ਹਾਈਵੇ ਤੇ ਨਜ਼ਾਇਜ ਕਬਜ਼ਿਆਂ ਦੀ ਭਰਮਾਰ, ਪ੍ਰਸ਼ਾਸ਼ਨ ਚੁੱਪ

ਜੀਰਕਪੁਰ, 18 ਮਈ (ਪਵਨ ਰਾਵਤ) ਚੰਡੀਗੜ੍ਹ ਅੰਬਾਲਾ ਹਾਈਵੇ ਤੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਆਮ ਹੀ ਦੇਖੀ ਜਾ ਸਕਦੀ ਹੈ, ਇਸ ਹਾਈਵੇ ਉਪਰ ਕਈ ਢਾਬਿਆਂ ਵਾਲਿਆਂ ਨੇ ਵੀ ਨਾਜਾਇਜ਼ ਰਸਤੇ ਵੀ ਖੋਲ੍ਹੇ ਹੋਏ ਹਨ ਅਤੇ ਇਨ੍ਹਾਂ ਨਾਜਾਇਜ ਕਬਜਿਆਂ ਅਤੇ ਨਾਜਾਇਜ ਲਾਂਘਿਆਂ ਕਾਰਨ ਹੁੰਦੇ ਹਾਦਸਿਆਂ ਵਿੱਚ ਕਈ ਲੋਕ ਆਪਣੀਆਂ ਕੀਮਤੀ ਜਾਨਾਂ ਗਵਾ ਚੁੱਕੇ ਹਨ| ਇਸ ਹਾਈਵੇ ਤੇ ਚੰਡੀਗੜ੍ਹ, ਸ਼ਿਮਲਾ ਅਤੇ ਦਿੱਲੀ ਵੱਲ ਜਾਣ ਵਾਲੇ ਮੁਸਾਫਿਰਾਂ ਦਾ ਵੱਡੀ ਗਿਣਤੀ ਹੁੰਦੀ ਹੈ, ਜਿਸ ਕਾਰਨ ਇਸ ਰੋਡ ਤੇ ਟ੍ਰੈਫਿਕ ਵੀ ਜ਼ਿਆਦਾ ਹੁੰਦੀ ਹੈ, ਪਰ ਇਸ ਹਾਈਵੇ ਦਾ ਠੇਕਾ ਲੈਣ ਵਾਲੀ ਜੀ.ਐਮ.ਆਰ ਕੰਪਨੀ ਵੱਲੋਂ ਸਿਰਫ ਟੋਲ ਟੈਕਸ ਰਾਹੀਂ ਹਰ ਰੋਜ਼ ਲੱਖਾਂ ਰੁਪਈਆ ਸੈਲਾਨੀਆਂ ਤੋਂ ਵਸੂਲਿਆ ਜਾ ਰਿਹਾ ਹੈ ਪਰ ਜੀ.ਐਮ.ਆਰ ਕੰਪਨੀ ਵੱਲੋਂ ਇਨ੍ਹਾਂ ਕਬਜ਼ਿਆਂ ਵੱਲ ਕਦੇ ਧਿਆਨ ਨਹੀਂ ਦਿੱਤਾ ਜਾਂਦਾ, ਜਿਸ ਨਾਲ ਸਾਫ ਪਤਾ ਲੱਗਦਾ ਹੈ ਕਿ ਉਨ੍ਹਾਂ ਦਾ ਧਿਆਨ ਸਿਰਫ ਟੋਲ ਟੈਕਸ ਇੱਕਠਾ ਕਰਨ ਵੱਲ ਹੈ ਅਤੇ ਇਨ੍ਹਾਂ ਦੀ ਨਜਰ ਵਿੱਚ ਇਨਸਾਨ ਦੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਹੈ| ਕਈ ਵਿਆਹ ਸਮਾਗਮਾਂ ਦੌਰਾਨ ਤਾਂ ਪੈਲਿਸਾਂ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਗੱਡੀਆਂ ਪੂਰੀ ਸੜਕ ਵਿੱਚ ਖੜ੍ਹੀਆਂ ਕੀਤੀਆਂ ਹੁੰਦੀਆਂ ਹਨ, ਜਿਸ ਨੂੰ ਵੇਖ ਕੇ ਬਾਹਰੋਂ ਆਉਣ ਵਾਲੇ ਮੁਸਾਫ਼ਿਰ ਬਹੁਤ ਪ੍ਰੇਸ਼ਾਨ ਹੁੰਦੇ ਹਨ ਅਤੇ ਪ੍ਰਬੰਧਕਾਂ ਨੂੰ ਕੋਸਦੇ ਹਨ| ਇਸ ਸਬੰਧੀ ਜਦੋਂ ਜੀ.ਐਮ.ਆਰ ਕੰਪਨੀ ਦੇ ਪ੍ਰੋਜੈਕਟ ਮੈਨੇਜਰ ਇਕਬਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਪਹਿਲਾਂ ਵੀ ਕਈ ਵਾਰ ਕਬਜ਼ਾਧਾਰੀਆਂ ਨੂੰ ਰੋਕਿਆ ਹੈ ਪਰ ਇਹ ਮੁੜ ਕਬਜ਼ਾ ਕਰ ਲੈਂਦੇ ਹਨ, ਉਨ੍ਹਾਂ ਕਿਹਾ ਕਿ ਕੁੱਝ ਦਿਨਾਂ ਦੇ ਅੰਦਰ-ਅੰਦਰ ਪੰਜਾਬ ਪੁਲੀਸ ਨੂੰ ਨਾਲ ਲੈ ਕੇ ਇਨ੍ਹਾਂ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਦੇ ਕਬਜੇ ਹਟਾ ਕੇ ਜੁਰਮਾਨੇ ਪਾਏ ਜਾਣਗੇ|

Leave a Reply

Your email address will not be published. Required fields are marked *