ਹਿਮਾਚਲ ਚੋਣਾਂ: ਕਾਂਗਰਸ ਅਤੇ ਭਾਜਪਾ ਵਿਚਾਲੇ ਸਿਰਧੜ ਦੀ ਬਾਜੀ ਲੱਗੀ

ਐਸ ਏ ਐਸ ਨਗਰ, 7 ਨਵੰਬਰ (ਭਗਵੰਤ ਸਿੰਘ ਬੇਦੀ) ਹਿਮਾਚਲ ਵਿਧਾਨ ਸਭਾ ਚੋਣਾਂ ਲਈ ਅੱਜ ਚੋਣ ਪ੍ਰਚਾਰ ਸਮਾਪਤ ਹੋ ਗਿਆ| ਹਿਮਾਚਲ ਚੋਣਾਂ ਜਿੱਤਣ ਲਈ ਕਾਂਗਰਸ ਅਤੇ ਭਾਜਪਾ ਵੱਲੋਂ ਅੱਡੀ ਚੋਟੀ ਦਾ ਜੋਰ ਲਾਇਆ ਗਿਆ| ਹਿਮਾਚਲ ਚੋਣ ਪ੍ਰਚਾਰ ਦੀ ਕਮਾਨ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਭਾਲੀ ਹੋਈ ਸੀ ਅਤੇ ਉਹਨਾਂ ਨੇ ਇੱਕ ਤੋਂ ਇੱਕ ਬਾਅਦ 5 ਵਾਰ ਹਿਮਾਚਲ ਵਿੱਚ ਚੋਣ ਪ੍ਰਚਾਰ ਕੀਤਾ| ਇਸ ਤੋਂ ਬਿਨਾਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਵੀ ਹਿਮਾਚਲ ਵਿੱਚ ਡੇਰੇ ਲਾਈ ਰੱਖਣ ਦੀ ਹਦਾਇਤ ਕੀਤੀ ਗਈ ਅਤੇ ਅਮਿਤ ਸ਼ਾਹ ਨੇ ਹੀ ਤੈਅ ਕੀਤਾ ਕਿ ਹਿਮਾਚਲ ਵਿੱਚ ਭਾਜਪਾ ਦਾ ਕਿਹੜਾ ਆਗੂ ਕਿੱਥੇ ਕਿੱਥੇ ਪ੍ਰਚਾਰ ਕਰੇਗਾ| ਇਹ ਸ਼ਾਇਦ ਪਹਿਲੀ ਵਾਰ ਹੋਇਆ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵਾਰ ਵਾਰ ਇੱਕ ਛੋਟੇ ਜਿਹੇ ਸੂਬੇ ਵਿੱਚ ਗੇੜੇ ਮਾਰਨੇ ਪਏ ਹਨ| ਨੋਟ ਬੰਦੀ ਅਤੇ ਜੀ ਐਸ ਟੀ ਦੀ ਭਾਰੀ ਅਲੋਚਨਾ ਤੋਂ ਬਾਅਦ ਨਰਿੰਦਰ ਮੋਦੀ ਲਈ ਹਿਮਾਚਲ ਦੀ ਚੋਣ ਜਿੱਤਣਾ ਲਾਜਮੀ ਹੋ ਗਿਆ ਹੈ| ਉਹ ਇਹਨਾਂ ਚੋਣਾਂ ਨੂੰ ਜਿੱਤ ਕੇ ਸਾਬਤ ਕਰਨਾ ਚਾਹੁੰਦੇ ਹਨ ਕਿ ਉਹਨਾਂ ਦਾ ਜਾਦੂ ਅਜੇ ਵੀ ਕਾਇਮ ਹੈ|
ਪਿਛਲੇ ਦਿਨੀਂ ਫਿਲਮ ਸਟਾਰ ਅਤੇ ਭਾਜਪਾ ਦੇ ਐਮ ਪੀ ਸ਼ਤਰੂਘਨ ਸਿਨਹਾ ਵੱਲੋਂ ਦੇਸ਼ ਵਿੱਚ ਇੱਕ ਵਿਅਕਤੀ ਦੀ ਸਰਕਾਰ (ਮੋਦੀ) ਅਤੇ ਦੋ ਬੰਦਿਆਂ ਦੀ ਪਾਰਟੀ (ਮੋਦੀ ਅਤੇ ਅਮਿਤ ਸ਼ਾਹ) ਕਹਿ ਕੇ ਵਾਰ ਕੀਤਾ ਸੀ| ਪ੍ਰਧਾਨ ਮੰਤਰੀ ਮੋਦੀ ਇਹ ਚੋਣਾਂ ਜਿੱਤ ਕੇ ਭਾਜਪਾ ਵਿਚਲੀਆਂ ਵਿਰੋਧੀ ਧਿਰਾਂ ਨੂੰ ਵੀ ਸਬਕ ਸਿਖਾਉਣਾ ਚਾਹੁੰਦੇ ਹਨ|
ਦੂਜੇ ਪਾਸੇ ਕਾਂਗਰਸ ਵੀ ਹਿਮਾਚਲ ਚੋਣਾਂ ਜਿੱਤ ਕੇ ਸਿਆਸੀ ਤੌਰ ਤੇ ਵਾਪਸੀ ਕਰਨਾ ਚਾਹੁੰਦੀ ਹੈ| ਭਾਵੇਂ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਹਿਮਾਚਲ ਵਿੱਚ ਕੁੱਝ ਰੈਲੀਆਂ ਕੀਤੀਆਂ ਹਨ ਪਰ ਕਾਂਗਰਸ ਹਾਈ ਕਮਾਂਡ ਵੱਲੋਂ ਚੋਣਾਂ ਦੀ ਵਾਗਡੋਰ ਦੋ ਰਾਜਿਆਂ ਵੀਰ ਭਦਰ ਸਿੰਘ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਹਵਾਲੇ ਕੀਤੀ ਹੈ| ਕਾਂਗਰਸ ਹਾਈ ਕਮਾਡ ਨੇ ਪਾਰਟੀ ਕਾਡਰ ਵਿੱਚ ਤਾਲਮੇਲ ਬਣਾਈ ਰੱਖਣ ਅਤੇ ਰਣਨੀਤੀ ਘੜਣ ਲਈ ਸੁਸ਼ੀਲ ਕੁਮਾਰ ਸ਼ਿੰਦੇ, ਰਣਜੀਤਾ ਰੰਜਨ ਵਰਗੇ ਇੱਕ ਦਰਜਨ ਦੇ ਕਰੀਬ ਨੇਤਾ ਹਿਮਾਚਲ ਵਿੱਚ ਬਿਠਾਏ ਹੋਏ ਹਨ| ਪੰਜਾਬ ਦੀ ਸਮੁੱਚੀ ਸਰਕਾਰ ਅਤੇ ਕਾਂਗਰਸ ਪਾਰਟੀ ਨੇ ਹਿਮਾਚਲ ਵਿੱਚ ਡੇਰੇ ਜਮਾਏ ਹੋਏ ਹਨ| ਕੈਪਟਨ ਅਮਰਿੰਦਰ ਸਿੰਘ ਤੋਂ ਬਿਨਾਂ ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਾਦਲ ਅਤੇ ਸੁਨੀਲ ਜਾਖੜ ਦੀ ਅਗਵਾਈ ਵਿੱਚ ਕਰੋ ਅਤੇ ਮਰੋ ਦੀ ਲੜਾਈ ਲੜ ਰਹੇ ਹਨ| ਅੱਜ ਸ਼ਾਮ ਤੱਕ ਕਾਂਗਰਸ ਨੇ ਪੂਰੀ ਤਾਕਤ ਝੋਕ ਕੇ ਚੋਣ ਪ੍ਰਚਾਰ ਕੀਤਾ| ਕਾਂਗਰਸ ਜੇਕਰ ਹਿਮਾਚਲ ਚੋਣਾਂ ਵਿੱਚ ਜਿੱਤ ਜਾਂਦੀ ਹੈ ਤਾਂ ਇਸ ਨਾਲ ਕਾਂਗਰਸੀਆਂ ਦਾ ਮਨੋਬਲ              ਵਧੇਗਾ ਅਤੇ ਕਾਂਗਰਸ ਦੀ ਕੇਂਦਰ ਵਿੱਚ ਮੁੜ ਸਤਾ ਵਿੱਚ ਆਉਣ ਦੀਆਂ ਆਸ਼ਾ ਵੀ ਵਧ ਜਾਣਗੀਆਂ| ਦੋਵੇਂ ਹੀ ਧਿਰਾਂ ਭਾਜਪਾ ਅਤੇ ਕਾਂਗਰਸ ਦੀ ਸ਼ਾਖ ਦਾਅ ਤੇ ਹੈ ਕੌਣ ਜਿੱਤੇਗਾ ਇਹ ਪਤਾ ਤਾਂ 18 ਦਸੰਬਰ ਨੂੰ ਲੱਗੇਗਾ ਪਰ ਹਾਰਨ ਵਾਲੀ ਧਿਰ ਲਈ ਇਹ ਵੱਡਾ ਝਟਕਾ ਹੋਵੇਗਾ| ਗੁਜਰਾਤ ਅਤੇ ਹਿਮਾਚਲ ਦੇ ਨਤੀਜੇ 2019 ਦੀਆਂ ਲੋਕ ਸਭਾ ਚੋਣਾਂ ਲਈ ਅਹਿਮ ਭੂਮਿਕਾ ਨਿਭਾਉਣਗੇ|

Leave a Reply

Your email address will not be published. Required fields are marked *