ਹਿਮਾਚਲ ਵਿੱਚ ਸੜਕ ਹਾਦਸੇ ਦੌਰਾਨ 7 ਬਿਹਾਰੀ ਮਜ਼ਦੂਰਾਂ ਦੀ ਮੌਤ


ਮੰਡੀ, 16 ਨਵੰਬਰ (ਸ.ਬ.) ਅੱਜ ਤੜਕੇ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਪੁਲਘਰਾਟ ਖੇਤਰ ਨੇੜੇ ਸੁਕੇਤੀ ਖੱਡ ਦੀ ਜਲ ਧਾਰਾ ਵਿੱਚ ਇਕ ਪਿਕਅੱਪ ਦੇ ਡਿੱਗ ਜਾਣ ਕਾਰਨ 7 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਇਕ ਵਿਅਕਤੀ ਜ਼ਖਮੀ ਹੋ ਗਿਆ| ਹਾਦਸਾ ਤੜਕਸਾਰ 3 ਵਜੇ ਦੇ ਨੇੜੇ-ਤੇੜੇ ਵਾਪਰਿਆ| ਹਾਦਸੇ ਵਿਚ ਮਰਨ ਵਾਲੇ ਸਾਰੇ ਲੋਕ ਬਿਹਾਰ ਤੋਂ ਆਏ ਮਜ਼ਦੂਰ ਦੱਸੇ ਜਾ ਰਹੇ ਹਨ, ਜਿਨ੍ਹਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ|
ਸੂਚਨਾ ਮਿਲਦੇ ਹੀ ਸਦਰ ਥਾਣੇ ਦੇ ਐਸ.ਐਚ.ਓ. ਵਿਨੋਦ ਕੁਮਾਰ ਠਾਕੁਰ ਪੂਰੀ ਟੀਮ ਨਾਲ ਮੌਕੇ ਤੇ ਪੁੱਜੇ ਅਤੇ ਨਦੀ ਵਿਚ ਡਿੱਗੀ ਗੱਡੀ ਵਿਚੋਂ ਲਾਸ਼ਾਂ ਬਾਹਰ ਕੱਢੀਆਂ| ਹਾਦਸੇ ਵਿਚ ਗੱਡੀ ਦਾ ਡਰਾਈਵਰ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਹੈ, ਉਸ ਨੂੰ ਹਸਪਤਾਲ ਵਿੱਚ ਦਾਖਿਲ ਕਰਵਾ ਦਿੱਤਾ ਗਿਆ ਹੈ|
ਵਿਨੋਦ ਕੁਮਾਰ ਨੇ ਦੱਸਿਆ ਕਿ ਇਹ ਮਜ਼ਦੂਰ ਦੇਰ ਰਾਤ ਹੀ ਬੱਸ ਸਟੈਂਡ ਵਿੱਚ ਬਿਹਾਰ ਤੋਂ ਆ ਕੇ ਉਤਰੇ ਸਨ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਲੈਣ ਲਈ ਠੇਕੇਦਾਰ ਦੀ ਗੱਡੀ ਆਈ ਪਰ ਪੁਲਘਰਾਟ ਕੋਲ ਪਿਕਅੱਪ ਬੇਕਾਬੂ ਹੋ ਕੇ ਰੇਲਿੰਗ ਤੋੜਦੇ ਹੋਏ ਪਾਣੀ ਵਿੱਚ ਡਿੱਗ ਗਈ, ਜਿਸ ਕਾਰਨ ਪਿੱਛੇ ਬੈਠੇ ਸਾਰੇ 7 ਵਿਅਕਤੀਆਂ ਦੀ ਮੌਤ ਹੋ ਗਈ| ਸਾਰੀਆਂ ਲਾਸ਼ਾਂ ਨੂੰ ਜ਼ੋਨਲ ਹਸਪਤਾਲ ਵਿੱਚ ਰੱਖਿਆ ਗਿਆ ਹੈ| ਮ੍ਰਿਤਕਾਂ ਦੇ ਪਰਿਵਾਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ|
ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਮਾਚਲ ਪ੍ਰਦੇਸ਼ ਦੇ ਮੰਡੀ ਵਿੱਚ ਵਾਪਰੇ ਸੜਕ ਹਾਦਸੇ ਨੂੰ ਲੈ ਕੇ ਦੁੱਖ ਜਤਾਇਆ ਹੈ| ਉਨ੍ਹਾਂ ਕਿਹਾ ਕਿ ਮੰਡੀ ਵਿੱਚ ਸੜਕ ਹਾਦਸੇ ਦੀ ਖਬਰ ਨਾਲ ਬਹੁਤ ਦੁੱਖ ਹੋਇਆ ਹੈ| ਸਰਕਾਰ ਰਾਹਤ ਅਤੇ ਬਚਾਅ ਕੰਮ ਵਿੱਚ ਜੁੱਟੀ ਹੋਈ ਹੈ| ਇਸ ਹਾਦਸੇ ਵਿਚ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕਰਦਾ ਹੈ ਅਤੇ ਜ਼ਖਮੀਆਂ ਦੇ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹੈ|

Leave a Reply

Your email address will not be published. Required fields are marked *