ਹਾਕਮ ਧਿਰ ਦੇ ਕੌਂਸਲਰਾਂ ਨੇ ਖੋਲ੍ਹਿਆ ਸਥਾਨਕ ਸਰਕਾਰ ਵਿਭਾਗ ਵਿਰੁੱਧ ਮੋਰਚਾ

ਹਾਕਮ ਧਿਰ ਦੇ ਕੌਂਸਲਰਾਂ ਨੇ ਖੋਲ੍ਹਿਆ ਸਥਾਨਕ ਸਰਕਾਰ ਵਿਭਾਗ ਵਿਰੁੱਧ ਮੋਰਚਾ

ਜੇਕਰ ਹਾਲਾਤ ਵਿੱਚ ਸੁਧਾਰ ਨਾ ਹੋਇਆ ਤਾਂ ਡਾਇਰੈਕਟਰ ਦਫਤਰ ਮੂਹਰੇ ਧਰਨਾ ਲਾਉਣਗੇ ਕੌਂਸਲਰ

ਦਰਖਤਾਂ ਦੀ ਛੰਗਾਈ ਅਤੇ ਕਟਾਈ ਲਈ ਜਰਮਨ ਤੋਂ ਖਰੀਦੀ ਮਸ਼ੀਨ ਦੇ ਸੌਦੇ ਤੇ ਲੱਗੀ ਰੋਕ, ਪਾਰਕਾਂ ਦੇ ਰੱਖ ਰਖਾਓ ਵਿੱਚ ਆਈ ਖੜੌਂਤ ਅਤੇ ਫੇਜ਼ 8 ਵਿਚਲੇ ਬਸ ਅੱਡੇ ਨੂੰ ਬੰਦ ਕਰਨ ਦਾ ਮੁੱਦਾ ਹੈ ਕੌਂਸਲਰਾਂ ਦੀ ਨਾਰਾਜਗੀ ਦਾ ਕਾਰਨ
ਭੁਪਿੰਦਰ ਸਿੰਘ
ਐਸ ਏ ਐਸ ਨਗਰ, 15 ਦਸੰਬਰ

ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਦੇ ਮੁੱਖ ਦਫਤਰ ਵਲੋਂ ਨਗਰ ਨਿਗਮ ਐਸ ਏ ਐਸ ਨਗਰ ਦੀਆਂ ਮੀਟਿੰਗਾਂ ਵਿੱਚ ਪਾਸ ਹੋਏ ਵੱਖ ਵੱਖ ਮਤਿਆਂ (ਜਿਹਨਾਂ ਵਿੱਚ ਸ਼ਹਿਰ ਵਿੱਚ ਚਲਾਈ ਜਾਣ ਵਾਲੀ ਸਿਟੀ ਬਸ ਸਰਵਿਸ ਅਤੇ ਦਰਖਤਾਂ ਦੀ ਛੰਗਾਈ ਅਤੇ ਕਟਾਈ ਲਈ ਜਰਮਨੀ ਤੋਂ ਖਰੀਦੀ ਜਾਣ ਵਾਲੀ ਪ੍ਰੂਮਿੰਗ ਮਸ਼ੀਨ ਦਾ ਮਤਾ ਵੀ ਸ਼ਾਮਿਲ ਹੈ) ਉੱਪਰ ਸਥਾਨਕ ਸਰਕਾਰ ਵਿਭਾਗ ਵਲੋਂ ਲਗਾਈ ਗਈ ਰੋਕ ਅਤੇ ਸ਼ਹਿਰ ਦੇ ਪਾਰਕਾਂ ਦੀ ਬਦਹਾਲੀ ਦੇ ਖਿਲਾਫ ਨਗਰ ਨਿਗਮ ਦੀ ਕਾਬਿਜ ਧਿਰ ਦੇ ਕੌਂਸਲਰਾਂ ਨੇ ਮੋਰਚਾ ਖੋਲ੍ਹ ਲਿਆ ਹੈ ਅਤੇ ਉਹਨਾਂ ਵਲੋਂ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਇਹਨਾਂ ਮਤਿਆਂ ਬਾਰੇ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਉਹ ਸਥਾਨਕ ਸਰਕਾਰ ਵਿਭਾਗ ਦੇ ਡਾਇਰੈਕਟਰ ਦੇ ਖਿਲਾਫ ਧਰਨੇ ਦੇਣ ਲਈ ਮਜਬੂਰ ਹੋਣਗੇ|
ਨਗਰ ਨਿਗਮ ਦੇ ਕੌਂਸਲਰਾਂ ਸ੍ਰੀ ਆਰ ਪੀ ਸ਼ਰਮਾ, ਸ੍ਰ. ਫੂਲਰਾਜ ਸਿੰਘ, ਹਰਪਾਲ ਸਿੰਘ ਚੰਨਾ, ਸ੍ਰੀਮਤੀ ਗੁਰਮੀਤ ਕੌਰ, ਸ੍ਰੀਮਤੀ ਰਜਨੀ ਗੋਇਲ, ਸ੍ਰੀਮਤੀ ਕਰਮਜੀਤ ਕੌਰ, ਸ੍ਰੀਮਤੀ ਰਮਨਪ੍ਰੀਤ ਕੌਰ, ਸ੍ਰੀਮਤੀ ਜਸਬੀਰ ਕੌਰ ਅਤਲੀ, ਸ੍ਰ. ਪਰਮਜੀਤ ਸਿੰਘ ਕਾਹਲੋਂ, ਸ੍ਰੀਮਤੀ ਪ੍ਰਕਾਸ਼ਵਤੀ, ਸ੍ਰ. ਕਮਲਜੀਤ ਸਿੰਘ ਰੂਬੀ, ਸ੍ਰੀ ਅਸ਼ੋਕ ਝਾ, ਬੀਬੀ ਰਜਿੰਦਰ ਕੌਰ ਕੁੰਭੜਾ, ਸ੍ਰ. ਹਰਦੀਪ ਸਿੰਘ ਸਰਾਓ, ਸ੍ਰ. ਗੁਰਮੁੱਖ ਸਿੰਘ ਸੋਹਲ, ਸ੍ਰ. ਸਤਵੀਰ ਸਿੰਘ ਧਨੋਆ, ਸ੍ਰੀ ਅਰੁਨ ਸ਼ਰਮਾ ਨੇ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਹੈ ਉਦੋਂ ਤੋਂ ਹੀ ਸਥਾਨਕ ਸਰਕਾਰ ਵਿਭਾਗ ਦੇ ਅਧਿਕਾਰੀਆਂ ਵਲੋਂ ਨਿਗਮ ਦੀਆਂ ਮੀਟਿੰਗਾਂ ਵਿੱਚ ਪਾਸ ਹੋਣ ਵਾਲ ਮਤਿਆਂ ਨੂੰ ਬਿਨਾ ਵਜ੍ਹਾ ਰੋਕ ਕੇ ਰੱਖਿਆ ਜਾਂਦਾ ਹੈ ਅਤੇ ਸ਼ਹਿਰ ਦੇ ਵਿਕਾਸ ਕਾਰਜਾਂ ਨਾਲ ਸੰਬੰਧਿਤ ਇਹਨਾਂ ਮਤਿਆਂ ਦੇ ਰੁਕਣ ਕਾਰਨ ਸ਼ਹਿਰ ਦੇ ਵਿਕਾਸ ਕਾਰਜ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ|
ਕੌਂਸਲਰਾਂ ਨੇ ਰੋਸ ਜਾਹਿਰ ਕੀਤਾ ਕਿ ਅਧਿਕਾਰੀ ਉਹਨਾਂ ਮਤਿਆਂ ਤੇ ਚਲ ਰਹੀ ਕਾਰਵਾਈ ਤੇ ਵੀ ਰੋਕਾਂ ਲਗਾ ਰਹੇ ਹਨ ਜਿਹਨਾਂ ਨੂੰ ਪਹਿਲਾਂ ਖੁਦ ਸਥਾਨਕ ਸਰਕਾਰ ਵਿਭਾਗ ਵਲੋਂ ਹੀ ਮੰਜੂਰੀ ਦਿੱਤੀ ਜਾ ਚੁੱਕੀ ਹੈ| ਕੌਂਸਲਰਾਂ ਨੇ ਕਿਹਾ ਕਿ ਦਰਖਤਾਂ ਦੀ ਕਟਾਈ ਅਤੇ ਝੰਗਾਈ ਲਈ ਵਿਦੇਸ਼ ਤੋਂ ਮੰਗਵਾਈ ਜਾਣ ਵਾਲੀ ਅਤਿ ਆਧੁਨਿਕ ਮਸ਼ੀਨ ਸ਼ਹਿਰ ਵਿੱਚ ਆ ਜਾਣ ਦੇ ਬਾਵਜੂਦ ਅਧਿਕਾਰੀਆਂ ਦੇ ਨਾਂਹ ਪੱਖੀ ਰਵਈਏ ਕਾਰਨ ਠੇਕੇਦਾਰ ਕੋਲ ਹੀ ਖੜ੍ਹੀ ਹੈ ਜਦੋਂਕਿ ਨਿਗਮ ਵਲੋਂ ਇਸ ਮਸ਼ੀਨ ਵਾਸਤੇ ਪਹਿਲਾਂ ਹੀ 90 ਲੱਖ ਰੁਪਏ ਦੀ ਰਕਮ ਦਿੱਤੀ ਜਾ ਚੁੱਕੀ ਹੈ| ਇਸੇ ਤਰ੍ਹਾਂ ਸ਼ਹਿਰ ਦੇ ਪਾਰਕਾਂ ਦੀ ਦੇਖਰੇਖ ਸੰਬੰਧੀ ਨਿੱਜੀ ਠੇਕੇਦਾਰ ਅਤੇ ਨਗਰ ਨਿਗਮ ਵਿਚਾਲੇ ਹੋਏ ਐਗਰੀਮੈਂਟ ਤੇ ਵੀ ਸਥਾਨਕ ਸਰਕਾਰ ਵਿਭਾਗ ਦੇ ਅਧਿਕਾਰੀਆਂ ਵਲੋਂ ਇਤਰਾਜ ਕੀਤੇ ਜਾਣ ਤੋਂ ਬਾਅਦ ਤੋਂ ਹੀ ਸ਼ਹਿਰ ਦੇ ਪਾਰਕਾਂ ਦੀ ਸਾਫ ਸਫਾਈ ਅਤੇ ਰੱਖ ਰਖਾਓ ਦਾ ਕੰਮ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ ਅਤੇ ਪਾਰਕਾਂ ਵਿਚ ਗੰਦਗੀ ਫੈਲਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈ ਰਹੀ ਹੈ| ਕੌਂਸਲਰਾਂ ਨੇ ਕਿਹਾ ਕਿ ਸ਼ਹਿਰ ਦੇ ਚੁਣੇ ਹੋਏ ਨੁਮਾਇੰਦੇ ਸ਼ਹਿਰ ਦੇ ਲੋਕਾਂ ਨੂੰ ਜਵਾਬਦੇਹ ਹਨ ਅਤੇ ਜੇਕਰ ਸਥਾਨਕ ਸਰਕਾਰ ਵਿਭਾਗ ਦੇ ਅਧਿਕਾਰੀਆਂ ਨੇ ਆਪਣਾ ਰਵਈਆ ਨਾ ਬਦਲਿਆ ਤਾਂ ਉਹ ਇਸਦੇ ਖਿਲਾਫ ਸੰਘਰਸ਼ ਕਰਨ ਲਈ ਮਜਬੂਰ ਹੋਣਗੇ|
ਉਹਨਾਂ ਕਿਹਾ ਕਿ ਸਰਕਾਰ ਵਲੋਂ ਫੇਜ਼-8 ਵਿਚਲੇ ਬਸ ਅੱਡੇ ਨੂੰ ਵੀ ਬੰਦ ਕਰਨ ਦੀ ਤਿਆਰੀ ਕੀਤੀ ਜਾ ਚੁੱਕੀ ਹੈ ਜਦੋਂਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਤੋਂ ਪਹਿਲਾਂ ਲੋਕਲ ਬੱਸ ਸਰਵਿਸ ਵਾਲਾ ਮਤਾ ਪ੍ਰਵਾਨ ਕਰਕੇ ਬੱਸ ਸਰਵਿਸ ਚਾਲੂ ਕਰਵਾਏ| ਉਹਨਾਂ ਸਰਕਾਰ ਨੂੰ ਸਖਤ ਚਿਤਵਾਨੀ ਦਿੱਤੀ ਕਿ ਜੇਕਰ ਮਤੇ ਛੇਤੀ ਕਲੀਅਰ ਨਾ ਕੀਤੇ ਤਾਂ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਡਾਇਰੈਕਟਰ ਦਫਤਰ ਦੇ ਬਾਹਰ ਧਰਨਾ ਦਿੱਤਾ ਜਾਵੇਗਾ ਜਿਸਦੀ ਪੂਰੀ ਜਿੰਮੇਵਾਰੀ ਸਰਕਾਰ ਦੀ ਹੀ ਹੋਵੇਗੀ|

Leave a Reply

Your email address will not be published. Required fields are marked *