ਹਾਈਕੋਰਟ ਵੱਲੋਂ ਨਗਰ ਨਿਗਮ ਦੀ ਵਾਰਡਬੰਦੀ ਬਾਰੇ ਕੇਸ ਦਾ ਫੈਸਲਾ ਰਾਖਵਾਂ
ਐਸ ਏ ਐਸ ਨਗਰ, 7 ਦਸੰਬਰ (ਸ.ਬ.) ਨਗਰ ਨਿਗਮ ਐਸ ਏ ਐਸ ਨਗਰ ਦੀ ਨਵੀਂ ਵਾਰਡਬੰਦੀ ਵਿੱਚ ਹੋਈਆਂ ਕਥਿਤ ਬੇਨਿਯਮੀਆਂ ਦੇ ਖਿਲਾਫ ਸਾਬਕਾ ਕੌਂਸਲਰ ਸ੍ਰ. ਸੁਖਦੇਵ ਸਿੰਘ ਪਟਵਾਰੀ ਅਤੇ ਫੇਜ਼ 6 ਦੇ ਵਸਨੀਕ ਬਚਨ ਸਿੰਘ ਵਲੋਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਾਏ ਗਏ ਕੇਸ ਦੀ ਸੁਣਵਾਈ ਮੁਕੰਮਲ ਹੋਣ ਉਪਰੰਤ ਮਾਣਯੋਗ ਅਦਾਲਤ ਵਲੋਂ ਫੈਸਲਾ ਰਾਖਵਾਂ ਰੱਖ ਲਿਆ ਗਿਆ ਹੈ ਅਤੇ ਅਗਲੇ ਦਿਨਾਂ ਦੌਰਾਨ ਮਾਣਯੋਗ ਅਦਾਲਤ ਵਲੋਂ ਇਸ ਬਾਰੇ ਫੈਸਲਾ ਸੁਣਾਇਆ ਜਾਵੇਗਾ|
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਅਦਾਲਤ ਵਿੱਚ ਇਸ ਮਾਮਲੇ ਦੀ ਕਾਫੀ ਲੰਬੀ ਸੁਣਵਾਈ ਹੋਈ ਜਿਸ ਦੌਰਾਨ ਦੋਵਾਂ ਪੱਖਾਂ ਦੇ ਵਕੀਲਾਂ ਵਲੋਂ ਬਹਿਸ ਕੀਤੀ ਗਈ ਅਤੇ ਆਪੋ ਆਪਣੇ ਪੱਖ ਵਿੱਚ ਦਲੀਲਾਂ ਦਿੱਤੀਆਂ ਗਈਆਂ|
ਜਿਕਰਯੋਗ ਹੈ ਕਿ ਐਸ ਏ ਐਸ ਨਗਰ ਦੀ ਵਾਰਡਬੰਦੀ ਦਾ ਇਹ ਕੇਸ ਮਾਣਯੋਗ ਅਦਾਲਤ ਵਲੋਂ ਪਠਾਨਕੋਟ ਦੀ ਵਾਰਡਬੰਦੀ ਸੰਬੰਧੀ ਚਲ ਰਹੇ ਅਜਿਹੇ ਹੀ ਇੱਕ ਮਾਮਲੇ ਨਾਲ ਜੋੜ ਦਿੱਤਾ ਗਿਆ ਅਤੇ ਬੀਤੇ ਸ਼ੁੱਕਰਵਾਰ ਇਸ ਮਾਮਲੇ ਤੇ ਕਾਫੀ ਭਰਵੀ ਬਹਿਸ ਹੋਈ ਸੀ| ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਇਸ ਮਾਮਲੇ ਦੌਰਾਨ ਪਠਾਨਕੋਟ ਨਗਰ ਨਿਗਮ ਦੀ ਵਾਰਡਬੰਦੀ ਬਾਰੇ ਵਕੀਲਾਂ ਦੀ ਬਹਿਮ ਮੁਕੰਮਲ ਹੋ ਜਾਣ ਤੋਂ ਬਾਅਦ ਮਾਣਯੋਗ ਅਦਾਲਤ ਵਲੋਂ ਇਸ ਮਾਮਲੇ ਵਿੱਚ ਫੈਸਲਾ ਰਾਖਵਾਂ ਰੱਖ ਲਿਆ ਗਿਆ ਹੈ ਜਿਹੜਾ ਅਗਲੇ ਦਿਨਾਂ ਦੌਰਾਨ ਸੁਣਾ ਦਿੱਤਾ ਜਾਵੇਗਾ|