ਹਾਰ ਦੇ ਡਰ ਤੋਂ ਪਾਰਟੀ ਨਿਸ਼ਾਨ ਉੱਤੇ ਚੋਣ ਲੜਣ ਤੋਂ ਭੱਜੇ ਸੁਖਬੀਰ ਬਾਦਲ: ਬਲਬੀਰ ਸਿੰਘ ਸਿੱਧੂ ਕੁਲਵੰਤ ਸਿੰਘ ਦਾ ‘ਆਜ਼ਾਦ ਗਰੁੱਪ’ ਹੀ ਸੁਖਬੀਰ ਬਾਦਲ ਦੀ ਅਸਲ ਟੀਮ

ਐਸ. ਏ. ਐਸ. ਨਗਰ, 19 ਜਨਵਰੀ (ਸ. ਬ.) ਮੁਹਾਲੀ ਨਗਰ ਨਿਗਮ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਵੱਲੋਂ ਨਗਰ ਨਿਗਮ ਦੀਆਂ ਚੋਣਾਂ ਲੜਣ ਲਈ ਬਣਾਏ ਗਏੇ ‘ਆਜ਼ਾਦ ਗਰੁੱਪ’ ਨੂੰ ਸੁਖਬੀਰ ਸਿੰਘ ਬਾਦਲ ਦੀ ਅਸਲ ਟੀਮ ਗਰਦਾਨਦਿਆਂ ਹਲਕਾ ਵਿਧਾਇਕ ਅਤੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਅਕਾਲੀ ਦਲ ਦੇ ਅਹੁਦੇਦਾਰਾਂ ਵਲੋਂ ਬਣਾਏ ਗਏ ਇਸ ‘ਆਜ਼ਾਦ ਗਰੁੱਪ’ ਤੋਂ ਸਪੱਸ਼ਟ ਹੋ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ ਮੁਹਾਲੀ ਵਿੱਚ ਆਪਣੀ ਪ੍ਰਤੱਖ ਹਾਰ ਨੂੰ ਵੇਖ ਕੇ ਪਾਰਟੀ ਦੇ ਚੋਣ ਨਿਸ਼ਾਨ ਉੱਤੇ ਚੋਣ ਲੜਣ ਤੋਂ ਭੱਜ ਗਿਆ ਹੈ।

ਇੱਥੇ ਜਾਰੀ ਬਿਆਨ ਵਿੱਚ ਸ. ਸਿੱਧੂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਅੰਦਰੋ-ਅੰਦਰੀ ਇਹ ਅਹਿਸਾਸ ਹੋ ਚੁੱਕਿਆ ਹੈ ਕਿ ਪੰਜਾਬ ਨੂੰ ਲੁੱਟਣ, ਧਾਰਮਿਕ ਗ੍ਰੰਥਾਂ ਦੀ ਬੇਅਦਬੀ ਅਤੇ ਕਿਸਾਨੀ ਬਿੱਲਾਂ ਦੀ ਤਿੰਨ ਮਹੀਨੇ ਕੀਤੀ ਗਈ ਨੰਗੀ-ਚਿੱਟੀ ਹਮਾਇਤ ਕਾਰਨ ਮੁਹਾਲੀ ਸ਼ਹਿਰ ਦੇ ਸੂਝਵਾਨ ਵੋਟਰ ਉਸਦੇ ਉਮੀਦਵਾਰਾਂ ਨੂੰ ਮੂੰਹ ਨਹੀਂ ਲਗਾਉਣਗੇ। ਇਸ ਲਈ ਉਸਨੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਇਹ ‘ਆਜ਼ਾਦ ਗਰੁੱਪ’ ਬਣਾ ਕੇ ਚੋਣ ਲੜਣ ਦੀ ਨਵੀਂ ਚਾਲ ਚੱਲੀ ਹੈ। ਉਹਨਾਂ ਦਾਅਵਾ ਕੀਤਾ ਕਿ ਇਸ ‘ਆਜ਼ਾਦ ਗਰੁੱਪ’ ਨੂੰ ਸੁਖਬੀਰ ਸਿੰਘ ਬਾਦਲ ਦੀ ਪੂਰੀ ਸਰਪ੍ਰਸਤੀ ਹਾਸਿਲ ਹੈ ਅਤੇ ਉਹ ਇਸ ਚਾਲ ਰਾਹੀਂ ਆਪਣੇ ਫਾਇਨਾਂਸਰ ਕੁਲਵੰਤ ਸਿੰਘ ਨੂੰ ਮੇਅਰ ਬਣਾ ਕੇ ਮੁਹਾਲੀ ਦੇ ਲੋਕਾਂ ਉੱਤੇੇ ਮੁੜ ਥੋਪਣਾ ਚਾਹੁੰਦਾ ਹੈ।

ਸਿਹਤ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਪਹਿਲਾਂ ਹੀ ਪਤਾ ਹੈ ਕਿ ਇਨ੍ਹਾਂ ਸਾਰਿਆਂ ਨੇ ਚੋਣ ਤੋਂ ਬਾਅਦ ਫਿਰ ਪਹਿਲਾਂ ਵਾਂਗ ਹੀ ਅਕਾਲੀ ਦਲ ਵਿਚ ਵਾਪਸ ਚਲੇ ਜਾਣਾ ਹੈ। ਸ. ਸਿੱਧੂ ਨੇ ਇਲਜਾਮ ਲਗਾਇਆ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਮੁਹਾਲੀ ਦੀ ਰਾਜਨੀਤੀ ਵਿਚ ਕੁਲਵੰਤ ਸਿੰਘ ਦੀ ਚੌਧਰ ਚਮਕਾਉਣ ਲਈ ਹਰ ਵਾਰੀ ਕਿਸੇ ਨਾ ਕਿਸੇ ਸੀਨੀਅਰ ਅਕਾਲੀ ਆਗੂ ਦੀ ਬਲੀ ਲਈ ਜਾਂਦੀ ਰਹੀ ਹੈ ਅਤੇ ਇਸ ਵਾਰ ਸਾਬਕਾ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਦੀ ਬਲੀ ਲਈ ਜਾ ਰਹੀ ਹੈ।

ਸਿਹਤ ਮੰਤਰੀ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਵਿਕਾਸ, ਲੋਕਪੱਖੀ ਨੀਤੀਆਂ ਤੇ ਸ਼ਹਿਰੀਆਂ ਦੇ ਚਿਰਾਂ ਤੋਂ ਲਟਕਦੇ ਕੰਮਾਂ ਨੂੰ ਹੱਲ ਕਰਵਾਉਣ ਦੇ ਮੁੱਦੇ ਉੱਤੇ ਚੋਣ ਲੜ ਕੇ ਜਿੱਤ ਪ੍ਰਾਪਤ ਕਰੇਗੀ। ਉਨ੍ਹਾਂ ਕਿਹਾ ਕਿ ਉਹ ਨਗਰ ਨਿਗਮ ਦੀਆਂ ਚੋਣਾਂ ਜਿੱਤ ਕੇ ਪਾਰਟੀ ਦੀ ਝੋਲੀ ਵਿਚ ਪਾ ਦੇਣਗੇ ਅਤੇ ਮੇਅਰ ਸਮੇਤ ਸਾਰੇ ਅਹੁਦੇਦਾਰਾਂ ਦਾ ਫੈਸਲਾ ਪਾਰਟੀ ਕਰੇਗੀ।

Leave a Reply

Your email address will not be published. Required fields are marked *