ਹਿਆਣਾਂ ਕਲਾਂ ਦੇ ਟੋਭੇ ਵਿੱਚ ਪਰਵਾਸੀ ਪੰਛੀਆਂ ਨੇ ਲਾਏ ਡੇਰੇ
ਪਟਿਆਲਾ, 27 ਨਵੰਬਰ (ਸ.ਬ.) ਨੇੜਲੇ ਪਿੰਡ ਹਿਆਣਾਂ ਕਲਾਂ ਦੇ ਵੱਡੇ ਟੋਭੇ ਵਿੱਚ ਅੱਜ ਕਲ ਸਾਈਬੇਰੀਆ, ਮੰਗੋਲੀਆ, ਚੀਨ ਦੇ ਉਪਰੀ ਪਹਾੜੀ ਇਲਾਕਿਆਂ ਤੋਂ ਆਏ ਹੋਏ ਪਰਵਾਸੀ ਪੰਛੀਆਂ ਨੇ ਡੇਰੇ ਲਾਏ ਹੋਏ ਹਨ ਅਤੇ ਇਹਨਾਂ ਪੰਛੀਆਂ ਕਾਰਨ ਇਸ ਟੋਭੇ ਦੇ ਆਲੇ ਦੁਆਲੇ ਦਿਨ ਰਾਤ ਰੌਣਕ ਲੱਗੀ ਰਹਿੰਦੀ ਹੈ|
ਇਹਨਾਂ ਪੰਛੀਆਂ ਵਿੱਚ ਵੱਖ ਵੱਖ ਕਿਸਮਾਂ ਦੇ ਪੰਛੀ ਦੇਖਣ ਨੂੰ ਮਿਲ ਰਹੇ ਹਨ, ਜੋ ਕਿ ਹਰ ਸਾਲ ਇਸ ਟੋਭੇ ਉਪਰ ਆ ਕੇ ਡੇਰਾ ਲਗਾਉਂਦੇ ਹਨ ਅਤੇ ਫਿਰ ਫਰਵਰੀ ਦਾ ਮਹੀਨਾ ਖਤਮ ਹੁੰਦੇ ਹੀ ਮੁੜ ਆਪਣੇ ਵਤਨਾਂ ਨੂੰ ਉਡਾਰੀ ਮਾਰ ਜਾਂਦੇ ਹਨ|
ਇਸ ਟੋਭੇ ਦੇ ਉਪਰ ਉਡਾਰੀਆਂ ਮਾਰ ਰਹੇ ਅਤੇ ਪਾਣੀ ਵਿੱਚ ਅਠਖੇਲੀਆਂ ਕਰ ਰਹੇ ਇਹ ਪਰਵਾਸੀ ਪੰਛੀ ਕਾਫੀ ਦਿਲਕਸ਼ ਨਜਾਰਾ ਪੇਸ਼ ਕਰਦੇ ਹਨ| ਪਾਣੀ ਦੀ ਘਾਟ ਕਾਰਨ ਇਸ ਸਾਲ ਇਸ ਟੋਭੇ ਦਾ ਆਕਾਰ ਕੁਝ ਘੱਟ ਗਿਆ ਹੈ, ਜਿਸ ਕਾਰਨ ਪਿਛਲੇ ਸਾਲਾਂ ਨਾਲੋਂ ਇਸ ਵਾਰ ਇਸ ਟੋਭੇ ਵਿੱਚ ਆਉਣ ਵਾਲੇ ਪਰਵਾਸੀ ਪੰਛੀਆਂ ਦੀ ਗਿਣਤੀ ਘੱਟ ਹੈ|