ਹਾਪਕਿੱਡੋ ਨੈਸ਼ਨਲ ਖੇਡਾਂ ਵਿੱਚ ਬੂਟਾ ਸਿੰਘ ਵਾਲਾ ਸਕੂਲ ਨੇ ਚਾਰ ਤਮਗੇ ਜਿੱਤੇ

ਐਸ ਏ ਐਸ ਨਗਰ, 16 ਮਈ (ਸ.ਬ.) ਨਵੀਂ ਦਿੱਲੀ ਵਿਖੇ 10 ਤੋਂ 14 ਮਈ ਤੱਕ ਹੋਏ ਰਾਸ਼ਟਰੀ ਫੈਡਰੇਸ਼ਨ ਕੱਪ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੂਟਾ ਸਿੰਘ ਵਾਲਾ ਦੇ ਵਿਦਿਆਰਥੀਆਂ ਨੇ ਭਾਗ ਲਿਆ, ਜਿਸ ਵਿੱਚ ਦਸਵੀਂ ਸ਼੍ਰੇਣੀ ਦੇ ਗੁਰਜੋਤ ਸਿੰਘ ਨੇ 60 ਕਿੱਲੋ ਵਰਗ ਵਿੱਚ ਗੋਲਡ ਮੈਡਲ ਜਿੱਤਿਆ| ਇਸ ਤੋਂ ਬਿਨਾ ਦਸਵੀਂ ਸ਼੍ਰੇਣੀ ਦੇ ਹੀ ਵਿਪਨ ਕੁਮਾਰ ਨੇ 55 ਕਿੱਲੋ ਵਰਗ ਦੇ ਵਿੱਚ ਸਿਲਵਰ ਮੈਡਲ, ਹਰਸ਼ ਸ਼ਰਮਾ ਅਤੇ ਹਰਮਨਦੀਪ ਸਿੰਘ ਨੇ ਕ੍ਰਮਵਾਰ 50 ਕਿੱਲੋ ਵਰਗ,45 ਕਿੱਲੋ ਵਰਗ ਦੇ ਵਿੱਚ ਕਾਂਸੀ ਦੇ ਤਮਗੇ ਜਿੱਤ ਕੇ ਸਕੂਲ ਦਾ ਅਤੇ ਜਿਲ੍ਹੇ ਦਾ ਨਾਮ ਪੂਰੇ ਪੰਜਾਬ ਦੇ ਵਿੱਚ ਰੌਸ਼ਨ ਕੀਤਾ| ਇਸ ਟੂਰਨਾਮੈਂਟ ਦੇ ਵਿੱਚ ਵੱਖ-ਵੱਖ 14 ਰਾਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ| ਪ੍ਰਿੰਸੀਪਲ ਸ਼੍ਰੀਮਤੀ ਬਰਿੰਦਰਜੀਤ ਕੌਰ ਅਤੇ ਸਮੂਹ ਸਟਾਫ ਵੱਲੋਂ ਸਵੇਰ ਦੀ ਸਭਾ ਦੌਰਾਨ ਇਨ੍ਹਾਂ ਸਾਰੇ ਜੇਤੂ ਵਿਦਿਆਰਥੀਆਂ ਦਾ ਟ੍ਰਾਫੀਆਂ ਦੇ ਕੇ ਸਨਮਾਨ ਕੀਤਾ ਗਿਆ| ਸਕੂਲ ਮੁਖੀ ਵੱਲੋਂ ਇਸ ਜਿੱਤ ਦਾ ਸਿਹਰਾ ਵਿਦਿਆਰਥੀਆਂ ਅਤੇ ਫਿਜ਼ੀਕਲ ਲੈਕਚਰਾਰ ਸ੍ਰ. ਪ੍ਰਸ਼ੋਤਮ ਸਿੰਘ ਸੰਧੂ ਦੀ ਸਖਤ ਮਿਹਨਤ ਨੂੰ ਦਿੱਤਾ| ਇਸ ਖੇਡ ਬਾਰੇ ਸ੍ਰ. ਸੁਰਜੀਤ ਸਿੰਘ ਲੈਕਚਰਾਰ ਬਾਇਓ ਨੇ ਦੱਸਿਆ ਕਿ ਹਾਪਕਿੱਡੋ ਕੋਰੀਅਨ ਮਾਰਸ਼ਲ ਆਰਟ ਖੇਡ ਹੈ ਜੋ ਕਿ ਪੰਜਾਬੀਆਂ ਦੇ ਲਈ ਇੱਕ ਨਵੀਂ ਖੇਡ ਹੈ| ਇਹ ਖੇਡ ਰੈਸਲਿੰਗ ਅਤੇ ਤਾਇਕਵਾਂਡੋ ਖੇਡ ਨਾਲ ਮਿਲਦੀ ਜੁਲਦੀ ਖੇਡ ਹੈ| ਇਸ ਮੌਕੇ ਮੈਡਮ ਪਰਮਜੀਤ ਕੌਰ, ਸੰਜਣਾ ਰਾਣੀ, ਗੁਰਦੀਪ ਕੌਰ, ਸੁਰਜੀਤ ਕੌਰ, ਪੂਜਾ ਚੌਧਰੀ, ਪੂਜਾ ਬਜਾਜ, ਸ਼ਸ਼ੀ ਬਾਲਾ, ਸੁਕਰਿਤ ਸ਼ਰਮਾ, ਲੈਕਚਰਾਰ ਮਾਨ ਸਿੰਘ ,ਹਰਪ੍ਰੀਤ ਸਿੰਘ, ਤਰੁਨਰਿਸ਼ੀ ਰਾਜ, ਪਰਵਿੰਦਰ ਸਿੰਘ, ਜੋਗਿੰਦਰ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸੀ|

Leave a Reply

Your email address will not be published. Required fields are marked *