ਹਾਥਰਸ ਵਿੱਚ ਇੱਕ ਦਲਿਤ ਲੜਕੀ ਨਾਲ ਹੋਈ ਦਰਿੰਦਗੀ ਦੀ ਘਟਨਾ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ


ਐਸ.ਏ.ਐਸ.ਨਗਰ, 5 ਅਕਤੂਬਰ (ਸ.ਬ.) ਡਾ. ਅੰਬੇਦਕਰ ਮਹਾਂਸਭਾ ਐਸ.ਏ.ਐਸ.ਨਗਰ ਵਲੋਂ ਬੀਤੇ ਦਿਨੀਂ ਯੂ.ਪੀ. ਦੇ ਹਾਥਰਸ ਵਿੱਚ ਇੱਕ ਦਲਿਤ ਲੜਕੀ ਨਾਲ ਹੋਈ ਦਰਿੰਦਗੀ ਦੀ ਘਟਨਾ ਦੇ ਵਿਰੋਧ ਵਿੱਚ ਫੇਜ਼ 8 ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਦੌਰਾਨ ਕੇਂਦਰ ਅਤੇ ਯੋਗੀ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ| 
ਸਭਾ ਵਲੋਂ ਡਿਪਟੀ ਕਮਿਸ਼ਨਰ ਐਸ ਏ ਐਸ ਨਗਰ ਰਾਹੀਂ ਗਵਰਨਰ ਦੇ ਨਾਮ ਇੱਕ ਮੰਗ ਪੱਤਰ ਵੀ ਭੇਜਿਆ ਗਿਆ ਹੈ ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਇਸ ਘਟਨਾ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜਾ ਦਿੱਤੀ ਜਾਵੇ ਅਤੇ ਯੂ.ਪੀ. ਪੁਲੀਸ ਦੇ ਜਿਨ੍ਹਾਂ ਕਰਮਚਾਰੀਆਂ ਨੇ ਅੱਧੀ ਰਾਤ ਨੂੰ ਪੀੜਤ ਲੜਕੀ ਦੀ ਮ੍ਰਿਤਕ ਦੇਹ ਦਾ ਉਸਦੇ ਮਾਪਿਆਂ ਦੀ ਗੈਰ ਹਾਜਰੀ ਵਿੱਚ ਸਸਕਾਰ ਕੀਤਾ ਅਤੇ ਜਿਨ੍ਹਾਂ ਨੇ ਉਕਤ ਲੜਕੀ ਦੀ ਪੋਸਟ ਮਾਰਟਮ ਦੀ ਗਲਤ ਰਿਪੋਰਟ ਤਿਆਰ ਕੀਤੀ ਉਹਨਾਂ ਸਾਰਿਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ| 
ਇਸ ਮੌਕੇ ਮੰਗ ਕੀਤੀ ਗਈ ਕਿ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ  ਤੋਂ ਅਸਤੀਫਾ ਲਿਆ ਜਾਵੇ, ਪੀੜਤ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਪੂਰਨ ਸੁੱਰਖਿਆ ਦੇਣ ਦੇ ਨਾਲ-ਨਾਲ ਬਣਦਾ ਮੁਆਵਜਾ ਦਿੱਤਾ ਜਾਵੇ ਅਤੇ ਇਸ ਕੇਸ ਵਿੱਚ ਦੋਸ਼ੀਆਂ ਦੇ ਖਿਲਾਫ ਫਾਸਟ ਟਰੈਕ ਕੋਰਟ ਰਾਹੀਂ ਕੇਸ ਚਲਾਇਆ ਜਾਵੇ ਅਤੇ 6 ਮਹੀਨਿਆ ਦੇ ਅੰਦਰ ਇਸਦੀ ਸਜਾ ਸੁਣਾਈ ਜਾਵੇ| ਇਸ ਮੌਕੇ ਬਲਦੇਵ ਸਿੰਘ, ਜਸਵੀਰ ਸਿੰਘ ਅਤੇ ਜਗਤਾਰ ਸਿੰਘ ਵੀ ਹਾਜਿਰ ਸਨ| 

Leave a Reply

Your email address will not be published. Required fields are marked *