁੱਪਚਾਪ ਬਰਦਾਸ਼ਤ ਕਰਨ ਦੀ ਥਾਂ ਬਦਲੀ ਦੇ ਹੁਕਮਾਂ ਨੂੰ ਹਾਈਕੋਰਟ ਵਿਚ ਚੁਣੌਤੀ ਦੇਣ ਦੀ ਹਿੰਮਤ ਵਿਖਾਈ ਹੈ|
ਮੇਅਰ ਦੀ ਨਿਜੀ ਸਹਾਇਕ ਦੀ ਬਦਲੀ ਤੇ ਅਦਾਲਤ ਵੱਲੋਂ ਰੋਕ ਲਗਾਏ ਜਾਣ ਤੋਂ ਬਾਅਦ ਜਿੱਥੇ ਮੇਅਰ ਧੜਾ ਮਜਬੂਤ ਦਿਖ ਰਿਹਾ ਹੈ| ਉੱਥੇ ਹਲਕਾ ਵਿਧਾਇਕ ਅਤੇ ਉਹਨਾਂ ਦੇ ਸਮਰਥਕਾਂ ਵੱਲੋਂ ਇਸ ਮਾਮਲੇ ਵਿੱਚ ਚੁੱਪੀ ਧਾਰ ਲਈ ਹੈ| ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਪਿਛਲੇ ਕਈ ਦਿਨਾਂ ਤੋਂ ਗੁਰਦਾਸਪੁਰ ਜਿਮਨੀ ਚੋਣ ਵਿਚ ਵਿਅਸਤ ਹੋਣ ਕਾਰਨ ਉੱਥੇ ਗਏ ਹੋਏ ਹਨ| ਉਥੇ ਉਹਨਾਂ ਦੇ ਸਮਰਥਕ ਕੌਂਸਲਰ ਵੀ ਕੁੱਝ ਕਹਿਣ ਤੋਂ ਗੁਰੇਜ ਕਰ ਰਹੇ ਹਨ| ਵੇਖਣਾ ਇਹ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਦੋਵਾਂ ਧਿਰਾਂ ਦੀ ਇਹ ਖਿਚੋਤਾਣ ਕਿਸ ਹੱਦ ਤੱਕ ਪਹੁੰਚਦੀ ਹੈ|

Leave a Reply

Your email address will not be published. Required fields are marked *